10.5 C
Vancouver
Saturday, May 16, 2026

ਬੀ.ਸੀ. ਵਿੱਚ ਨਵੇਂ ਕਾਰੋਬਾਰਾਂ ਲਈ 20 ਮਿਲੀਅਨ ਡਾਲਰ ਦਾ ਨਵਾਂ ਫੰਡ ਜਾਰੀ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਸਥਾਨਕ ਪੱਧਰ ‘ਤੇ ਹੋਣ ਵਾਲੀਆਂ ਖੋਜਾਂ ਨੂੰ ਵਪਾਰਕ ਪੱਧਰ ‘ਤੇ ਉਤਸ਼ਾਹਿਤ ਕਰਨ ਲਈ InBC ਇਨਵੈਸਟਮੈਂਟ ਕੌਰਪੋਰੇਸ਼ਨ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ (SFU) ਵਿਚਕਾਰ ਇੱਕ ਅਹਿਮ ਰਣਨੀਤਕ ਸਾਂਝੇਦਾਰੀ ਹੋਈ ਹੈ।
ਇਸ ਭਾਈਵਾਲੀ ਤਹਿਤ 20 ਮਿਲੀਅਨ ਡਾਲਰ ਦੇ ‘SFU ਇਨੋਵੇਟਸ ਵੈਂਚਰ ਫੰਡ’ ਦੀ ਸਥਾਪਨਾ ਕੀਤੀ ਗਈ ਹੈ। ਇਸ ਫੰਡ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੀਆਂ ਖੋਜਾਂ, ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀਆਂ ਦੇ ਨਵੀਨਤਾਕਾਰੀ ਵਿਚਾਰਾਂ ‘ਤੇ ਆਧਾਰਿਤ ਕੰਪਨੀਆਂ ਦੇ ਵਿਕਾਸ ਨੂੰ ਤੇਜ਼ ਕਰਨਾ ਹੈ। ਇਸ ਉਪਰਾਲੇ ਨਾਲ ਸੂਬੇ ਵਿੱਚ ਨਾ ਸਿਰਫ਼ ਉੱਚ-ਗੁਣਵੱਤਾ ਵਾਲੀਆਂ ਨੌਕਰੀਆਂ ਪੈਦਾ ਹੋਣਗੀਆਂ, ਸਗੋਂ ਬੀ.ਸੀ. ਦੀ ਬੌਧਿਕ ਸੰਪਤੀ ਅਤੇ ਪ੍ਰਤਿਭਾਸ਼ਾਲੀ ਮਨੁੱਖੀ ਸ਼ਕਤੀ ਨੂੰ ਸਥਾਨਕ ਪੱਧਰ ‘ਤੇ ਹੀ ਬਰਕਰਾਰ ਰੱਖਣ ਵਿੱਚ ਵੱਡੀ ਮਦਦ ਮਿਲੇਗੀ।
ਰੁਜ਼ਗਾਰ ਅਤੇ ਆਰਥਿਕ ਵਿਕਾਸ ਮੰਤਰੀ ਰਵੀ ਕਾਹਲੋਂ ਨੇ ਇਸ ਮੌਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੀ.ਸੀ. ਦੀਆਂ ਕੁਝ ਸਭ ਤੋਂ ਸਫਲ ਕੰਪਨੀਆਂ ਦੀਆਂ ਜੜ੍ਹਾਂ ਸਾਈਮਨ ਫਰੇਜ਼ਰ ਯੂਨੀਵਰਸਿਟੀ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਮੌਜੂਦਾ ਵਿਸ਼ਵ-ਵਿਆਪੀ ਆਰਥਿਕ ਅਨਿਸ਼ਚਿਤਤਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਵੇਂ ਕਾਰੋਬਾਰਾਂ ਲਈ ਪੂੰਜੀ ਜੁਟਾਉਣਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਅਜਿਹੀ ਸਥਿਤੀ ਵਿੱਚ ਇਹ ਫੰਡ ਕਾਰੋਬਾਰਾਂ ਨੂੰ ਵਿਕਸਿਤ ਕਰਨ ਅਤੇ ਵਧੀਆ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਵੇਗਾ। ਇਹ ਨਿਵੇਸ਼ ਸੂਬਾ ਸਰਕਾਰ ਦੀ ‘ਲੁੱਕ ਵੈਸਟ’ ਕਾਰਜਨੀਤੀ ਦਾ ਇੱਕ ਅਹਿਮ ਹਿੱਸਾ ਹੈ, ਜੋ ਇੱਕ ਲਚਕੀਲੀ ਅਤੇ ਮਜ਼ਬੂਤ ਆਰਥਿਕਤਾ ਦੀ ਉਸਾਰੀ ਲਈ ਵਚਨਬੱਧ ਹੈ।
ਵਿੱਤੀ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਫੰਡ ਨੂੰ InBC ਵੱਲੋਂ 7.5 ਮਿਲੀਅਨ ਡਾਲਰ ਅਤੇ SFU ਵੱਲੋਂ 7.5 ਮਿਲੀਅਨ ਡਾਲਰ ਦੀ ਸਹਾਇਤਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਖ-ਵੱਖ ਨਿਵੇਸ਼ਕਾਂ ਅਤੇ ਪਰਉਪਕਾਰੀ ਦਾਨੀ ਸੱਜਣਾਂ ਰਾਹੀਂ ਵਾਧੂ 5 ਮਿਲੀਅਨ ਡਾਲਰ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਕੁੱਲ ਰਕਮ ਨੂੰ 20 ਮਿਲੀਅਨ ਡਾਲਰ ਤੱਕ ਪਹੁੰਚਾਇਆ ਜਾ ਸਕੇ। ਇਹ ਰਾਸ਼ੀ ਖ਼ਾਸ ਤੌਰ ‘ਤੇ ਉਨ੍ਹਾਂ ਖੇਤਰਾਂ ਵਿੱਚ ਨਿਵੇਸ਼ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਆਰਥਿਕ ਵਾਧੇ ਦੀਆਂ ਵੱਡੀਆਂ ਸੰਭਾਵਨਾਵਾਂ ਹਨ, ਜਿਵੇਂ ਕਿ ਲਾਈਫ ਸਾਇੰਸਜ਼, ਡੀਪ ਟੈਕ ਅਤੇ ਕਲੀਨ ਟੈਕ। ਇਨ੍ਹਾਂ ਖੇਤਰਾਂ ਵਿੱਚ ਵਿਗਿਆਨਕ ਸਫਲਤਾਵਾਂ ਅਤੇ ਵਾਤਾਵਰਣ ਪੱਖੀ ਉਤਪਾਦਾਂ ‘ਤੇ ਕੰਮ ਕਰਨ ਵਾਲੀਆਂ ਕੰਪਨੀਆਂ ਨੂੰ ਤਰਜੀਹ ਦਿੱਤੀ ਜਾਵੇਗੀ।
ਇਸ ਭਾਈਵਾਲੀ ਦੀ ਘੋਸ਼ਣਾ ਵੈਨਕੂਵਰ ਵਿੱਚ ਹੋਈ ‘ਵੈਬ ਸਮਿੱਟ’ ਦੌਰਾਨ ਕੀਤੀ ਗਈ, ਜੋ ਬੀ.ਸੀ. ਨੂੰ ਨਿਵੇਸ਼ ਦੇ ਵਿਸ਼ਵ-ਵਿਆਪੀ ਕੇਂਦਰ ਵਜੋਂ ਉਭਾਰਦੀ ਹੈ। InBC ਦੇ ਚੀਫ਼ ਇਨਵੈਸਟਮੈਂਟ ਅਫ਼ਸਰ ਥੌਮਸ ਪਾਰਕ ਨੇ ਦੱਸਿਆ ਕਿ SFU ਨਾਲ ਇਹ ਸਾਂਝੇਦਾਰੀ ਸੂਬੇ ਅੰਦਰ ਵਪਾਰਿਕਰਨ ਦੀ ਸਮਰੱਥਾ ਵਧਾਉਣ ਲਈ ਕਦਮ ਹੈ। ਉਨ੍ਹਾਂ ਨੇ Photonic ਵਰਗੀਆਂ ਸਫਲ ਕੰਪਨੀਆਂ ਦੀ ਮਿਸਾਲ ਦਿੱਤੀ ਜਿਨ੍ਹਾਂ ਨੇ ਕਵਾਂਟਮ ਕੰਪਿਊਟਿੰਗ ਵਰਗੇ ਗੁੰਝਲਦਾਰ ਖੇਤਰਾਂ ਵਿੱਚ ਕੰਮ ਕਰਕੇ ਸੂਬੇ ਦਾ ਨਾਂ ਰੌਸ਼ਨ ਕੀਤਾ ਹੈ। ਅਜਿਹੇ ਨਿਵੇਸ਼ਾਂ ਨਾਲ ਆਉਣ ਵਾਲੇ ਸਮੇਂ ਵਿੱਚ ਲਾਈਫ ਸਾਇੰਸਜ਼ ਦੇ ਖੇਤਰ ਵਿੱਚ ਰੁਜ਼ਗਾਰ ਨੂੰ ਦੁੱਗਣਾ ਕਰਕੇ 40,000 ਤੱਕ ਅਤੇ ਤਕਨਾਲੋਜੀ ਖੇਤਰ ਵਿੱਚ 400,000 ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਗਿਆ ਹੈ।
SFU ਵਿਖੇ ਰਿਸਰਚ ਅਤੇ ਇਨੋਵੇਸ਼ਨ ਦੇ ਵਾਈਸ-ਪ੍ਰੈਜ਼ੀਡੈਂਟ ਡੂਗਨ ਓ’ਨੀਲ ਨੇ ਵੀ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਵਿਚਾਰਾਂ ਨੂੰ ਲੈਬ ਤੋਂ ਬਾਹਰ ਕੱਢ ਕੇ ਅਸਲ ਦੁਨੀਆ ਵਿੱਚ ਲਾਗੂ ਕਰਨ ਦੀ ਹਾਮੀ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਯੂਨੀਵਰਸਿਟੀ ਨੇ 500 ਤੋਂ ਵੱਧ ਅਜਿਹੇ ਉਪਰਾਲਿਆਂ ਦਾ ਸਮਰਥਨ ਕੀਤਾ ਹੈ। ਇਸੇ ਤਰ੍ਹਾਂ Photonic Inc. ਦੀ ਸਹਿ-ਸੰਸਥਾਪਕ ਸਟੈਫ਼ਨੀ ਸਿਮਨਜ਼ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ SFU ਵਿੱਚ ਮੌਜੂਦ ਪ੍ਰਤਿਭਾਸ਼ਾਲੀ ਕਾਰਜਬਲ ਅਤੇ ਖੋਜ ਅਧਾਰਿਤ ਮਾਹੌਲ ਕਾਰਨ ਹੀ ਉਨ੍ਹਾਂ ਦੀ ਕੰਪਨੀ ਅੱਜ ਵਿਸ਼ਵ ਪੱਧਰ ‘ਤੇ ਪ੍ਰਭਾਵ ਪਾ ਰਹੀ ਹੈ। ਅੰਤ ਵਿੱਚ, ਇਹ ਫੰਡ ਬੀ.ਸੀ. ਦੀ ‘ਲੁੱਕ ਵੈਸਟ’ ਰਣਨੀਤੀ ਨੂੰ ਸਫ਼ਲ ਬਣਾਉਣ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ