ਸਰੀ, (ਸੁਰਿੰਦਰ ਸ਼ਿੰਘ ਜੱਬਲ): ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਨੇ ਸੰਗਤ ਦੇ ਸਹਿਯੋਗ ਨਾਲ ਪੰਥ ਦੇ ਸੁਲਝੇ ਹੋਏ ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303ਵਾਂ ਜਨਮਦਿਨ 10 ਮਈ 2026 ਦਿਨ ਐਤਵਾਰ ਨੂੰ ਬੜੇ ਚਾਅ ਅਤੇ ਸੱਧਰਾਂ ਨਾਲ ਰਲ ਮਿਲ ਕੇ ਮਨਾਇਆ।ਦਿਨ ਸ਼ੁਕਰਵਾਰ 8 ਮਈ ਨੂੰ ਸਵੇਰੇ 10:00 ਵਜੇ ਸ੍ਰੀ ਅਖੰਡਪਾਠ ਅਰੰਭ ਕੀਤੇ ਗਏ ਅਤੇ 10 ਮਈ ਨੂੰ ਸ੍ਰੀ ਅਖੰਡਪਾਠ ਸੰਪੂਰਨ ਹੋਣ ਤੇ ਭੋਗ ਦੀ ਅਰਦਾਸ ਉਪਰੰਤ ਮੇਨ ਹਾਲ ਵਿਚ ਦੀਵਾਨ ਸਜੇ। ਭਾਈ ਸਰਬਜੀਤ ਸਿੰਘ ਰਮਦਾਸਵਾਲੇ ਤੇ ਭਾਈ ਇਕਬਾਲ ਸਿੰਘ ਲੁਧਿਆਣਾਵਾਲੇ ਦੋਵਾਂ ਜੱਥਿਆਂ ਨੇ ਗੁਰਬਾਣੀ ਕੀਰਤਨ ਨਾਲ ਸਿੱਖ ਸੰਗਤ ਨੂੰ ਨਿਹਾਲ ਕੀਤਾ।ਦੂਸਰੇ ਪੜਾਅ ਵਿਚ ਚਰਨਜੀਤ ਸਿੰਘ ਮਰਵਾਹਾ, ਸੁਰਿੰਦਰ ਸਿੰਘ ਜੱਬਲ, ਧਰਮ ਸਿੰਘ ਪਨੇਸਰ ਤੇ ਗਿਆਨੀ ਸਤਵਿੰਦਰਪਾਲ ਸਿੰਘ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਜੀਵਨ ਤੇ ਵਿਸਥਾਰ ਸਹਿਤ ਰੌਸ਼ਨੀ ਪਾਈ।
ਸੁਸਾਇਟੀ ਦੇ ਮੌਜੂਦਾ ਪਬਲਿਕ ਸੈਕਟਰੀ ਨੇ ਆਪਣੇ ਵਿਚਾਰ ਹਾਜ਼ਰ ਸੰਗਤ ਨਾਲ ਸਾਂਝੇ ਕਰਦਿਆਂ ਹੋਇਆਂ ਕਿਹਾ ਕਿ ਅੱਜ ਮਹਾਰਾਜੇ ਦੇ ਅਕਾਲ ਚਲਾਣਾ ਹੋ ਗਏ ਨੂੰ 223 ਵਰ੍ਹੇ ਬੀਤ ਚੁਕੇ ਹਨ।ਮਹਾਰਾਜਾ ਜੱਸਾ ਸਿੰਘ ਰਮਗੜ੍ਹੀਆ ਸਰਦਾਰ ਦੀ ਕਿਰਦਾਰਕੁਸ਼ੀ ਜੋ ਰਤਨ ਸਿੰਘ ਭੰਗੂ ਜੀ ਨੇ ਆਪਣੀ ਕ੍ਰਿਤ ‘ਪ੍ਰਾਚੀਨ ਪੰਥ ਪ੍ਰਕਾਸ਼’ 1841 ਵਿਚ ਛਾਪ ਕੇ ਕੀਤੀ ਸੀ, ਅੱਜ ਦੇ ਲੇਖਕਾਂ ਵਲੋਂ ਅਜੇ ਵੀ ਜਾਰੀ ਹੈ। ਉਸੇ ਲਿਖਤ ਨੂੰ ਆਧਾਰ ਬਣਾ ਕੇ ਮੱਖੀ ਤੇ ਮੱਖੀ ਮਾਰੀ ਜਾ ਰਹੀ ਹੈ।ਜਿਵੇਂ ਕਿ
‘’ਸਿੰਘ ਤਰਖਾਣ ਜੱਸਾ ਸਿੰਘ ਜੋਇ॥ ਦੀਨੋ ਸਿੰਘਨ ਛੇਕ ਥੋ ਸੋਇ॥ਸੋ ਆਇ ਦੀਨਾ ਬੇਗ ਪੈ ਰਹਾ॥ਸਿੰਘ ਸੈਕਰੋ ਉਸ ਸੰਗ ਅਹਾ॥’’ ਇਸ ਕਿਰਦਾਰ ਕੁਸ਼ੀ ਦੇ ਕੋਈ ਵੀ ਠੋਸ ਸਬੂਤ ਰਤਨ ਸਿੰਘ ਭੰਗੂ ਜੀ ਵਲੋਂ ਪ੍ਰਾਚੀਨ ਪੰਥ ਪ੍ਰਕਾਸ਼ ਵਿਚ ਨਹੀਂ ਮਿਲਦੇ। ਆਧਾਰ ਸਿਰਫ ਐਨਾ ਹੀ ਹੈ ਕਿ ਕਿਸੇ ਦੇ ਕਹਿਣ ੳੱਤੇ ਤੇ ਸਿਰਫ ਸੁਨਣ ਸੁਨੌਣ ਤੇ ਹੀ ਸਿਦਕੀ ਸਿੱਖ ਤੇ ਉਸ ਦੇ ਉੱਚੇ ਸੁੱਚੇ ਚਰਿਤਰ ਅਤੇ ਉਸ ਦੇ ਸ਼ਹੀਦ ਪਿਤਾ ਗਿਆਨੀ ਭਗਵਾਨ ਸਿੰਘ, ਸ਼ਹੀਦ ਬਾਬਾ ਹਰਿਦਾਸ ਅਤੇ ਪੜਦਾਦਾ ਬਿਧੀ ਚੰਦ ਭੰਵਰਾ ਵਾਸੀ ਪਿੰਡ ਸੁਰਸਿੰਘ ਵਲੋਂ ਉਸ ਕਾਲ ਦੇ ਗੁਰਸਿੱਖੀ ਜੀਵਨ ਨੂੰ ਵੀ ਗ੍ਰਿਹਿਣ ਲਾਉਣ ਦੀ ਕੋਸ਼ਿਸ਼ ਕੀਤੀ ਹੋਈ ਹੈ।
ਇਕੀਵੀਂ ਸਦੀ ਦੇ ਮੌਜੂਦਾ ਲਿਖਾਰੀ ਤੇ ਪ੍ਰਕਾਸ਼ਕ ਅਜੇ ਵੀ ਬਿਨਾ ਸੋਚੇ ਸਮਝੇ ਤੇ ਬਿਨਾਂ ਪੜਤਾਲ ਕੀਤਿਆਂ ਇਹੋ ਜਿਹੀ ਲਿਖਤੀ ਬਿਆਨਬਾਜ਼ੀ ਕਰੀ ਜਾਂਦੇ ਹਨ ਤੇ ਕਈ ਇਹ ਦੋ ਸਤਰਾਂ ਲਿਖ ਕੇ ਹੇਠਾਂ ਫੁੱਟਨੋਟ ਲਿਖ ਦਿੰਦੇ ਹਨ ਕਿ ‘’ਖੋਜ ਕਰਨ ਤੇ ਸਾਨੂੰ ਇਸ ਤੁਹਮਤਿ ਦੀ ਪੁਸ਼ਟੀ ਦੇ ਕੋਈ ਸਬੂਤ ਨਹੀਂ ਮਿਲੇ’’।ਸੁਆਲ ਬਣਦਾ ਹੈ ਕਿ ਜੇ ਪੁਸ਼ਟੀ ਨਹੀਂ ਹੋਈ ਤੇ ਫਿਰ ਇਸ ਦੀ ਭੂਮਿਕਾ ਬੰਨਣ ਦੀ ਕੀ ਲੋੜ ਸੀ?
ਬਹੁਤ ਸਾਰੇ ਵਿਦਵਾਨਾਂ ਨੇ ਇਸ ਬਾਰੇ ਖੋਜ ਕਰਕੇ ਇਸ ਵਾਰਤਾਲਾਪ ਨੂੰ ਨਿਕਾਰਿਆ ਹੈ।ਵਿਸ਼ੇਸ਼ ਕਰਕੇ ਅਲ਼ੀ-ਉਦ-ਦੀਨ ਨੇ ਆਪਣੀ ਪੁਸਤਕ ‘ਇਬਰਤਨਾਮਾ’ Written in 1854 ਵਿਚ ਇਸ ਘਟਨਾ ਬਾਰੇ ਕੁਝ ਨਹੀਂ ਲਿਖਿਆ; ਸਿੱਖਾਂ ਦੇ ਲਿਖੇ ਇਤਿਹਾਸਾਂ ਵਿਚ ਇਸ ਦਾ ਜ਼ਿਕਰ ਅਉਂਦਾ ਹੈ।ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ (ਸਿੱਖ ਰਾਜ ਦੇ ਉਸਰੱਈਏ, ਭਾਗ 2, Printed in 1942) ਵਿਚ ਆਉਂਦਾ ਹੈ ਕਿ ਸ. ਜੱਸਾ ਸਿੰਘ ਪੰਥ ਦੀ ਪ੍ਰਵਾਨਗੀ ਨਾਲ ਹੀ ਅਦੀਨਬੇਗ ਪਾਸ ਜਾ ਰਹਿਆ ਸੀ।
ਜਗਤ ਪ੍ਰਸਿੱਧ ਆਰਟਿਸਟ (R.M. Singh) ਰਾਹੀ ਮੋਹਿੰਦਰ ਸਿੰਘ ਜੀ ਵਲੋਂ 1994 ਵਿਚ ਸ. ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਬਣਾਈ ਹੋਈ ਪੇਂਟਿੰਗ (ਜਿਸ ਦੀ ਫੋਟੋ ਕਾਪੀ ਇਸ ਲਿਖਤ ਵਿਚ ਲਗਾਈ ਗਈ ਹ੍ਹੈ) ਨੂੰ ਅੱਜਕਲ ਇੰਟਰਨੈਟ, ਯੂ ਟੀਊਬ ਅਤੇ ਫੇਸਬੁੱਕ ਰਾਹੀਂ ਬਹੁਤ ਸਭਾ ਸੁਸਾਇਟੀਆਂ, ਵਿਓਪਾਰਕ ਅਦਾਰੇ ਸਣੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਸ ਨੂੰ ਸ,ਜੱਸਾ ਸਿੰਘ ਆਹਲੂਵਾਲੀਆ ਜੀ ਨੂੰ ਅਰਪਿਤ ਕਰਕੇ ਪ੍ਰਚਾਰਿਆ ਹੋਇਆ ਹੈ, ਜੋ ਕਿ ਮਹਾਰਾਜਾ ਜੀ ਦੀ ਪਹਿਚਾਣ ਖੋਹਣ ਦੇ ਬਰਾਬਰ ਹੈ।ਪ੍ਰਸਿੱਧ ਸਿੱਖ ਵਿਦਵਾਨ ਤੇ ਫੋਟੋ ਜਰਨਿਲਿਸਟ ਸ. ਜੈਤੇਗ ਸਿੰਘ ਅਨੰਤ ਜੀ ਵਲੋਂ 2021 ਵਿਚ ਛਾਪੀ ਟੇਬਲ ਸਾਈਜ਼ ਬੁੱਕ ‘’ਰਾਮਗੜ੍ਹੀਆ ਵਿਰਾਸਤ’’ ਵਿਚ ਇਸ ਫੋਟੋ ਨੂੰ ਫਰੰਟ ਪੇਜ ਤੇ ਪ੍ਰਕਾਸ਼ਿਤ ਕਰਕੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੂੰ ਆਪਣੀ ਵਿਰਾਸਤੀ ਮਾਣ ਮਰਿਯਾਦਾ ਦੀ ਪਹਿਦਾਰੀ ਦੇ ਸੰਦੇਸ਼ ਦੀ ਜਿੰਮੇਵਾਰੀ ਨੂੰ ਨਿਭ੍ਹਾਇਆ ਹੈ। ਦੇਸ ਅਤੇ ਵਿਦੇਸਾਂ ਵਿਚਲੀਆਂ ਰਾਮਗੜ੍ਹੀਆ ਸੰਸ਼ਥਾਵਾਂ ਪਿਛਲੇ ਤਕਸੀਬਨ 7-8 ਸਾਲਾਂ ਤੋਂ ਹੀ ਆਪਣੇ ਵਿਰਸੇ ਦੀ ਸੇਵਾ ਸੰਭਾਲ ਲਈ ਸੰਯੁਕਤ ਤੌਰ ਤੇ ਲਾਮਬੰਦ ਹੋਈਆਂ ਹਨ ਤੇ ਸਾਨੂੰ ਆਪਣੀ ਵਿਰਾਸਤ ਨੂੰ ਸ੍ਹਹੀ ਸੇਧ ਦੇਣ ਲਈ ਨਵੇਂ ਉਠ ਰਹੇ ਲੇਖਕਾਂ ਤੇ ਵਿਦਵਾਨਾਂ ਨਾਲ ਰਾਬਤਾ ਕਰਨ ਤੇ ਰੱਖਣ ਲਈ ਪਹਿਲਕਦਮੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਇਤਿਹਾਸ ਵਿਚ ਮਿਥਿਹਾਸਕ ਤਰੁਟੀਆਂ ਨੂੰ ਸੋਧ ਕੇ ਰਾਮਗੜ੍ਹੀਆ ਵਿਰਸੇ ਦੀ ਸਹੀ ਤਰਜਮਾਨੀ ਕੀਤੀ ਜਾ ਸਕੇ।
ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵਲੋਂ ਕੌਮੀ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303ਵਾਂ ਜਨਮ ਦਿਹਾੜਾ ਮਨਾਇਆ ਗਿਆ

