ਸਰੀ, (ਏਕਜੋਤ ਸਿੰਘ): ਟਰੰਪ ਸਰਕਾਰ ਵੱਲੋਂ ਵਧ ਰਹੀਆਂ ਗੈਸ ਕੀਮਤਾਂ ਨੂੰ ਕਾਬੂ ਕਰਨ ਲਈ ਅਮਰੀਕਾ ਦੇ ਐਮਰਜੈਂਸੀ ਤੇਲ ਭੰਡਾਰ ਵਿੱਚੋਂ ਤੇਜ਼ੀ ਨਾਲ ਤੇਲ ਜਾਰੀ ਕੀਤਾ ਜਾ ਰਿਹਾ ਹੈ। ਸਾਹਮਣੇ ਆਏ ਨਵੇਂ ਅੰਕੜਿਆਂ ਮੁਤਾਬਕ ਸਟਰੈਟੇਜਿਕ ਪੈਟਰੋਲੀਅਮ ਰਿਜ਼ਰਵ (ਐਸਪੀਆਰ) ਵਿੱਚ ਮੌਜੂਦ ਤੇਲ ਦੀ ਮਾਤਰਾ ਹੁਣ 1980 ਦੇ ਦਹਾਕੇ ਤੋਂ ਬਾਅਦ ਸਭ ਤੋਂ ਘੱਟ ਪੱਧਰਾਂ ਦੇ ਨੇੜੇ ਪਹੁੰਚ ਗਈ ਹੈ। ਇਹ ਕਦਮ ਦੇਸ਼ ਅੰਦਰ ਗੈਸ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਦੀ 1 ਅਹਿਮ ਕੋਸ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐਸਪੀਆਰ ਅਮਰੀਕਾ ਦਾ ਸਭ ਤੋਂ ਵਿਸ਼ਾਲ ਐਮਰਜੈਂਸੀ ਕੱਚੇ ਤੇਲ ਦਾ ਭੰਡਾਰ ਹੈ। ਇਸ ਕੱਚੇ ਤੇਲ ਨੂੰ ਟੈਕਸਸ ਅਤੇ ਲੂਜ਼ੀਆਨਾ ਵਿੱਚ ਜ਼ਮੀਨ ਦੇ ਹੇਠਾਂ ਬਣੀਆਂ ਭੂਗਰਭ ਲੂਣ ਗੁਫ਼ਾਵਾਂ ਵਿੱਚ ਸੁਰੱਖਿਅਤ ਸਟੋਰ ਕੀਤਾ ਜਾਂਦਾ ਹੈ। ਇਸਦਾ ਇਸਤੇਮਾਲ ਆਮ ਤੌਰ ‘ਤੇ ਜੰਗ, ਕੁਦਰਤੀ ਆਫ਼ਤਾਂ ਜਾਂ ਤੇਲ ਸਪਲਾਈ ਵਿੱਚ ਆਏ ਕਿਸੇ ਗੰਭੀਰ ਸੰਕਟ ਦੌਰਾਨ ਹੀ ਕੀਤਾ ਜਾਂਦਾ ਹੈ।
ਤਾਜ਼ਾ ਰਿਪੋਰਟ ਅਨੁਸਾਰ ਈਰਾਨ ਨਾਲ ਚੱਲ ਰਹੀ ਜੰਗ ਅਤੇ ਸਟਰੇਟ ਆਫ ਹੌਰਮੂਜ਼ ਵਿੱਚ ਬਣੇ ਤਣਾਅ ਕਾਰਨ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਆਲਮੀ ਘਾਟ ਨੂੰ ਪੂਰਾ ਕਰਨ ਲਈ ਫੈਡਰਲ ਸਰਕਾਰ ਨੇ ਐਸਪੀਆਰ ਵਿੱਚੋਂ ਰਿਕਾਰਡ ਮਾਤਰਾ ਵਿੱਚ ਤੇਲ ਜਾਰੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਬਾਜ਼ਾਰ ਵਿੱਚ ਸਪਲਾਈ ਬਰਕਰਾਰ ਰਹੇ। ਅੰਕੜੇ ਦਰਸਾਉਂਦੇ ਹਨ ਕਿ ਸਿਰਫ 15 ਮਈ ਨੂੰ ਖਤਮ ਹੋਏ ਹਫ਼ਤੇ ਦੌਰਾਨ ਹੀ ਲੱਗਭਗ 9.9 ਮਿਲੀਅਨ ਬੈਰਲ ਤੇਲ ਭੰਡਾਰ ਤੋਂ ਬਾਹਰ ਕੱਢਿਆ ਗਿਆ ਹੈ। ਜੰਗ ਸ਼ੁਰੂ ਹੋਣ ਤੋਂ ਬਾਅਦ ਐਸਪੀਆਰ ਵਿੱਚ ਮੌਜੂਦ ਕੁੱਲ ਤੇਲ 10 ਫੀਸਦੀ ਘਟ ਕੇ ਸਿਰਫ 374 ਮਿਲੀਅਨ ਬੈਰਲ ਰਹਿ ਗਿਆ ਹੈ ਜੋ ਕਿ 1 ਗੰਭੀਰ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਐਮਰਜੈਂਸੀ ਭੰਡਾਰ ਨੂੰ ਦੁਬਾਰਾ ਭਰਨ ਲਈ ਭਵਿੱਖ ਵਿੱਚ ਭਾਰੀ ਮਾਤਰਾ ਵਿੱਚ ਤੇਲ ਖਰੀਦਣਾ ਪਵੇਗਾ। ਇਸ ਅਹਿਮ ਖਰੀਦਦਾਰੀ ਨਾਲ ਆਉਣ ਵਾਲੇ ਸਮੇਂ ਵਿੱਚ ਤੇਲ ਦੀਆਂ ਕੀਮਤਾਂ ‘ਤੇ ਹੋਰ ਦਬਾਅ ਪੈ ਸਕਦਾ ਹੈ। ਇਸ ਦਾ ਸਿੱਧਾ ਅਸਰ ਆਮ ਖਪਤਕਾਰਾਂ ਅਤੇ ਦੇਸ਼ ਦੀ ਆਰਥਿਕਤਾ ‘ਤੇ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। This report was written by Ekjot Singh as part of the Local Journalism Initiative.
ਟਰੰਪ ਸਰਕਾਰ ਦੀ ਕਾਰਵਾਈ ਕਾਰਨ ਅਮਰੀਕਾ ਦਾ ਐਮਰਜੈਂਸੀ ਤੇਲ ਭੰਡਾਰ 1980 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ‘ਤੇ ਪੁੱਜਾ

