15.5 C
Vancouver
Sunday, June 14, 2026

‘ਡਾਇਮੰਡ ਕਲਚਰਲ ਕਲੱਬ ਐਬਸਫੋਰਡ’ ਵੱਲੋਂ ਸੱਭਿਆਚਾਰਕ ਮੇਲਾ 23 ਮਈ 2026 ਨੂੰ

ਐਬਸਫੋਰਡ, (ਹਰਦਮ ਮਾਨ): ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਜਿਊਂਦਾ ਰੱਖਣ ਲਈ ਹਮੇਸ਼ਾ ਤਤਪਰ ‘ਡਾਇਮੰਡ ਕਲਚਰਲ ਕਲੱਬ ਐਬਸਫੋਰਡ’ ਵੱਲੋਂ ਇਸ ਸਾਲ ਵੀ ਵੱਡੇ ਪੱਧਰ ‘ਤੇ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਇਹ ਮੇਲਾ 23 ਮਈ 2026 ਨੂੰ ਐਬਟਸਫੋਰਡ ਦੇ ਰੋਟਰੀ ਸਟੇਡੀਅਮ ਵਿਖੇ ਹੋਵੇਗਾ। ਬੀਤੇ ਦਿਨ ਕਲੱਬ ਦੇ ਮੈਂਬਰਾਂ ਨੇ ਇਕੱਤਰ ਹੋ ਕੇ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਅਤੇ ਪ੍ਰਬੰਧਾਂ ਨੂੰ ਲੈ ਕੇ ਅਹਿਮ ਰੂਪ-ਰੇਖਾ ਉਲੀਕੀ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਬੁਲਾਰੇ ਸੋਨੀ ਸਿੱਧੂ ਨੇ ਦੱਸਿਆ ਹੈ ਕਿ ਇਸ ਵਾਰ ਮੇਲੇ ਵਿੱਚ ਪੰਜਾਬੀ ਸੰਗੀਤ ਜਗਤ ਦੇ ਵੱਡੇ ਸਿਤਾਰੇ ਆਪਣੀ ਗਾਇਕੀ ਦਾ ਜਾਦੂ ਬਿਖੇਰਨਗੇ। ਮੁੱਖ ਖਿੱਚ ਦਾ ਕੇਂਦਰ ਸੁਪਰ ਸਟਾਰ ਗਾਇਕ ਆਰ ਨੇਤ, ਸੱਜਣ ਅਦੀਬ, ਹਰਦੇਵ ਮਾਹੀਨੰਗਲ, ਸੁਖਪਾਲ ਔਜਲਾ ਅਤੇ ਗੁਰਤੇਜ ਸਿੱਧੂ ਹੋਣਗੇ। ਇਸ ਦੇ ਨਾਲ ਹੀ ਪੰਜਾਬੀ ਗਾਇਕੀ ਅਤੇ ਗੀਤਕਾਰੀ ਦੇ ‘ਇਨਸਾਇਕਲੋਪੀਡੀਆ’ ਵਜੋਂ ਜਾਣੇ ਜਾਂਦੇ ਅਸ਼ੋਕ ਬਾਂਸਲ ਮਾਨਸਾ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ।
ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ‘ਤੇ ਹਨ। ਇਹ ਵੀ ਕਿਹਾ ਕਿ ਇਹ ਮੇਲਾ ਨਾ ਸਿਰਫ਼ ਮਨੋਰੰਜਨ ਦਾ ਸਾਧਨ ਹੋਵੇਗਾ, ਸਗੋਂ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕਰੇਗਾ। ਕਲੱਬ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਅਤੇ ਸੰਗੀਤ ਪ੍ਰੇਮੀਆਂ ਨੂੰ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।

ਰੁਝਾਨ ਖਬਰਾਂ