ਸਰੀ, (ਏਕਜੋਤ ਸਿੰਘ): ਅਮਰੀਕਾ ਦੀ 1 ਅਦਾਲਤ ਨੇ ਟੋਰੌਂਟੋ ਦੇ ਰਹਿਣ ਵਾਲੇ 40 ਸਾਲਾ ਰਮਾਨਨ ਪਥਮਨਾਥਨ ਨੂੰ ਬੱਚਿਆਂ ਨਾਲ ਔਨਲਾਈਨ ਜਿਣਸੀ ਸ਼ੋਸ਼ਣ ਅਤੇ ਸੈਕਸਟੋਰਸ਼ਨ ਦੇ ਮਾਮਲੇ ਵਿੱਚ 33 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਦੋਸ਼ੀ ਕਈ ਸਾਲਾਂ ਤੱਕ ਇੰਟਰਨੈੱਟ ਰਾਹੀਂ 145 ਤੋਂ ਵੱਧ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਰਿਹਾ ਜਿਨ੍ਹਾਂ ਵਿੱਚ 6 ਸਾਲ ਤੱਕ ਦੇ ਮਾਸੂਮ ਬੱਚੇ ਵੀ ਸ਼ਾਮਲ ਸਨ। ਜਾਂਚਕਰਤਾਵਾਂ ਨੇ ਦੱਸਿਆ ਕਿ ਪਥਮਨਾਥਨ 7 ਸਾਲ ਤੱਕ ਆਪਣੇ ਆਪ ਨੂੰ ਨਿਊ ਜਰਸੀ ਦਾ 1 ਨੌਜਵਾਨ ਦੱਸ ਕੇ ਇੰਸਟਾਗ੍ਰਾਮ ਅਤੇ ਫੇਸਬੁੱਕ ਰਾਹੀਂ ਬੱਚਿਆਂ ਨਾਲ ਸੰਪਰਕ ਕਰਦਾ ਸੀ। ਜਾਣ ਪਛਾਣ ਬਣਨ ਤੋਂ ਬਾਅਦ ਉਹ ਬੱਚਿਆਂ ਨੂੰ ਵੀਡੀਓ ਚੈਟ ਦੌਰਾਨ ਅਸ਼ਲੀਲ ਹਰਕਤਾਂ ਕਰਨ ਲਈ ਮਜਬੂਰ ਕਰਦਾ ਸੀ। ਉਹ ਇਨ੍ਹਾਂ ਵੀਡੀਓਜ਼ ਨੂੰ ਰਿਕਾਰਡ ਕਰਕੇ ਰੱਖਦਾ ਸੀ ਅਤੇ ਬੱਚਿਆਂ ਵੱਲੋਂ ਇਨਕਾਰ ਕਰਨ ‘ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀਡੀਓ ਭੇਜਣ ਦੀ ਧਮਕੀ ਦਿੰਦਾ ਸੀ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ 1 ਪੀੜਤ ਬੱਚੇ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਆਈਪੀ ਐਡਰੈੱਸ ਰਾਹੀਂ ਟੋਰੌਂਟੋ ਸਥਿਤ ਉਸ ਦੇ ਘਰ ਦਾ ਪਤਾ ਲਗਾਇਆ। ਕੈਨੇਡੀਅਨ ਅਧਿਕਾਰੀਆਂ ਨੇ ਮਾਰਚ 2021 ਵਿੱਚ ਉਸ ਦੇ ਘਰ ਦੀ ਤਲਾਸ਼ੀ ਲਈ ਸੀ। ਅਮਰੀਕੀ ਅਟਾਰਨੀ ਜੀਨਾਈਨ ਫੈਰਿਸ ਪਿਰੋ ਨੇ ਇਨ੍ਹਾਂ ਅਪਰਾਧਾਂ ਨੂੰ ਬੇਹੱਦ ਗੰਭੀਰ ਦੱਸਿਆ ਹੈ। This report was written by Ekjot Singh as part of the Local Journalism Initiative.
ਪਥਮਨਾਥਨ ਨੇ ਜਨਵਰੀ ਵਿੱਚ ਚਾਈਲਡ ਪੋਰਨੋਗਰਾਫ਼ੀ ਅਤੇ ਨਾਬਾਲਗਾਂ ਨੂੰ ਬਹਿਕਾਉਣ ਦੇ ਦੋਸ਼ ਕਬੂਲ ਕਰ ਲਏ ਸਨ। ਉਸ ਨੂੰ ਪਹਿਲਾਂ 2022 ਵਿੱਚ ਕੈਨੇਡਾ ਵਿੱਚ ਵੀ ਅਜਿਹੇ ਹੀ ਜੁਰਮਾਂ ਲਈ 12 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ। ਅਮਰੀਕਾ ਵੱਲੋਂ ਸੁਣਾਈ ਗਈ 33 ਸਾਲ ਦੀ ਸਜ਼ਾ ਕੈਨੇਡਾ ਵਾਲੀ ਸਜ਼ਾ ਪੂਰੀ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਰਿਹਾਈ ਤੋਂ ਬਾਅਦ ਵੀ ਉਹ 10 ਸਾਲ ਨਿਗਰਾਨੀ ਹੇਠ ਰਹੇਗਾ।
ਔਨਲਾਈਨ ਸ਼ਿਕਾਰ ਬਣਾਉਣ ਵਾਲੇ ਭਾਰਤੀ ਰਾਮਾਨਨ ਪਥਮਨਾਥਨ ਨੂੰ 33 ਸਾਲ ਦੀ ਕੈਦ

