10.5 C
Vancouver
Saturday, May 16, 2026

ਬੀ.ਸੀ. ਵਿੱਚ ਘਰੇਲੂ ਹਿੰਸਾ ਪੀੜਤਾਂ ਨੂੰ ਮਿਲੇਗੀ ਮੁਫ਼ਤ ਕਾਨੂੰਨੀ ਸਹਾਇਤਾ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਨਵੀਨਤਾਕਾਰੀ ਫੈਮਿਲੀ ਲਾਅ ਪ੍ਰੋਗਰਾਮ ਰਾਹੀਂ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਸੂਬਾ ਸਰਕਾਰ ਦੀ ਵਿੱਤੀ ਸਹਾਇਤਾ ਨਾਲ ਚੱਲਣ ਵਾਲਾ ‘ਫੈਮਿਲੀ ਲਾਅ ਸੈਂਟਰ’ ਹੁਣ ਅਜਿਹੇ ਲੋਕਾਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ ਜੋ ਕਾਨੂੰਨੀ ਖਰਚੇ ਚੁੱਕਣ ਦੇ ਸਮਰੱਥ ਨਹੀਂ ਹਨ। ਇਹ ਕੇਂਦਰ ਖਾਸ ਤੌਰ ‘ਤੇ ਉਨ੍ਹਾਂ ਲੋਕਾਂ ਲਈ ਤਿਆਰ ਕੀਤਾ ਗਿਆ ਹੈ ਜੋ ਘਰੇਲੂ ਹਿੰਸਾ ਦੇ ਸਦਮੇ ਵਿੱਚੋਂ ਗੁਜ਼ਰ ਰਹੇ ਹਨ ਅਤੇ ਉਨ੍ਹਾਂ ਨੂੰ ਕਾਨੂੰਨੀ ਪ੍ਰਣਾਲੀ ਦੀਆਂ ਪੇਚੀਦਗੀਆਂ ਨੂੰ ਸਮਝਣ ਵਿੱਚ ਮਾਹਿਰ ਮਦਦ ਦੀ ਲੋੜ ਹੈ। ਅਟਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਰਿਵਾਰਕ ਹਿੰਸਾ ਤੋਂ ਬਚ ਕੇ ਨਿਕਲੇ ਲੋਕ ਅਕਸਰ ਇਕੱਲੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਉਹ ਸੁਰੱਖਿਆ ਨਹੀਂ ਮਿਲ ਪਾਉਂਦੀ ਜਿਸ ਦੇ ਉਹ ਹੱਕਦਾਰ ਹੁੰਦੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਥਿਤੀ ਬਿਲਕੁਲ ਸਵੀਕਾਰਯੋਗ ਨਹੀਂ ਹੈ ਅਤੇ ਸਰਕਾਰ ਨਿਆਂ ਪ੍ਰਣਾਲੀ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਦੂਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਫੈਮਿਲੀ ਲਾਅ ਸੈਂਟਰ ਵੱਲੋਂ ਹੁਣ ਤੱਕ ਉਨ੍ਹਾਂ ਲੋਕਾਂ ਦੀ ਸਫਲਤਾਪੂਰਵਕ ਮਦਦ ਕੀਤੀ ਗਈ ਹੈ ਜੋ ਖ਼ਤਰਨਾਕ ਸਥਿਤੀਆਂ ਵਿੱਚੋਂ ਬਾਹਰ ਆਉਣਾ ਚਾਹੁੰਦੇ ਸਨ।
ਇਹ ਪ੍ਰੋਗਰਾਮ ਲੀਗਲ ਏਡ ਬੀ.ਸੀ. ਵੱਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਦੇ ਮੁੱਖ ਕਲੀਨਿਕ ਸਰ੍ਹੀ ਅਤੇ ਵਿਕਟੋਰੀਆ ਵਿੱਚ ਸਥਿਤ ਹਨ। ਇਨ੍ਹਾਂ ਦੋਵਾਂ ਸ਼ਹਿਰਾਂ ਤੋਂ ਇਲਾਵਾ ਇਹ ਸੈਂਟਰ ਲੋਅਰ ਮੈਨਲੈਂਡ, ਇੰਟੀਰੀਅਰ ਅਤੇ ਵੈਨਕੂਵਰ ਆਇਲੈਂਡ ਦੇ ਹੋਰਨਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਵਰਚੁਅਲ ਸੇਵਾਵਾਂ ਵੀ ਮੁਹੱਈਆ ਕਰਵਾਉਂਦਾ ਹੈ। ਇਸ ਤਰ੍ਹਾਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਦੂਰ-ਦਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਪੀੜਤ ਵੀ ਬਿਨਾਂ ਕਿਸੇ ਮੁਸ਼ਕਲ ਦੇ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਸਕਣ।
ਸਾਲ 2024 ਵਿੱਚ ਸ਼ੁਰੂ ਹੋਣ ਤੋਂ ਬਾਅਦ ਇਸ ਕੇਂਦਰ ਨੇ ਲਗਭਗ 350 ਤੋਂ ਵੱਧ ਕਲਾਇੰਟਾਂ ਦੀ ਮਦਦ ਕੀਤੀ ਹੈ। ਅੰਕੜਿਆਂ ਮੁਸਾਰ ਸੇਵਾਵਾਂ ਲੈਣ ਵਾਲੇ 65% ਲੋਕਾਂ ਵਿੱਚੋਂ 81% ਸਿਸਜੈਂਡਰ ਮਹਿਲਾਵਾਂ ਸਨ। ਇਸ ਤੋਂ ਇਲਾਵਾ 11% ਮੂਲ ਨਿਵਾਸੀ, 30% ਵੱਖ-ਵੱਖ ਨਸਲੀ ਪਿਛੋਕੜ ਵਾਲੇ ਅਤੇ 28% ਲੋਕ ਅਪਾਹਜਤਾ ਦਾ ਸਾਹਮਣਾ ਕਰਨ ਵਾਲੇ ਸ਼ਾਮਲ ਸਨ। ਕਲਾਇੰਟਾਂ ਨੇ ਸਟਾਫ਼ ਦੇ ਵਤੀਰੇ ਅਤੇ ਧੀਰਜ ਦੀ ਸ਼ਲਾਘਾ ਕੀਤੀ ਹੈ ਅਤੇ ਦੱਸਿਆ ਹੈ ਕਿ ਕਿਵੇਂ ਇਸ ਸਹਾਇਤਾ ਨੇ ਉਨ੍ਹਾਂ ਦੇ ਮਾਨਸਿਕ ਬੋਝ ਨੂੰ ਘੱਟ ਕਰਨ ਵਿੱਚ ਮਦਦ ਕੀਤੀ ਹੈ।
ਫੈਮਿਲੀ ਲਾਅ ਸੈਂਟਰ ਵਿੱਚ ਕਲਾਇੰਟਾਂ ਨੂੰ ਇੱਕ ਵਕੀਲ ਅਤੇ ਇੱਕ ਐਡਵੋਕੇਟ ਦੀ ਜੋੜੀ ਪ੍ਰਦਾਨ ਕੀਤੀ ਜਾਂਦੀ ਹੈ ਜੋ ਪੂਰੀ ਕਾਨੂੰਨੀ ਕਾਰਵਾਈ ਦੌਰਾਨ ਉਨ੍ਹਾਂ ਦੇ ਨਾਲ ਰਹਿੰਦੇ ਹਨ। ਉਪਲਬਧ ਸਹਾਇਤਾ ਵਿੱਚ ਪ੍ਰੋਟੈਕਸ਼ਨ ਔਰਡਰ ਲੈਣਾ, ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਨਾਲ ਸਮਾਂ ਬਿਤਾਉਣ ਸਬੰਧੀ ਮਸਲੇ, ਚਾਈਲਡ ਸੁਪੋਰਟ ਅਤੇ ਤਲਾਕ ਵਰਗੇ ਗੰਭੀਰ ਮਾਮਲੇ ਸ਼ਾਮਲ ਹਨ। ਇਸ ਦੇ ਨਾਲ ਹੀ ਸਟਾਫ਼ ਕਲਾਇੰਟਾਂ ਨੂੰ ਕਾਊਂਸਲਿੰਗ, ਸੱਭਿਆਚਾਰਕ ਮਦਦ ਅਤੇ ਪੀੜਤਾਂ ਲਈ ਹੋਰ ਸੇਵਾਵਾਂ ਤੱਕ ਪਹੁੰਚਣ ਵਿੱਚ ਵੀ ਸਹਾਇਤਾ ਕਰਦਾ ਹੈ।
ਲੀਗਲ ਏਡ ਬੀ.ਸੀ. ਦੀ ਸੀ.ਈ.ਓ. ਵੈਂਡੀ ਜੈਕਸਨ ਨੇ ਕਿਹਾ ਕਿ ਇਸ ਮਾਡਲ ਦੀ ਪ੍ਰਭਾਵਸ਼ਾਲੀ ਗੱਲ ਇਹ ਹੈ ਕਿ ਇਹ ਪੀੜਤਾਂ ਨੂੰ ਇੱਕੋ ਛੱਤ ਹੇਠ ਸਾਰੀਆਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਂਦਾ ਹੈ। ਸੂਬਾ ਸਰਕਾਰ ਨੇ ਇਸ ਪ੍ਰੋਜੈਕਟ ਲਈ ਤਿੰਨ ਸਾਲਾਂ ਦੌਰਾਨ 29 ਮਿਲੀਅਨ ਡਾਲਰ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ ਹੈ। ਇਹ ਕਦਮ ਸੂਬੇ ਵਿੱਚ ਗਰੀਬੀ ਘਟਾਉਣ ਅਤੇ ਲਿੰਗ ਅਧਾਰਿਤ ਹਿੰਸਾ ਨੂੰ ਰੋਕਣ ਲਈ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਲੋੜਵੰਦ ਲੋਕ ਗ੍ਰੇਟਰ ਵੈਨਕੂਵਰ ਵਿੱਚ 604-408-2172 ਅਤੇ ਹੋਰ ਇਲਾਕਿਆਂ ਤੋਂ 1-866-577-2525 ‘ਤੇ ਸੰਪਰਕ ਕਰ ਸਕਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ