ਸਰਬਜੀਤ ਸਿੰਘ ਸੈਕਰਾਮੈਂਟੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਰੀ ਕੀਤੇ ਗਏ ਧੁਮੱਕੜਸ਼ਾਹੀ ਕੈਲੰਡਰ (ਸੰਮਤ ਨਾਨਕਸ਼ਾਹੀ 558) ਵਿੱਚ ਇਕੋ ਨਾਮ ਵਾਲੇ, ਦੋ ਸਿੱਖ ਸਰਦਾਰਾਂ ਦੇ ਜਨਮ ਦਿਹਾੜੇ ਦਰਜ ਹਨ। ਰਾਮਗੜ੍ਹੀਆ ਮਿਸਲ ਦੇ ਬਾਨੀ, ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ 22 ਵੈਸਾਖ (5 ਮਈ) ਅਤੇ ਆਹਲੂਵਾਲੀਆ ਮਿਸਲ ਦੇ ਸੰਸਥਾਪਕ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ 5 ਜੇਠ (19 ਮਈ) ਦਾ ਦਰਜ ਹੈ। ਜਦੋਂ ਇਨ੍ਹਾਂ ਦੋਵਾਂ ਸਰਦਾਰਾਂ ਦੀਆਂ ਜਨਮ ਤਾਰੀਖਾਂ ਦੀ ਭਾਲ ਕੀਤੀ ਗਈ ਤਾਂ, ਸ. ਜੱਸਾ ਸਿੰਘ ਆਹਲੂਵਾਲੀਆ ਦੀ ਜਨਮ ਤਾਰੀਖ ਤਾਰੀਖ 5 ਜੇਠ ਸੰਮਤ 1775 ਬਿਕ੍ਰਮੀ (3 ਮਈ 1718 ਈ ਜੂਲੀਅਨ) ਦਿਨ ਸ਼ਨਿਚਰਵਾਰ ਅਤੇ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਤਾਰੀਖ 7 ਜੇਠ ਸੰਮਤ 1780 ਬਿਕ੍ਰਮੀ ਦਿਨ ਐਤਵਾਰ (5 ਮਈ 1723 ਜੂਲੀਅਨ) ਮਿਲਦੀਆਂ ਹਨ। ਇਨ੍ਹਾਂ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਕੋਈ ਮੱਤਭੇਦ ਨਹੀਂ ਹੈ। ਅਸਲ ਤਾਰੀਖਾਂ ਮੁਤਾਬਕ ਦੋਵਾਂ ਸਰਦਾਰਾਂ ਦੇ ਜਨਮ ਦਿਹਾੜੇ ਵਿੱਚ ਦੋ ਦਿਨ੍ਹਾਂ (5 ਜੇਠ/3 ਮਈ-7 ਜੇਠ/5 ਮਈ) ਦਾ ਫਰਕ ਹੈ। ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਮੁਤਾਬਕ 14 ਦਿਨਾਂ (22 ਵੈਸਾਖ-5 ਜੇਠ) ਦਾ ਫਰਕ ਹੈ ਅਜੇਹਾ ਕਿਓ? ਆਓ ਇਸ ਦੇ ਕਾਰਨ ਨੂੰ ਜਾਣੀਏ!
ਸ਼੍ਰੋਮਣੀ ਕਮੇਟੀ ਵੱਲੋ ਜਾਰੀ ਕੀਤੇ ਗਏ ਪਿਛਲੇ ਸਾਲਾਂ ਦੇ ਕੈਲੰਡਰਾਂ ਦੀ ਪੜਤਾਲ ਕਰਨ ’ਤੇ ਜਾਣਕਾਰੀ ਮਿਲੀ ਹੈ ਕਿ ਸ. ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਸੰਮਤ 553 ਨ.ਸ. (2021 ਈ:) ਤੋਂ ਦਰਜ ਕਰਨਾ ਆਰੰਭ ਕੀਤਾ ਹੈ। ਇਹ ਅਸਲ ਪ੍ਰਵਿਸ਼ਟੇ ਮੁਤਾਬਕ 5 ਜੇਠ ਦਾ ਦਰਜ ਕੀਤਾ ਗਿਆ ਹੈ। ਸੰਮਤ 1775 ਬਿਕ੍ਰਮੀ ਵਿੱਚ 5 ਜੇਠ ਵਾਲੇ ਦਿਨ 3 ਮਈ (ਜੂਲੀਅਨ) ਸੀ। ਅੱਜ 5 ਜੇਠ (ਬਿਕ੍ਰਮੀ) ਵਾਲੇ ਦਿਨ 18-19 ਮਈ (ਗਰੈਗੋਰੀਅਨ) ਆਉਂਦੀ ਹੈ। ਸ. ਜੱਸਾ ਸਿੰਘ ਰਾਮੜ੍ਹੀਆ ਦਾ ਜਨਮ ਦਿਹਾੜਾ ਕਮੇਟੀ ਨੇ ਆਪਣੇ ਕੈਲੰਡਰ ਵਿੱਚ, ਸੰਮਤ 555 ਨਾ.ਸ਼ਾ. (2023 ਈ:) ਤੋਂ ਦਰਜ ਕਰਨਾ ਆਰੰਭ ਕੀਤਾ ਹੈ। ਇਥੇ ਪ੍ਰਵਿਸ਼ਟੇ ਨੂੰ ਮੁੱਖ ਰੱਖਣ ਦੀ ਬਿਜਾਏ, ਜੂਲੀਅਨ ਕੈਲੰਡਰ ਦੀ ਤਾਰੀਖ (5 ਮਈ) ਨੂੰ ਮੁੱਖ ਰੱਖਿਆ ਹੈ। ਅੱਜ-ਕੱਲ 5 ਮਈ ਨੂੰ 22-23 ਵੈਸਾਖ ਆਉਂਦੀ ਹੈ
ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਜੂਲੀਅਨ ਕੈਲੰਡਰ ਕਦੇਂ ਵੀ ਆਪਣੇ ਦੇਸ਼ ਵਿੱਚ ਲਾਗੂ ਨਹੀਂ ਹੋਇਆ। ਇਹ ਠੀਕ ਹੈ ਕਿ ਜੂਲੀਅਨ ਕੈਲੰਡਰ ਵਿੱਚ ਸੋਧ ਅਕਤੂਬਰ 1582 ਈ: ਕੀਤੀ ਗਈ ਸੀ। ਪਰ ਇੰਗਲੈਡ ਨੇ ਇਸ ਸੋਧ ਨੂੰ ਪ੍ਰਵਾਨ ਨਹੀਂ ਸੀ ਕੀਤਾ।
ਇੰਗਲੈਂਡ ਨੇ ਇਸ ਸੋਧ ਨੂੰ 170 ਸਾਲ ਪਿਛੋਂ, ਭਾਵ ਸਤੰਬਰ 1752 ਈ: ਵਿੱਚ ਪ੍ਰਵਾਨ ਕੀਤਾ ਸੀ। ਆਪਣੇ ਦੇਸ਼ ਵਿੱਚ ਅੰਗਰੇਜਾਂ ਦੇ ਆਉਂਣ ਨਾਲ ਗਰੈਗੋਰੀਅਨ ਕੈਲੰਡਰ ਹੀ ਆਇਆ ਸੀ। ਸ਼੍ਰੋਮਣੀ ਕਮੇਟੀ ਨੇ ਇਕ ਤਾਰੀਖ ਪ੍ਰਵਿਸ਼ਟਿਆਂ ਮੁਤਾਬਕ (5 ਜੇਠ) ਅਤੇ ਦੂਜੀ ਤਾਰੀਖ ਜੂਲੀਅਨ ਕੈਲੰਡਰ ਮੁਤਾਬਕ (5 ਮਈ) ਦਰਜ ਕੀਤੀ ਹੈ। ਸਵਾਲ ਪੈਂਦਾ ਹੁੰਦਾ ਹੈ ਕਿ ਦੋਵਾਂ ਸਰਦਾਰਾਂ ਦੇ ਜਨਮ ਦਿਹਾੜੇ ਇਕੋ ਕੈਲੰਡਰ ਮੁਤਾਬਕ (3 ਜੇਠ ਅਤੇ 5 ਜੇਠ) ਨੂੰ ਕਿਉਂ ਨਹੀਂ ਮਨਾਏ ਜਾ ਸਕਦੇ?
ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ, ਆਪਣੇ ਕੈਲੰਡਰ ਵਿੱਚ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਭਾਵ ਚੰਦ ਦੇ ਕੈਲੰਡਰ ਮੁਤਾਬਕ (ਸਾਲ ਦੀ ਲੰਬਾਈ 354 ਦਿਨ, ਕਦੇਂ-ਕਦੇਂ 384 ਦਿਨ) ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ (ਸਾਲ ਦੀ ਲੰਬਾਈ 365.2563 ਦਿਨ) ਅਤੇ ਕੁਝ ਦਿਹਾੜੇ ਅੰਗਰੇਜੀ ਤਾਰੀਖਾਂ ਮੁਤਾਬਕ (ਸਾਲ ਦੀ ਲੰਬਾਈ 365.2425 ਦਿਨ) ਦਰਜ ਕਰਦੀ ਹੈ। ਤਿੰਨ ਬੇੜੀਆਂ ਦੀ ਸਵਾਰੀ ਕਰਨ ਦਾ ਕੀ ਕਾਰਨ ਹੈ? ਜੇ ਸਾਰੇ ਦਿਹਾੜੇ ਅਸਲ ਪ੍ਰਵਿਸ਼ਟਿਆਂ ਮੁਤਾਬਕ ਹੀ ਮਨਾਏ ਜਾਣ ਤਾਂ ਇਤਿਹਾਸ ਅਤੇ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ?
ਦੋ ਸਰਦਾਰ-ਦੋ ਕੈਲੰਡਰ

