14.9 C
Vancouver
Saturday, May 30, 2026

ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲਿਊਮਨਾਈ ਬੀਸੀ ਚੈਪਟਰ ਵੱਲੋਂ ਸਾਲਾਨਾ ਸਮਾਗਮ ਆਯੋਜਿਤ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲਿਊਮਨਾਈ ਬੀਸੀ ਚੈਪਟਰ ਵੱਲੋਂ ਸਾਲਾਨਾ ਸਮਾਗਮ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼, ਪੁਰਾਣੇ ਵਿਦਿਆਰਥੀ, ਵਿਦਿਆਰਥੀ ਆਪਣੇ ਪਰਿਵਾਰਾਂ ਅਤੇ ਦੋਸਤਾਂ ਸਮੇਤ ਸ਼ਾਮਲ ਹੋਏ ਅਤੇ ਸਾਰਿਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਆਪਣੀਆਂ ਸਾਂਝਾਂ ਅਤੇ ਯਾਦਾਂ ਨੂੰ ਤਾਜ਼ਾ ਕੀਤਾ।
ਪ੍ਰੋਗਰਾਮ ਦੀ ਸ਼ੁਰੂਆਤ ਮੀਰਾ ਗਿੱਲ ਵੱਲੋਂ ਸਾਰਿਆਂ ਨੂੰ ‘ਜੀ ਆਇਆਂ ਨੂੰ’ ਕਹਿ ਕੇ ਕੀਤੀ ਗਈ। ਇਸ ਮੌਕੇ ਚੈਪਟਰ ਦੇ ਪ੍ਰਧਾਨ ਪਰਮਿੰਦਰ ਸਿੰਘ ਭਾਟੀਆ ਅਤੇ ਪਲੈਨਿੰਗ ਕਮੇਟੀ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਹਿਯੋਗ ਲਈ ਧੰਨਵਾਦ ਕੀਤਾ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕੁਲਦੀਪ ਸਿੰਘ ( ਸਾਂਝਾ ਟੀਵੀ), ਹਰਪ੍ਰੀਤ ਧਾਲੀਵਾਲ, ਵਿਕ ਥਿੰਦ ਅਤੇ ਕੁਲਦੀਪ ਸਿੰਘ ਸਿੱਧੂ ਨੇ ਰਲ ਕੇ ਬੜੀ ਬਖੂਬੀ ਨਾਲ ਨਿਭਾਈ।
ਸਮਾਗਮ ਦੌਰਾਨ ਜਿਨ੍ਹਾਂ ਦਾ ਖਾਸ ਤੌਰ ‘ਤੇ ਧੰਨਵਾਦ ਕੀਤਾ ਗਿਆ ਉਨ੍ਹਾਂ ਵਿੱਚ ਜੈਸਮੀਨ ਰੇਡ ਐਫ਼ਐਮ ਮੇਜ਼ਬਾਨ, ਡਾ. ਅਮਰਜੀਤ ਭੁੱਲਰ ਕੰਨੈਕਟ ਐਫ਼ਐਮ, ਡਾ. ਜੈਸਮੀਨ ਸਿੰਘ ਕੰਨੈਕਟ ਐਫ਼ਐਮ ਅਤੇ ਪੰਜਾਬੀ ਥੀਏਟਰ ਅਤੇ ਮਨੋਰੰਜਨ ਜਗਤ ਦੀ ਮਸ਼ਹੂਰ ਸ਼ਖਸੀਅਤ ਰਾਣਾ ਰਣਬੀਰ ਸਨ।
ਸਮਾਗਮ ਵਿੱਚ ਗੁਲਾਟੀ ਪਬਲੀਕੇਸ਼ਨ ਦੇ ਹਰਦਮ ਮਾਨ ਵੱਲੋਂ ਪੰਜਾਬੀ ਕਿਤਾਬਾਂ ਦਾ ਇੱਕ ਵਿਸ਼ੇਸ਼ ਸਟਾਲ ਲਗਾਇਆ ਗਿਆ। ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਮਹਿਮਾਨਾਂ ਨੇ ਕਿਤਾਬਾਂ ਖਰੀਦੀਆਂ ਅਤੇ ਇਸ ਉਪਰਾਲੇ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ।
ਇਸ ਤੋਂ ਇਲਾਵਾ, ਸਮਾਗਮ ਦੌਰਾਨ ਆਰਗਨ ਡੋਨੇਸ਼ਨ ਬਾਰੇ ਜਾਗਰੂਕਤਾ ਫੈਲਾਉਣ ਲਈ ਯੂ ਬੀ ਸੀ ਤੋਂ ਰੀਤਿੰਦਰ ਕੌਰ ਨੂੰ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ। ਉਨ੍ਹਾਂ ਨੇ ਆਰਗਨ ਡੋਨੇਸ਼ਨ ਅਤੇ ਕਿਡਨੀ ਟ੍ਰਾਂਸਪਲਾਂਟ ਪ੍ਰੋਗਰਾਮ ਬਾਰੇ ਜਾਣਕਾਰੀ ਸਾਂਝੀ ਕੀਤੀ ਜਦੋਂ ਕਿ ਮੀਰਾ ਗਿੱਲ ਨੇ ਵੀ ਸਾਰਿਆਂ ਨੂੰ ਬੀਸੀ ਆਰਗਨ ਡੋਨਰ ਪ੍ਰੋਗਰਾਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਯੂ ਬੀ ਸੀ ਦੀ ਵਿਦਿਆਰਥਣ ਗੁਨੀਤ ਕੌਰ ਨੇ ਆਪਣੇ ਪਰਿਵਾਰ ਦਾ ਨਿੱਜੀ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਕਿਵੇਂ ਆਪਣੇ ਪਿਤਾ ਦੀ ਬਿਮਾਰੀ ਦੌਰਾਨ ਪਰਿਵਾਰ ਨੇ ਮੁਸ਼ਕਲਾਂ ਭਰਿਆ ਸਮਾਂ ਦੇਖਿਆ ਅਤੇ ਇੱਕ ਕਿਡਨੀ ਟ੍ਰਾਂਸਪਲਾਂਟ ਨੇ ਨਾ ਸਿਰਫ਼ ਉਨ੍ਹਾਂ ਦੇ ਪਿਤਾ ਦੀ ਜ਼ਿੰਦਗੀ ਬਦਲੀ, ਸਗੋਂ ਪੂਰੇ ਪਰਿਵਾਰ ਨੂੰ ਨਵੀਂ ਉਮੀਦ ਅਤੇ ਖੁਸ਼ੀ ਦਿੱਤੀ।
ਪ੍ਰੋਗਰਾਮ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਐਲਿਊਮਨਾਈ ਮੈਂਬਰਾਂ ਵੱਲੋਂ ਗਿੱਧਾ, ਭੰਗੜਾ ਅਤੇ ਮਨੋਰੰਜਨ ਦੇ ਕਈ ਹੋਰ ਪ੍ਰੋਗਰਾਮ ਪੇਸ਼ ਕੀਤੇ ਗਏ। ਇਨ੍ਹਾਂ ‘ਚ ਬਹੁਤੀਆਂ ਸਕਿੱਟਾਂ ਦਾ ਨਿਰਦੇਸ਼ਨ ਰੂਪੀ ਸ਼ਰਮਾ ਵੱਲੋਂ ਕੀਤਾ ਗਿਆ ਜਿਸ ਦੀ ਦਰਸ਼ਕਾਂ ਵੱਲੋਂ ਖੂਬ ਪ੍ਰਸੰਸਾ ਕੀਤੀ ਗਈ। ਸਮਾਗਮ ਨੇ ਸਾਰਿਆਂ ਨੂੰ ਇਕੱਠੇ ਮਿਲਣ, ਗੱਲਬਾਤ ਕਰਨ ਅਤੇ ਯਾਦਾਂ ਸਾਂਝੀਆਂ ਕਰਨ ਦਾ ਸੁੰਦਰ ਮੌਕਾ ਪ੍ਰਦਾਨ ਕੀਤਾ।
ਚੈਪਟਰ ਵੱਲੋਂ ਵੱਖ-ਵੱਖ ਮੀਡੀਆ ਹਾਊਸਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਮਾਗਮ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸਦੇ ਨਾਲ ਹੀ ਸਾਰੇ ਸਪਾਂਸਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ।
ਚੈਪਟਰ ਦੀ ਪ੍ਰਬੰਧਕੀ ਕਮੇਟੀ ਵੱਲੋਂ ਸਾਰੇ ਮੈਂਬਰਾਂ ਅਤੇ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਹਾਜ਼ਰੀ ਨੇ ਇਸ ਸ਼ਾਮ ਨੂੰ ਯਾਦਗਾਰ ਅਤੇ ਖੁਸ਼ਗਵਾਰ ਬਣਾਇਆ।

ਰੁਝਾਨ ਖਬਰਾਂ