12.7 C
Vancouver
Wednesday, May 13, 2026

ਸਰੀ ਵਿੱਚ ਮੁਫ਼ਤ ਕੂੜਾ ਡਰੌਪ ਆਫ਼ ਪ੍ਰੋਗਰਾਮ ਮੁੜ ਸ਼ੁਰੂ

ਸਰੀ, (ਏਕਜੋਤਸਿੰਘ): ਸਿਟੀ ਆਫ਼ ਸਰੀ ਵੱਲੋਂ ਮੌਸਮੀ ਸਫ਼ਾਈ ਕਾਰਜਾਂ ਨੂੰ ਸਮਰਥਨ ਦੇਣ ਦੇ ਮਕਸਦ ਨਾਲ ਆਪਣਾ ਮੁਫ਼ਤ ਕੂੜਾ ਡਰੌਪ ਆਫ਼ ਪ੍ਰੋਗਰਾਮ ਮੁੜ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਸ਼ਹਿਰ ਦੇ ਨਿਵਾਸੀਆਂ ਨੂੰ ਆਉਣ ਵਾਲੇ ਪੰਜ ਮਹੀਨਿਆਂ ਦੌਰਾਨ ਬਿਨਾਂ ਕਿਸੇ ਵਾਧੂ ਖ਼ਰਚੇ ਦੇ ਆਪਣੀਆਂ ਅਣਚਾਹੀਆਂ ਅਤੇ ਫਾਲਤੂ ਚੀਜ਼ਾਂ ਦਾ ਨਿਪਟਾਰਾ ਕਰਨ ਦਾ ਸੁਨਹਿਰੀ ਮੌਕਾ ਮਿਲੇਗਾ। ਇਹ ਸਹੂਲਤ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਮੁਹਿੰਮ ਦਾ ਇੱਕ ਅਹਿਮ ਹਿੱਸਾ ਹੈ।
ਇਹ ਮੁਫ਼ਤ ਪ੍ਰੋਗਰਾਮ 4 ਮਈ ਤੋਂ ਸ਼ੁਰੂ ਹੋ ਕੇ 30 ਸਤੰਬਰ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਹਰ ਘਰ ਪਰਿਵਾਰ ਸੈਂਟਰਲ ਸਰੀ ਅਤੇ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰਾਂ ਵਿਖੇ 100 ਕਿਲੋਗ੍ਰਾਮ ਤੱਕ ਦਾ ਕੂੜਾ ਬਿਲਕੁਲ ਮੁਫ਼ਤ ਸੁੱਟ ਸਕਦਾ ਹੈ। ਸ਼ਹਿਰ ਦੇ ਹਰ ਪਰਿਵਾਰ ਨੂੰ ਇਸ ਪ੍ਰੋਗਰਾਮ ਤਹਿਤ ਸਿਰਫ਼ ਇੱਕ ਵਾਰ ਮੁਫ਼ਤ ਦੌਰੇ ਦੀ ਇਜਾਜ਼ਤ ਹੋਵੇਗੀ। ਇਸ ਦੌਰੇ ਵਿੱਚ ਲੋਕ ਚਾਰ ਗੱਦਿਆਂ ਤੱਕ ਵਰਗੀਆਂ ਵੱਡੀਆਂ ਵਸਤਾਂ ਦਾ ਨਿਪਟਾਰਾ ਵੀ ਆਸਾਨੀ ਨਾਲ ਕਰ ਸਕਦੇ ਹਨ। ਸਰੀ ਦੀ ਮੇਅਰ ਬਰੈਂਡਾ ਲੌਕ ਨੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਮੁਫ਼ਤ ਪ੍ਰੋਗਰਾਮ ਨਾਲ ਵਸਨੀਕਾਂ ਕੋਲ ਗ਼ੈਰ ਲੋੜੀਂਦੀਆਂ ਚੀਜ਼ਾਂ ਦਾ ਬਿਨਾਂ ਕਿਸੇ ਖ਼ਰਚੇ ਦੇ ਸਹੀ ਢੰਗ ਨਾਲ ਨਿਪਟਾਰਾ ਕਰਨ ਦਾ ਇੱਕ ਵਧੀਆ ਤਰੀਕਾ ਮੌਜੂਦ ਹੈ। ਉਹਨਾਂ ਸਪੱਸ਼ਟ ਕੀਤਾ ਕਿ ਹੁਣ ਗੈਰ ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਦਾ ਕੋਈ ਵੀ ਬਹਾਨਾ ਨਹੀਂ ਚੱਲੇਗਾ। ਉਹਨਾਂ ਕਿਹਾ ਕਿ ਸਰੀ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਹਰ ਕੋਈ ਆਪਣਾ ਫ਼ਰਜ਼ ਪੂਰੀ ਇਮਾਨਦਾਰੀ ਨਾਲ ਨਿਭਾਏਗਾ।
ਇਹ ਮੁਫ਼ਤ ਡਰੌਪ ਆਫ਼ ਸਹੂਲਤ ਦੋ ਮੁੱਖ ਥਾਵਾਂ ਉੱਤੇ ਉਪਲਬਧ ਕਰਵਾਈ ਗਈ ਹੈ। ਪਹਿਲਾ ਸੈਂਟਰਲ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰ ਜੋ ਕਿ 6711 154 ਸਟਰੀਟ ਵਿਖੇ ਸਥਿਤ ਹੈ। ਦੂਜਾ ਨੌਰਥ ਸਰੀ ਰੀਸਾਈਕਲਿੰਗ ਅਤੇ ਵੈਸਟ ਸੈਂਟਰ ਜੋ ਕਿ 9770 192 ਸਟਰੀਟ ਵਿਖੇ ਸਥਿਤ ਹੈ। ਇਸ ਸਹੂਲਤ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਜੇਕਰ ਕੂੜੇ ਦਾ ਭਾਰ 100 ਕਿਲੋਗ੍ਰਾਮ ਤੋਂ ਵੱਧ ਹੁੰਦਾ ਹੈ ਤਾਂ ਉਸ ਉੱਤੇ ਨਿਯਮਿਤ ਫ਼ੀਸ ਲਾਗੂ ਹੋਵੇਗੀ। ਕੂੜਾ ਸੁੱਟਣ ਆਉਣ ਵਾਲੇ ਵਿਅਕਤੀ ਕੋਲ ਸਰੀ ਦਾ ਵਸਨੀਕ ਹੋਣ ਦਾ ਸਬੂਤ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਵਪਾਰਕ ਜਾਂ ਕਾਰੋਬਾਰੀ ਵਾਹਨਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਨਜ਼ੂਰਸ਼ੁਦਾ ਰੀਸਾਈਕਲ ਹੋਣ ਵਾਲਾ ਸਮਾਨ ਜਿਵੇਂ ਕਿ ਇਲੈਕਟ੍ਰਾਨਿਕਸ ਧਾਤਾਂ ਉਪਕਰਨ ਕਿਤਾਬਾਂ ਅਤੇ ਕੱਪੜਿਆਂ ਨੂੰ ਕਿਸੇ ਵੀ ਸਮੇਂ ਬਿਨਾਂ ਕਿਸੇ ਫ਼ੀਸ ਤੋਂ ਛੱਡਿਆ ਜਾ ਸਕਦਾ ਹੈ ਕਿਉਂਕਿ ਰੀਸਾਈਕਲਿੰਗ ਅਤੇ ਵੈਸਟ ਸੈਂਟਰ ਸਾਲ ਭਰ ਖੁੱਲ੍ਹੇ ਰਹਿੰਦੇ ਹਨ। ਇਸ ਦੇ ਨਾਲ ਹੀ ਸ਼ਹਿਰ ਵੱਲੋਂ ਲਾਰਜ ਆਈਟਮ ਪਿਕਅੱਪ ਪ੍ਰੋਗਰਾਮ ਅਧੀਨ ਫ਼ਰਨੀਚਰ ਅਤੇ ਗੱਦੇ ਵਰਗੀਆਂ ਵੱਡੀਆਂ ਵਸਤੂਆਂ ਲਈ ਲੋਕਾਂ ਦੇ ਘਰਾਂ ਤੋਂ ਮੁਫ਼ਤ ਕਰਬਸਾਈਡ ਪਿਕਅੱਪ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ। ਲੋਕ ਆਨਲਾਈਨ ਬੁਕਿੰਗ ਲਈ ਸਰੀ ਸ਼ਹਿਰ ਦੀ ਵੈੱਬਸਾਈਟ ਉੱਤੇ ਜਾ ਸਕਦੇ ਹਨ ਜਾਂ 604 590 7289 ਉੱਤੇ ਫ਼ੋਨ ਕਰਕੇ 3 ਦਬਾ ਸਕਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ