ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਹੰਟਾਵਾਇਰਸ ਦੇ ਨਵੇਂ ਮਾਮਲਿਆਂ ਅਤੇ ਇਸ ਸਬੰਧੀ ਫੈਲੀ ਚਿੰਤਾ ਬਾਰੇ ਸੋਮਵਾਰ ਨੂੰ ਇੱਕ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਤੋਂ ਬਾਅਦ ਕਿਸੇ ਨਵੇਂ ਵਾਇਰਸ ਦੀ ਖ਼ਬਰ ਸੁਣ ਕੇ ਪ੍ਰੇਸ਼ਾਨ ਹੋਣਾ ਸੁਭਾਵਿਕ ਹੈ ਪਰ ਲੋਕਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕਿ ਹੰਟਾਵਾਇਰਸ ਇੱਕ ਬਿਲਕੁਲ ਵੱਖਰੀ ਕਿਸਮ ਦਾ ਵਾਇਰਸ ਹੈ। ਐਤਵਾਰ ਨੂੰ ਐਮ.ਵੀ. ਹੌਂਡੀਅਸ ਕਰੂਜ਼ ਜਹਾਜ਼ ਤੋਂ 4 ਕੈਨੇਡੀਅਨ ਨਾਗਰਿਕ ਬੀ.ਸੀ. ਪਹੁੰਚੇ ਹਨ ਜਿਨ੍ਹਾਂ ਵਿੱਚੋਂ 2 ਯੂਕੋਨ ਦੇ ਹਨ, 1 ਬੀ.ਸੀ. ਦਾ ਵਸਨੀਕ ਹੈ ਅਤੇ 1 ਵਿਦੇਸ਼ ਵਿੱਚ ਰਹਿੰਦਾ ਹੈ। ਮਈ ਦੇ ਸ਼ੁਰੂ ਵਿੱਚ ਇਸ ਜਹਾਜ਼ ਉੱਤੇ ਹੰਟਾਵਾਇਰਸ ਦੇ ਮਾਮਲੇ ਸਾਹਮਣੇ ਆਏ ਸਨ। ਜਦੋਂ ਇਹ ਘਟਨਾ ਵਾਪਰੀ ਸੀ ਤਾਂ ਉਸ ਸਮੇਂ ਜਹਾਜ਼ ਵਿੱਚ ਕੁੱਲ 147 ਮੁਸਾਫ਼ਰ ਅਤੇ ਅਮਲਾ ਮੌਜੂਦ ਸੀ।
ਇਸ ਵਾਇਰਸ ਕਾਰਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਡਾ. ਹੈਨਰੀ ਅਨੁਸਾਰ 9 ਲੋਕਾਂ ਦੇ ਟੈਸਟ ਪਾਜ਼ੀਟਿਵ ਆਏ ਹਨ। ਮੌਜੂਦਾ ਸਮੇਂ ਵਿੱਚ ਫਰਾਂਸ, ਨੀਦਰਲੈਂਡ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ਾਂ ਵਿੱਚ ਕਈ ਲੋਕ ਹਸਪਤਾਲ ਵਿੱਚ ਦਾਖ਼ਲ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਹੰਟਾਵਾਇਰਸ ਚੂਹਿਆਂ ਰਾਹੀਂ ਫੈਲਣ ਵਾਲੀ ਬਿਮਾਰੀ ਹੈ। ਇਨਸਾਨਾਂ ਵਿੱਚ ਇਹ ਸੰਕਰਮਣ ਚੂਹਿਆਂ ਦੇ ਪਿਸ਼ਾਬ, ਮਲ ਜਾਂ ਲਾਰ ਦੇ ਸਿੱਧੇ ਸੰਪਰਕ ਵਿੱਚ ਆਉਣ ਨਾਲ ਹੁੰਦਾ ਹੈ। ਕਰੋਨਾ ਜਾਂ ਇਨਫਲੂਐਂਜ਼ਾ ਵਰਗੀਆਂ ਬਿਮਾਰੀਆਂ ਦੇ ਉਲਟ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ ਅਤੇ ਇਨਸਾਨ ਤੋਂ ਇਨਸਾਨ ਵਿੱਚ ਇਸ ਦਾ ਸੰਚਾਰ ਬਹੁਤ ਹੀ ਦੁਰਲੱਭ ਮਾਮਲਿਆਂ ਵਿੱਚ ਦੇਖਿਆ ਜਾਂਦਾ ਹੈ। ਡਾ. ਹੈਨਰੀ ਨੇ ਸਪੱਸ਼ਟ ਕੀਤਾ ਕਿ ਇਸ ਵਾਇਰਸ ਦੇ ਵਿਸ਼ਾਲ ਰੂਪ ਧਾਰਨ ਕਰਨ ਜਾਂ ਮਹਾਂਮਾਰੀ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਇਹ ਇੱਕ ਗੰਭੀਰ ਬਿਮਾਰੀ ਹੈ ਜਿਸ ਦਾ ਤੁਰੰਤ ਇਲਾਜ ਜ਼ਰੂਰੀ ਹੈ।
ਸਿਹਤ ਮਾਹਿਰਾਂ ਅਨੁਸਾਰ ਹੰਟਾਵਾਇਰਸ ਫੇਫੜਿਆਂ ਦੇ ਡੂੰਘੇ ਹਿੱਸਿਆਂ ਵਿੱਚ ਇਨਫੈਕਸ਼ਨ ਪੈਦਾ ਕਰਦਾ ਹੈ ਅਤੇ ਕਈ ਮਾਮਲਿਆਂ ਵਿੱਚ ਗੁਰਦੇ ਵੀ ਫੇਲ੍ਹ ਕਰ ਸਕਦਾ ਹੈ। ਕਰੋਨਾ ਦੇ ਲੱਛਣ ਜਿਵੇਂ ਕਿ ਗਲੇ ਵਿੱਚ ਖ਼ਰਾਸ਼ ਜਾਂ ਨੱਕ ਵਗਣਾ ਇਸ ਵਿੱਚ ਘੱਟ ਹੀ ਦੇਖੇ ਜਾਂਦੇ ਹਨ। ਇਸ ਦੇ ਮੁੱਖ ਲੱਛਣਾਂ ਵਿੱਚ ਤੇਜ਼ ਬੁਖ਼ਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ ਅਤੇ ਉਲਟੀ ਆਉਣਾ ਸ਼ਾਮਲ ਹਨ। ਇਸ ਵਾਇਰਸ ਦਾ ਪ੍ਰਭਾਵ ਦਿਖਣ ਵਿੱਚ 1 ਤੋਂ 8 ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ। ਡਾ. ਹੈਨਰੀ ਨੇ ਦੱਸਿਆ ਕਿ ਜਹਾਜ਼ ਉੱਤੇ ਮਿਲੀ ਐਂਡੀਜ਼ ਸਟ੍ਰੇਨ ਬੀ.ਸੀ. ਵਿੱਚ ਪਾਈ ਜਾਣ ਵਾਲੀ ਸਟ੍ਰੇਨ ਨਾਲੋਂ ਵੱਖਰੀ ਹੈ। ਬੀ.ਸੀ. ਵਿੱਚ 1990 ਤੋਂ ਬਾਅਦ ਹਰ ਸਾਲ ਔਸਤਨ 0 ਤੋਂ 2 ਮਾਮਲੇ ਹੀ ਸਾਹਮਣੇ ਆਏ ਹਨ। ਇੱਕ ਹੋਰ ਰਾਹਤ ਵਾਲੀ ਗੱਲ ਇਹ ਹੈ ਕਿ ਇਹ ਵਾਇਰਸ ਕਰੋਨਾ ਵਾਂਗ ਬਹੁਤ ਤੇਜ਼ੀ ਨਾਲ ਆਪਣਾ ਰੂਪ ਨਹੀਂ ਬਦਲਦਾ।
ਕਰੋਨਾ ਵਾਂਗ ਹਵਾ ਰਾਹੀਂ ਨਹੀਂ ਫੈਲਦਾ ਹੰਟਾਵਾਇਰਸ

