12.1 C
Vancouver
Sunday, May 10, 2026

ਕੈਨੇਡਾ ਵਿੱਚ ਨਵੀਂ ਮਰਦਮਸ਼ੁਮਾਰੀ ਦੀ ਸ਼ੁਰੂਆਤ, ਸਰਕਾਰ ਨੇ ਲੋਕਾਂ ਨੂੰ ਫਾਰਮ ਭਰਨ ਦੀ ਕੀਤੀ ਅਪੀਲ

ਸਰੀ, (ਏਕਜੋਤਸਿੰਘ): ਕੈਨੇਡਾ ਵਿੱਚ ਨਵੀਂ ਮਰਦਮਸ਼ੁਮਾਰੀ ਦੀ ਸ਼ੁਰੂਆਤ ਹੋ ਗਈ ਹੈ, ਜਿਸ ਦਾ ਮੁੱਖ ਮਕਸਦ ਦੇਸ਼ ਅਤੇ ਇੱਥੋਂ ਦੇ ਵਸਨੀਕਾਂ ਬਾਰੇ ਅਪਡੇਟ ਕੀਤੀ ਜਾਣਕਾਰੀ ਇਕੱਠੀ ਕਰਨਾ ਹੈ। ਕਾਨੂੰਨ ਅਨੁਸਾਰ ਇਹ ਪ੍ਰਕਿਰਿਆ ਹਰ 5 ਸਾਲ ਬਾਅਦ ਕਰਵਾਈ ਜਾਂਦੀ ਹੈ ਅਤੇ ਇਸ ਵਾਰ ਇਹ 4 ਮਈ ਤੋਂ ਸ਼ੁਰੂ ਹੋ ਚੁੱਕੀ ਹੈ। ਦੇਸ਼ ਭਰ ਵਿੱਚ ਲੋਕਾਂ ਨੂੰ ਡਾਕ ਰਾਹੀਂ ਚਿੱਠੀਆਂ ਮਿਲ ਰਹੀਆਂ ਹਨ, ਜਿਨ੍ਹਾਂ ਵਿੱਚ ਮਰਦਮਸ਼ੁਮਾਰੀ ਦੇ ਫਾਰਮ ਭਰਨ ਸਬੰਧੀ ਵਿਸਥਾਰਪੂਰਵਕ ਹਦਾਇਤਾਂ ਦਿੱਤੀਆਂ ਗਈਆਂ ਹਨ। ਮੁੱਖ ਅੰਕੜਾ ਵਿਗਿਆਨੀ ਆਂਡਰੇ ਲੌਰਾਨਜੇ ਨੇ ਇਸ ਸਬੰਧੀ ਇੱਕ ਨਿਊਜ਼ ਰਿਲੀਜ਼ ਜਾਰੀ ਕਰਦਿਆਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪ੍ਰਸ਼ਾਨਵਲੀ ਨੂੰ ਜ਼ਰੂਰ ਭਰਨ ਤਾਂ ਜੋ ਦੇਸ਼ ਵਿੱਚ ਹੋ ਰਹੇ ਬਦਲਾਅ ਨੂੰ ਸਹੀ ਢੰਗ ਨਾਲ ਸਮਝਿਆ ਜਾ ਸਕੇ। ਵੈਸਟਰਨ ਯੂਨੀਵਰਸਿਟੀ ਵਿਖੇ ਸਟੈਟਿਸਟਿਕਸ ਕੈਨੇਡਾ ਰਿਸਚਰਚ ਡਾਟਾ ਸੈਂਟਰ ਦੇ ਡਾਇਰੈਕਟਰ ਮਾਈਕਲ ਹੈਨ ਅਨੁਸਾਰ ਇਹ ਜਾਣਕਾਰੀ ਸਰਕਾਰੀ ਨੀਤੀਆਂ ਦੀ ਬੁਨਿਆਦ ਹੁੰਦੀ ਹੈ। ਉਨ੍ਹਾਂ ਨੇ ਇੱਕ ਪ੍ਰੋਗਰਾਮ ਦੌਰਾਨ ਦੱਸਿਆ ਕਿ ਇਹ ਅੰਕੜੇ ਹੀ ਤੈਅ ਕਰਦੇ ਹਨ ਕਿ ਨਵੇਂ ਹਸਪਤਾਲ ਅਤੇ ਸਕੂਲ ਕਿੱਥੇ ਬਣਾਏ ਜਾਣੇ ਹਨ ਅਤੇ ਉਨ੍ਹਾਂ ਦਾ ਆਕਾਰ ਕੀ ਹੋਵੇਗਾ। ਇੱਥੋਂ ਤੱਕ ਕਿ ਸੜਕਾਂ ਦੀ ਚੌੜਾਈ ਅਤੇ ਹੋਰ ਜਨਤਕ ਸਹੂਲਤਾਂ ਬਾਰੇ ਫੈਸਲੇ ਵੀ ਇਸੇ ਜਾਣਕਾਰੀ ਦੇ ਆਧਾਰ ‘ਤੇ ਲਏ ਜਾਂਦੇ ਹਨ। ਸਾਲ 2021 ਦੀ ਮਰਦਮਸ਼ੁਮਾਰੀ ਕੋਵਿਡ-19 ਮਹਾਂਮਾਰੀ ਦੌਰਾਨ ਹੋਈ ਸੀ, ਜਿਸ ਕਾਰਨ ਲੋਕਾਂ ਦੇ ਰਹਿਣ-ਸਹਿਣ ਅਤੇ ਕੰਮ ਕਰਨ ਦੇ ਤਰੀਕਿਆਂ ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਸਨ ਅਤੇ ਹੁਣ ਨਵੀਂ ਜਾਣਕਾਰੀ ਇਨ੍ਹਾਂ ਬਦਲਾਵਾਂ ਨੂੰ ਅਪਡੇਟ ਕਰੇਗੀ। ਇਸ ਪ੍ਰਕਿਰਿਆ ਦੇ ਨਾਲ-ਨਾਲ ਖੇਤੀਬਾੜੀ ਨਾਲ ਜੁੜੀ ਇੱਕ ਵੱਖਰੀ ਮਰਦਮਸ਼ੁਮਾਰੀ ਵੀ ਕੀਤੀ ਜਾ ਰਹੀ ਹੈ, ਜੋ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਕਿਸਾਨਾਂ ਅਤੇ ਫਾਰਮਾਂ ਨੂੰ ਭੇਜੀ ਗਈ ਹੈ। ਆਂਡਰੇ ਲੌਰੈਂਜੇ ਮੁਤਾਬਕ ਇਸ ਰਾਹੀਂ ਖੇਤੀਬਾੜੀ ਖੇਤਰ ਦੇ ਆਰਥਿਕ, ਸਮਾਜਿਕ ਅਤੇ ਵਾਤਾਵਰਣੀ ਪੱਖਾਂ ਬਾਰੇ ਅਹਿਮ ਅੰਕੜੇ ਪ੍ਰਾਪਤ ਹੋਣਗੇ। ਇਹ ਜਾਣਕਾਰੀ ਭਵਿੱਖ ਵਿੱਚ ਖੇਤੀਬਾੜੀ ਨਾਲ ਸਬੰਧਤ ਯੋਜਨਾਵਾਂ ਬਣਾਉਣ ਵਿੱਚ ਸਹਾਈ ਹੋਵੇਗੀ। ਸਰਕਾਰ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਵੀ ਲੋਕ ਪੂਰੀ ਜ਼ਿੰਮੇਵਾਰੀ ਨਾਲ ਆਪਣੇ ਫਾਰਮ ਭਰਨਗੇ ਤਾਂ ਜੋ ਦੇਸ਼ ਦੀ ਤਰੱਕੀ ਲਈ ਸਹੀ ਫੈਸਲੇ ਲਏ ਜਾ ਸਕਣ।

ਰੁਝਾਨ ਖਬਰਾਂ