10.5 C
Vancouver
Saturday, May 16, 2026

ਪ੍ਰੀਮੀਅਰ ਡੇਵਿਡ ਈਬੀ ਨੇ ਬੀ.ਸੀ. ਪਲੇਸ ਵਿੱਚ ਕੀਤੇ ਨਵੇਂ ਦੇ ਕੰਮਾਂ ਦਾ ਕੀਤਾ ਉਦਘਾਟਨ

ਸਰੀ, (ਏਕਜੋਤਸਿੰਘ): ਵੈਨਕੂਵਰ ਦੇ ਪ੍ਰਸਿੱਧ ਬੀ.ਸੀ. ਪਲੇਸ ਸਟੇਡੀਅਮ ਵਿੱਚ ਕੀਤੇ ਗਏ ਵੱਡੇ ਸੁਧਾਰਾਂ ਅਤੇ ਨਵੀਨੀਕਰਨ ਦੇ ਕੰਮਾਂ ਨੂੰ ਮੰਗਲਵਾਰ, 12 ਮਈ 2026 ਨੂੰ ਜਨਤਕ ਕਰ ਦਿੱਤਾ ਗਿਆ ਹੈ। ਇਹ ਉਦਘਾਟਨ ਫੀਫਾ ਵਿਸ਼ਵ ਕੱਪ 2026 ਦੀ ਮੇਜ਼ਬਾਨੀ ਸ਼ੁਰੂ ਹੋਣ ਤੋਂ ਠੀਕ ਇੱਕ ਮਹੀਨਾ ਪਹਿਲਾਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀ.ਸੀ. ਪਲੇਸ ਵਿੱਚ ਵਿਸ਼ਵ ਕੱਪ ਦਾ ਪਹਿਲਾ ਮੈਚ 13 ਜੂਨ 2026 ਨੂੰ ਖੇਡਿਆ ਜਾਵੇਗਾ। ਸਟੇਡੀਅਮ ਵਿੱਚ ਕੁੱਲ 7 ਮੈਚ ਕਰਵਾਏ ਜਾਣਗੇ, ਜਿਨ੍ਹਾਂ ਲਈ ਸਾਰੀਆਂ ਤਿਆਰੀਆਂ ਹੁਣ ਅੰਤਿਮ ਪੜਾਅ ‘ਤੇ ਹਨ ਅਤੇ ਸਟੇਡੀਅਮ ਦੁਨੀਆ ਭਰ ਦੇ ਮਹਿਮਾਨਾਂ ਦਾ ਸਵਾਗਤ ਕਰਨ ਲਈ ਤਿਆਰ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਫੀਫਾ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਕਰਨ ਨਾਲ ਸੂਬੇ ਵਿੱਚ ਸੈਰ-ਸਪਾਟੇ ਨੂੰ ਭਾਰੀ ਹੁਲਾਰਾ ਮਿਲੇਗਾ ਅਤੇ ਇਸ ਦੇ ਦੂਰਗਾਮੀ ਆਰਥਿਕ ਲਾਭ ਹੋਣਗੇ। ਉਨ੍ਹਾਂ ਦੱਸਿਆ ਕਿ ਸਟੇਡੀਅਮ ਵਿੱਚ ਐਬਟਸਫੋਰਡ ਵਿਖੇ ਵਿਸ਼ੇਸ਼ ਤੌਰ ‘ਤੇ ਉਗਾਈ ਗਈ ਨਵੀਂ ਹਾਈਬ੍ਰਿਡ ਘਾਹ ਦੀ ਪਿੱਚ ਲਗਾਈ ਗਈ ਹੈ। ਪ੍ਰੀਮੀਅਰ ਨੇ ਭਰੋਸਾ ਜਤਾਇਆ ਕਿ ਬ੍ਰਿਟਿਸ਼ ਕੋਲੰਬੀਆ ਹੁਣ ਤੱਕ ਦੇ ਸਭ ਤੋਂ ਵੱਡੇ ਖੇਡ ਸਮਾਗਮ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਸਥਾਨਕ ਕਾਰੋਬਾਰਾਂ ਨੂੰ ਵੱਡਾ ਸਮਰਥਨ ਮਿਲੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਸਟੇਡੀਅਮ ਦੇ ਨਵੀਨੀਕਰਨ ਦੇ ਸਾਰੇ ਕੰਮ ਬਜਟ 2026 ਦੇ ਅਨੁਮਾਨਾਂ ਅਨੁਸਾਰ ਅਤੇ ਮਿੱਥੇ ਸਮੇਂ ਦੇ ਅੰਦਰ ਪੂਰੇ ਕੀਤੇ ਗਏ ਹਨ। ਇਨ੍ਹਾਂ ਸੁਧਾਰਾਂ ਵਿੱਚ ਸਟੇਡੀਅਮ ਦੀ ਪਹੁੰਚਯੋਗਤਾ (accessibility), ਸਮੂਹਿਕਤਾ ਅਤੇ ਆਧੁਨਿਕ ਤਕਨਾਲੋਜੀ ਵਿੱਚ ਕੀਤੇ ਗਏ ਵਾਧੇ ਪ੍ਰਮੁੱਖ ਹਨ। ਸਟੇਡੀਅਮ ਵਿੱਚ ਨਵੀਂ ਮਹਿਮਾਨਨਿਵਾਜ਼ੀ (hospitality) ਥਾਵਾਂ ਅਤੇ ਇੱਕ ਸਥਾਈ ਵਪਾਰਕ ਸਟੋਰ ਵੀ ਸਥਾਪਿਤ ਕੀਤਾ ਗਿਆ ਹੈ। ਖਿਡਾਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਖਿਡਾਰੀਆਂ ਦੇ ਡਰੈਸਿੰਗ ਰੂਮ, ਸ਼ਾਵਰ ਅਤੇ ਬਾਥਰੂਮਾਂ ਨੂੰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ।
ਸੈਰ-ਸਪਾਟਾ, ਕਲਾ ਅਤੇ ਖੇਡ ਮੰਤਰੀ ਐਨੀ ਕੰਗ ਨੇ ਕਿਹਾ ਕਿ ਇਹ ਨਿਵੇਸ਼ ਸਿਰਫ਼ ਵਿਸ਼ਵ ਕੱਪ ਲਈ ਹੀ ਨਹੀਂ, ਸਗੋਂ ਸੂਬੇ ਲਈ ਇੱਕ ਸਥਾਈ ਵਿਰਾਸਤ ਵਜੋਂ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਹ ਸੁਧਾਰ ਬੀ.ਸੀ. ਪਲੇਸ ਨੂੰ ਆਉਣ ਵਾਲੇ ਦਹਾਕਿਆਂ ਤੱਕ ਵਿਸ਼ਵ ਪੱਧਰ ‘ਤੇ ਮੁਕਾਬਲੇਬਾਜ਼ ਰੱਖਣ ਵਿੱਚ ਮਦਦ ਕਰਨਗੇ। ਇਸ ਨਾਲ ਭਵਿੱਖ ਵਿੱਚ ਵੀ ਸੂਬੇ ਵਿੱਚ ਅੰਤਰਰਾਸ਼ਟਰੀ ਖੇਡਾਂ, ਸੰਗੀਤਕ ਕੰਸਰਟ ਅਤੇ ਹੋਰ ਵੱਡੇ ਸਮਾਗਮ ਆਕਰਸ਼ਿਤ ਕੀਤੇ ਜਾ ਸਕਣਗੇ, ਜਿਸ ਦਾ ਲਾਭ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਲੰਬੇ ਸਮੇਂ ਤੱਕ ਮਿਲਦਾ ਰਹੇਗਾ। ਅਨੁਮਾਨ ਲਗਾਇਆ ਗਿਆ ਹੈ ਕਿ ਟੂਰਨਾਮੈਂਟ ਦੌਰਾਨ 350,000 ਤੋਂ ਵੱਧ ਫੁੱਟਬਾਲ ਪ੍ਰੇਮੀ ਬੀ.ਸੀ. ਪਲੇਸ ਪਹੁੰਚਣਗੇ। ਇਸ ਨਾਲ 2026 ਤੋਂ 2031 ਦੇ ਦਰਮਿਆਨ ਸੈਲਾਨੀਆਂ ਦੇ ਖਰਚੇ ਰਾਹੀਂ ਸੂਬੇ ਦੀ ਆਰਥਿਕਤਾ ਵਿੱਚ ਲਗਭਗ 1 ਬਿਲੀਅਨ ਡਾਲਰ ਦਾ ਵਾਧਾ ਹੋਣ ਦੀ ਉਮੀਦ ਹੈ। ਇਹ ਸਾਰੀ ਪ੍ਰਕਿਰਿਆ ਸੂਬਾ ਸਰਕਾਰ ਦੀ ‘ਲੁੱਕ ਵੈਸਟ’ ਸੈਰ-ਸਪਾਟਾ ਕਾਰਜਨੀਤੀ ਦੇ ਅਨੁਕੂਲ ਹੈ, ਜੋ ਬ੍ਰਿਟਿਸ਼ ਕੋਲੰਬੀਆ ਦੀ ਵਿਸ਼ਵ ਪੱਧਰ ‘ਤੇ ਪਛਾਣ ਮਜ਼ਬੂਤ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ