14.9 C
Vancouver
Saturday, May 30, 2026

ਵਿਕਟੋਰੀਆ ਹਸਪਤਾਲ ਫਾਊਂਡੇਸ਼ਨ ਦੇ ਗਾਲਾ ਸਮਾਗਮ ਵਿੱਚ 1.43 ਮਿਲੀਅਨ ਡਾਲਰ ਹੋਏ ਇਕੱਠੇ

ਸਰੀ, (ਏਕਜੋਤ ਸਿੰਘ): ਵਿਕਟੋਰੀਆ ਹਸਪਤਾਲ ਫਾਊਂਡੇਸ਼ਨ ਦੇ ਸਮਰਥਨ ਵਿੱਚ ਸ਼ਹਿਰ ਦੇ 250 ਅਹਿਮ ਆਗੂਆਂ ਨੇ ਰਾਇਲ ਰੋਡਜ਼ ਯੂਨੀਵਰਸਿਟੀ ਵਿਖੇ ਆਯੋਜਿਤ ਪੰਜਵੇਂ ਸਾਲਾਨਾ ਮਿਰੇਕਲ ਗਾਲਾ ਵਿੱਚ ਸ਼ਿਰਕਤ ਕੀਤੀ। ਇਸ ਸ਼ਾਨਦਾਰ ਸਮਾਗਮ ਦੌਰਾਨ ਫਾਊਂਡੇਸ਼ਨ ਦੀ ‘ਇਟਸ ਟਾਈਮ’ ਮੁਹਿੰਮ ਲਈ 1.43 ਮਿਲੀਅਨ ਡਾਲਰ ਦੀ ਭਾਰੀ ਰਕਮ ਇਕੱਠੀ ਕੀਤੀ ਗਈ ਹੈ। ਇਹ ਫੰਡ ਕੈਂਸਰ ਦੇ ਇਲਾਜ ਲਈ 60 ਵਿਸ਼ੇਸ਼ ਸਰਜੀਕਲ ਓਨਕੋਲੋਜੀ ਉਪਕਰਨਾਂ ਦੀ ਖਰੀਦ ਲਈ ਵਰਤਿਆ ਜਾਵੇਗਾ। ਸਥਾਨਕ ਸਰਜਨਾਂ ਵੱਲੋਂ ਇਨ੍ਹਾਂ ਉਪਕਰਨਾਂ ਨੂੰ ਵੈਨਕੂਵਰ ਆਈਲੈਂਡ ‘ਤੇ ਕੈਂਸਰ ਕੇਅਰ ਦੀ ਉੱਨਤੀ ਲਈ ਬਹੁਤ ਜ਼ਰੂਰੀ ਦੱਸਿਆ ਗਿਆ ਹੈ। ਵਿਕਟੋਰੀਆ ਹਸਪਤਾਲ ਫਾਊਂਡੇਸ਼ਨ ਦੇ ਸੀਈਓ ਐਵਰੀ ਬ੍ਰੋਹਮੈਨ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਦੱਸਿਆ ਕਿ ਇਹ ਮੁਹਿੰਮ ਸਥਾਨਕ ਸਰਜਨਾਂ ਅਤੇ ਦੇਖਭਾਲ ਟੀਮਾਂ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਆਗੂ ਨਾ ਸਿਰਫ ਵੈਨਕੂਵਰ ਆਈਲੈਂਡ ‘ਤੇ ਮੈਡੀਕਲ ਦੇ ਭਵਿੱਖ ਨੂੰ ਬਿਹਤਰ ਬਣਾ ਰਹੇ ਹਨ ਬਲਕਿ ਪੂਰੇ ਦੇਸ਼ ਵਿੱਚ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਤਰੀਕੇ ਨੂੰ ਵੀ ਪ੍ਰਭਾਵਿਤ ਕਰ ਰਹੇ ਹਨ। ਕੋਲੋਰੈਕਟਲ ਸਰਜਨ ਡਾਕਟਰ ਸੇਪੇਹਰ ਖੁਰਾਸਾਨੀ ਨੇ 23 ਮਈ ਨੂੰ ਹੋਏ ਇਸ ਸਮਾਗਮ ਵਿੱਚ ਦੱਸਿਆ ਕਿ ਆਉਣ ਵਾਲੇ ਦਹਾਕੇ ਦੌਰਾਨ ਬ੍ਰਿਟਿਸ਼ ਕੋਲੰਬੀਆ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ ਲਗਭਗ 40 ਫੀਸਦੀ ਤੱਕ ਦਾ ਵਾਧਾ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ ਗਾਲਾ ਅਤੇ ਮੁਹਿੰਮ ਰਾਹੀਂ ਫੰਡ ਕੀਤੇ ਗਏ ਆਧੁਨਿਕ ਉਪਕਰਨ ਸਰਜੀਕਲ ਸੰਭਾਵਨਾਵਾਂ ਦਾ ਵਿਸਤਾਰ ਕਰਨਗੇ ਅਤੇ ਮਰੀਜ਼ਾਂ ਲਈ ਬਿਹਤਰ ਨਤੀਜੇ ਸਾਹਮਣੇ ਲਿਆਉਣਗੇ। ਡਾਕਟਰ ਖੁਰਾਸਾਨੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਸਭ ਤੋਂ ਬਿਹਤਰੀਨ ਕੋਲੋਰੈਕਟਲ ਸਰਜਰੀ ਪ੍ਰੋਗਰਾਮਾਂ ਵਿੱਚੋਂ ਇੱਕ ਦਾ ਨਿਰਮਾਣ ਕਰ ਰਹੇ ਹਾਂ। ਗਾਇਨੀਕੋਲੋਜਿਕ ਓਨਕੋਲੋਜਿਸਟ ਡਾਕਟਰ ਮੋਨਾ ਮਜ਼ਗਾਨੀ ਨੇ ਇਸ ਗਾਲਾ ਦੇ ਪ੍ਰਭਾਵ ਨੂੰ ਸਵੀਕਾਰਦਿਆਂ ਦੱਸਿਆ ਕਿ ਪਿਛਲੇ ਸਾਲ ਦੇ ਗਾਲਾ ਰਾਹੀਂ ਸੰਭਵ ਹੋਏ ਦੂਜੇ ਆਪਰੇਟਿੰਗ ਰੂਮ ਦੇ ਲੈਸ ਹੋਣ ਤੋਂ ਬਾਅਦ ਪਹਿਲਾਂ ਹੀ 233 ਹੋਰ ਔਰਤਾਂ ਦੀ ਸਰਜਰੀ ਕੀਤੀ ਜਾ ਚੁੱਕੀ ਹੈ। ਗਾਲਾ ਕਮੇਟੀ ਦੀ ਚੇਅਰ ਐਮੀ ਰੈਟਕਲਿਫ ਨੇ ਕਿਹਾ ਕਿ ਅੱਜ ਰਾਤ ਅਸੀਂ ਜੋ ਰਕਮ ਇਕੱਠੀ ਕੀਤੀ ਹੈ ਉਹ ਸਿਰਫ ਇੱਕ ਸੰਖਿਆ ਨਹੀਂ ਹੈ ਬਲਕਿ ਇਹ ਓਨਕੋਲੋਜੀ ਉਪਕਰਨ ਦਾ ਇੱਕ ਹਿੱਸਾ ਹੈ ਜੋ ਕੈਂਸਰ ਨੂੰ ਜਲਦੀ ਫੜਨ ਵਿੱਚ ਮਦਦ ਕਰੇਗਾ। ਇਸ ਗਾਲਾ ਤੋਂ ਬਾਅਦ ਮੁਹਿੰਮ ਦਾ ਦੂਜਾ ਪੜਾਅ ਜਿਸ ਦਾ ਨਾਮ ‘ਇਟਸ ਟਾਈਮ ਫਾਰ ਸਰਜੀਕਲ ਐਵੋਲੂਸ਼ਨ’ ਹੈ ਆਪਣੇ 21 ਮਿਲੀਅਨ ਡਾਲਰ ਦੇ ਟੀਚੇ ਵਿੱਚੋਂ 19.5 ਮਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਫਾਊਂਡੇਸ਼ਨ ਦਾ ਕਹਿਣਾ ਹੈ ਕਿ ਤਿੰਨ ਰੋਬੋਟਿਕ ਸਰਜੀਕਲ ਸੂਟ ਅਤੇ 100 ਤੋਂ ਵੱਧ ਆਧੁਨਿਕ ਉਪਕਰਨਾਂ ਦੇ ਨਾਲ ਇਹ ਮੁਹਿੰਮ ਖੇਤਰ ਦੇ ਇਤਿਹਾਸ ਵਿੱਚ ਸਰਜੀਕਲ ਦੇਖਭਾਲ ਦਾ ਸਭ ਤੋਂ ਅਹਿਮ ਬਦਲਾਅ ਸਾਬਤ ਹੋਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ