8.2 C
Vancouver
Sunday, April 26, 2026

ਗ਼ਦਰ ਲਹਿਰ ਵਿੱਚ ਸ਼ਹੀਦੀ ਪਾਉਣ ਵਾਲੇ ਕੈਨੇਡਾ ਦੇ ਸਭ ਤੋਂ ਧਨਵਾਨ ਅਤੇ ਦਾਨੀ ਸਿੱਖ ਭਾਈ ਰਾਮ ਸਿੰਘ ਧੁਲੇਤਾ

ਡਾ ਗੁਰਵਿੰਦਰ ਸਿੰਘ
604-825-1550
ਗ਼ਦਰ ਲਹਿਰ ਵਿੱਚ ਸ਼ਹੀਦੀ ਪਾਉਣ ਵਾਲੇ ਕੈਨੇਡਾ ਦੇ ਸਭ ਤੋਂ ਧਨਵਾਨ ਅਤੇ ਦਾਨੀ ਭਾਈ ਰਾਮ ਸਿੰਘ ਧੁਲੇਤਾ ਕੈਨੇਡਾ ਦੇ ਮੋਢੀ ਸਿੱਖਾਂ ਵਿਚੋਂ ਪ੍ਰਮੁੱਖ ਸਨ। ਭਾਈ ਰਾਮ ਸਿੰਘ ਧੁਲੇਤਾ ਦਾ ਜਨਮ ਸੰਨ 1886 ਵਿੱਚ ਗੁਰਾਇਆ ਨੇੜੇ, ਤਹਿਸੀਲ ਫਿਲੌਰ ਜ਼ਿਲਾ ਜਲੰਧਰ ‘ਚ ਪੈਂਦੇ ਪਿੰਡ ਧੁਲੇਤਾ ਵਿਖੇ ਕਿਸਾਨ ਭਾਈ ਜੀਵਨ ਸਿੰਘ ਸਹੋਤਾ ਦੇ ਗ੍ਰਹਿ ਵਿਖੇ ਹੋਇਆ। ਧੁਲੇਤਾ ਪਿੰਡ ਵਿੱਚ ਖੇਤੀਬਾੜੀ ਕਰਦਿਆਂ, ਕਰੀਬ 21 ਸਾਲ ਦੀ ਉਮਰ ਵਿੱਚ ਆਪ ਨੇ ਕੈਨੇਡਾ ਆਉਣ ਦਾ ਫੈਸਲਾ ਲਿਆ। ਮਿਹਨਤ-ਮੁਸ਼ੱਕਤ ਕਰਕੇ ਆਰਥਿਕ ਜੀਵਨ ਦੀ ਖੁਸ਼ਹਾਲੀ ਲਈ ਭਾਈ ਰਾਮ ਸਿੰਘ ਸੰਨ 1907 ਵਿੱਚ ਵੈਨਕੂਵਰ ਆਏ। ਇੱਥੇ ਆ ਕੇ ਆਪ ਨੇ ਲੱਕੜ ਦੀ ਮਿੱਲ ‘ਚ ਕੰਮ ਸ਼ੁਰੂ ਕੀਤਾ ਤੇ ਜਲਦੀ ਹੀ ‘ਫੋਰਮੈਨ’ ਬਣ ਗਏ। ਕੁਝ ਸਮਾਂ ਮਗਰੋਂ ਆਪ ਨੇ ਨੌਕਰੀ ਛੱਡ ਕੇ ਲੱਕੜ ਲੱਦਣ ਦੇ ਠੇਕੇ ਲੈਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਅਤੇ ਵੱਡੀ ਕਾਮਯਾਬੀ ਹਾਸਿਲ ਕੀਤੀ।
ਸਖਤ ਮਿਹਨਤ ਅਤੇ ਤੀਖਣ ਬੁੱਧੀ ਸਦਕਾ ਭਾਈ ਰਾਮ ਸਿੰਘ ਧੁਲੇਤਾ ਨੇ ਕੈਨੇਡਾ ਵਿੱਚ ਰੀਅਲ ਅਸਟੇਟ ਦੇ ਖੇਤਰ ਵਿੱਚ ਚੋਖੀ ਜਾਇਦਾਦ ਬਣਾਈ। ਇਹ ਅਜਿਹਾ ਸਮਾਂ ਸੀ ਜਦੋਂ ਵੈਨਕੂਵਰ ਵਿੱਚ ਰੀਅਲ ਸਟੇਟ ਦੀਆਂ ਕੀਮਤਾਂ ਸਿਖਰ ਨੂੰ ਛੂ ਰਹੀਆਂ ਸਨ। ਅਜਿਹੇ ਸਮੇਂ ਭਾਈ ਰਾਮ ਸਿੰਘ ਧੁਲੇਤਾ ਨੇ ਆਪਣਾ ਪੈਸਾ ਜ਼ਮੀਨ ਖਰੀਦਣ ਵਿੱਚ ਲਾ ਦਿੱਤਾ। ਕੈਨੇਡਾ ਅਤੇ ਅਮਰੀਕਾ ਦੇ ਮੋਢੀ ਸਿੱਖਾਂ ਅਤੇ ਗ਼ਦਰੀ ਯੋਧਿਆਂ ਬਾਰੇ, ਅੰਮ੍ਰਿਤਸਰ ਤੋਂ ਛਪਦੇ ‘ਕਿਰਤੀ’ ਅਖਬਾਰ ਦੇ ਫਰਵਰੀ 1927 ਦੇ ਅੰਕ ਵਿੱਚ ਭਾਈ ਰਾਮ ਸਿੰਘ ਧੁਲੇਤਾ ਦੇ ਲਿਖੇ ਜੀਵਨ ‘ਚੋਂ ਵੇਰਵਾ ਮਿਲਦਾ ਹੈ ਕਿ ਆਪ ਕੈਨੇਡਾ ਦੇ ਸਭ ਤੋਂ ਧਨੀ ਸਿੱਖ ਸਨ, ਜਿਹਨਾਂ ਕੈਨੇਡਾ ਵਿੱਚ ਇਕ ਲੱਖ ਪੱਚੀ ਹਜ਼ਾਰ ਡਾਲਰ ਦੀ ਜ਼ਮੀਨ ਖਰੀਦੀ ਸੀ ਅਤੇ ਇਸ ਤੋਂ ਇਲਾਵਾ ਵੱਡੀ ਪੱਧਰ ਤੇ ਹੋਰ ਵੀ ਧਨ ਵੱਖ-ਵੱਖ ਧੰਦਿਆਂ ਵਿੱਚ ਨਿਵੇਸ਼ ਕੀਤਾ ਸੀ।
ਵੱਡੀ ਗੱਲ ਇਹ ਸੀ ਕਿ ਭਾਈ ਰਾਮ ਸਿੰਘ ਧੁਲੇਤਾ ਆਰਥਿਕ ਪੱਖੋਂ ਏਨੇ ਖੁਸ਼ਹਾਲ ਹੁੰਦਿਆਂ ਵੀ, ਬੇਹੱਦ ਹਲੀਮੀ ਵਾਲੇ ਸੁਭਾਅ ਦੇ ਮਾਲਕ ਸਨ ਅਤੇ ਕਿਸੇ ਤਰ੍ਹਾਂ ਦਾ ਮਾਣ ਨਹੀਂ ਸਨ ਕਰਦੇ। ਉਹ ਆਪਣੇ ਸਮੇਂ ਦੇ ਵੱਡੇ ਦਾਨੀ ਸਿੱਖ ਸਨ, ਜਿਹਨਾਂ ਕੈਨੇਡਾ ਵਿੱਚ ਗੁਰਦੁਆਰਿਆਂ ਦੀ ਸਥਾਪਨਾ, ਲੋੜਵੰਦ ਭਾਰਤੀਆਂ ਦੀ ਮਦਦ, ਗੁਰੂ ਨਾਨਕ ਜਹਾਜ਼ ਦੀ ਕਿਸ਼ਤ ‘ਚ ਵੱਡੇ ਪੱਧਰ ਤੇ ਦਾਨ ਦੇਣ ਦੇ ਨਾਲ-ਨਾਲ, ਗ਼ਦਰ ਪਾਰਟੀ ਦੀ ਸਥਾਪਨਾ ‘ਚ ਤਨੋ, ਮਨੋ ਅਤੇ ਧਨੋ ਭਰਪੂਰ ਯੋਗਦਾਨ ਪਾਇਆ ਸੀ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਅਤੇ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਦੇ ਗੁਰਦੁਆਰਿਆਂ ਦੀ ਸਥਾਪਨਾ ਵਿੱਚ ਆਪ ਨੇ ਪ੍ਰਮੁੱਖ ਦਾਨੀ ਵਜੋਂ ਸੇਵਾ ਨਿਭਾਈ। ਗੁਰਦੁਆਰਾ ਸਥਾਨਾਂ ‘ਚ ਗੁਰਪੁਰਬ ਮਨਾਉਣ ਜਾਂ ਸਮਾਜਿਕ ਅਤੇ ਰਾਜਨੀਤਿਕ ਇਕੱਠਾਂ ਮੌਕੇ ਵੱਡੇ ਖਰਚੇ ਭਾਈ ਰਾਮ ਸਿੰਘ ਧੁਲੇਤਾ ਹੀ ਕਰਿਆ ਕਰਦੇ ਸਨ।
ਭਾਈ ਰਾਮ ਸਿੰਘ ਧੁਲੇਤਾ ਅੰਦਰ ਮਨੁੱਖੀ ਹੱਕਾਂ, ਆਜ਼ਾਦੀ ਲਈ ਸੰਘਰਸ਼, ਨਸਲਵਾਦ ਖਿਲਾਫ ਸੋਚ ਅਤੇ ਬਸਤੀਵਾਦ ਵਿਰੋਧੀ ਦ੍ਰਿੜ ਇਰਾਦਾ ਮਜ਼ਬੂਤ ਸੀ। ਗ਼ਦਰ ਪਾਰਟੀ ਦੀ ਸਥਾਪਨਾ ਵੇਲੇ ਸੰਨ 1913 ਵਿੱਚ ਆਪ ਅਮਰੀਕਾ ਗਏ ਅਤੇ ਪਾਰਟੀ ਲਈ ਫੰਡ ਇਕੱਠੇ ਕਰਨ ਅਤੇ ਆਪਣੇ ਵੱਲੋਂ ਦਾਨ ਦੇਣ ਵਿੱਚ ਚੋਖਾ ਸਹਿਯੋਗ ਪਾਇਆ। ਆਪ ਨੇ ਆਪਣੀ ਅਮਰੀਕਾ ਵਿਖੇ ਜਾਇਦਾਦ ਵੀ ਗ਼ਦਰ ਪਾਰਟੀ ਨੂੰ ਦਾਨ ਕੀਤੀ। ਪਹਿਲੀ ਸੰਸਾਰ ਜੰਗ ਸ਼ੁਰੂ ਹੋਣ ਵੇਲੇ ਅਗਸਤ 1914 ਨੂੰ ਅਮਰੀਕਾ ਅਤੇ ਕੈਨੇਡਾ ਤੋਂ ਬਹੁਤ ਸਾਰੇ ਗ਼ਦਰੀ ਯੋਧੇ ਭਾਰਤ ਵੱਲ ਰਵਾਨਾ ਹੋ ਗਏ ਸਨ। ਅਮਰੀਕਾ ਤੋਂ ਗ਼ਦਰ ਪਾਰਟੀ ਦੇ ਪ੍ਰਧਾਨ ਭਾਈ ਭਗਵਾਨ ਸਿੰਘ ਪ੍ਰੀਤਮ ਅਤੇ ਸਕੱਤਰ ਭਾਈ ਸੰਤੋਖ ਸਿੰਘ ਧਰਦਿਓ ਸਿਆਂਮ-ਬਰਮਾ ਚਲੇ ਗਏ। ਉਸ ਸਮੇਂ ਸਾਨ-ਫਰਾਂਸਿਸਕੋ ਵਿਖੇ ਗ਼ਦਰ ਆਸ਼ਰਮ ਵਿੱਚ ਪਾਰਟੀ ਦਾ ਪ੍ਰਬੰਧਕ ਤੇ ਗ਼ਦਰ ਅਖਬਾਰ ਦਾ ਐਡੀਟਰ ਪੰਡਤ ਰਾਮ ਚੰਦਰ ਪਿਸ਼ਾਵਰੀ ਹੀ ਰਹਿ ਗਿਆ ਸੀ। ਉਹ ਲਾਲਾ ਹਰਦਿਆਲ ਦੀ ‘ਮਿਹਰਬਾਨੀ’ ਨਾਲ ਆਪਣੀ ਪਤਨੀ ਸਣੇ ਅਮਰੀਕਾ ਆਇਆ ਸੀ, ਜਿਸ ਨੇ ਜਲਦੀ ਗ਼ਦਰ ਪਾਰਟੀ ਵਿੱਚ ਆਪਣਾ ਅਸਰ-ਰਸੂਖ ਕਾਇਮ ਕਰ ਲਿਆ ਤੇ ਗ਼ਦਰ ਪਾਰਟੀ ਦੇ ਆਸ਼ਰਮ ਅਤੇ ਪ੍ਰੈਸ ਤੇ ਵੀ ਗਲਬਾ ਪਾ ਲਿਆ ਸੀ।
ਪੰਡਤ ਰਾਮ ਚੰਦਰ ਪਿਸ਼ਾਵਰੀ ਅੰਦਰੋਂ ਬੇਈਮਾਨ ਅਤੇ ਮੌਕਾਪ੍ਰਸਤ ਵਿਅਕਤੀ ਸੀ। ਬਾਕੀ ਗ਼ਦਰੀਆਂ ਦੇ ਭਾਰਤ ਜਾਣ ਮਗਰੋਂ ਰਾਮ ਚੰਦਰ ਦੇ ਮਨ ਵਿੱਚ ਗ਼ਦਰ ਪਾਰਟੀ, ਪ੍ਰੈਸ ਅਤੇ ਆਸ਼ਰਮ ਤੇ ਕਬਜ਼ਾ ਕਰਨ ਦੀ ਖੋਟ ਸੀ। ਉਸ ਨੂੰ ਸਭ ਤੋਂ ਵੱਡਾ ਖਤਰਾ ਭਾਈ ਰਾਮ ਸਿੰਘ ਧੁਲੇਤਾ ਤੋਂ ਹੀ ਸੀ, ਕਿਉਂਕਿ ਕਈ ਆਮ ਵਿਅਕਤੀਆਂ ਨੂੰ ਉਸ ਨੇ ਪ੍ਰਭਾਵਿਤ ਕਰ ਲਿਆ ਸੀ। ਅਜਿਹੇ ਮੌਕੇ ਗਹਿਰੀ ਚਾਲ ਖੇਡਦਿਆਂ ਪੰਡਤ ਰਾਮ ਚੰਦਰ ਪਿਸ਼ਾਵਰੀ ਨੇ ਭਾਈ ਰਾਮ ਸਿੰਘ ਧੁਲੇਤਾ ਨੂੰ ਕਿਹਾ ਕਿ ਉਹ ਗ਼ਦਰੀ ਯੋਧਿਆਂ ਲਈ ਸੁਨੇਹਾ ਲੈ ਕੇ ਭਾਰਤ ਰਵਾਨਾ ਹੋ ਜਾਣ। ਉਸ ਨੇ ‘ਗੁਪਤ ਸਨੇਹਾ’ ਭਾਈ ਸਾਹਿਬ ਦੇ ਬੂਟ ਦੇ ਤਲਿਆਂ ਵਿੱਚ ਲੁਕੋ ਕੇ ਭੇਜਿਆ ਅਤੇ ਕਿਹਾ ਕਿ ਇਸ ਵਿੱਚ ‘ਗੁਪਤ ਸੰਦੇਸ਼ ਅਤੇ ਪੈਸੇ’ ਹਨ, ਤਾਂ ਕਿ ਭਾਰਤ ਵਿੱਚ ਗ਼ਦਰੀ ਯੋਧੇ ਇਹ ਧਨ ਹਥਿਆਰਾਂ ਲਈ ਖਰਚ ਕਰ ਲੈਣ।
ਭਾਈ ਰਾਮ ਸਿੰਘ ਧੁਲੇਤਾ ਅਮਰੀਕਾ ਤੋਂ ਮਨੀਲੇ ਪੁੱਜ ਗਏ ਜਦ ਕਿ ਉਧਰੋਂ ਭਾਈ ਭਗਵਾਨ ਸਿੰਘ ਪ੍ਰੀਤਮ ਉੱਥੇ ਰੁਕੇ ਹੋਏ ਸਨ। ਜਦੋਂ ਉਹਨਾਂ ਪੰਡਤ ਰਾਮ ਚੰਦਰ ਪਿਸ਼ਾਵਰੀ ਦੇ ‘ਗੁਪਤ ਸਨੇਹੇ’ ਦੀ ਗੱਲ ਭਾਈ ਰਾਮ ਸਿੰਘ ਧੁਲੇਤਾ ਤੋਂ ਸੁਣੀ, ਤਾਂ ਭਾਈ ਪ੍ਰੀਤਮ ਨੂੰ ਸ਼ੱਕ ਹੋਇਆ। ਉਹਨਾਂ ਬੂਟ ਦੇ ਤਲੇ ਪੁੱਟ ਕੇ ਜੋ ਗੁਪਤ ਸੁਨੇਹਾ ਕੱਢਿਆ, ਉਹ ਗ਼ਦਰ ਅਖਬਾਰ ਦਾ ਇੱਕ ਪੁਰਾਣਾ ਇਸ਼ਤਿਹਾਰ ਸੀ ਅਤੇ ਕੋਈ ਪੈਸਾ-ਧੇਲਾ ਨਹੀਂ ਸੀ। ਰਾਮ ਚੰਦਰ ਪੇਸ਼ਾਵਰੀ ਦੀ ਅਜਿਹੀ ਬੇਈਮਾਨੀ ਅਤੇ ਸਾਜਿਸ਼ ਤੋਂ ਭਾਈ ਰਾਮ ਸਿੰਘ ਧੁਲੇਤਾ ਅਤਿਅੰਤ ਨਿਰਾਸ਼ ਹੋਏ। ਗ਼ਦਰ ਪਾਰਟੀ ਦੇ ਸਕੱਤਰ ਭਾਈ ਸੰਤੋਖ ਸਿੰਘ ਧਰਦਿਓ ਅਤੇ ਭਾਈ ਰਾਮ ਸਿੰਘ ਧੁਲੇਤਾ ਕੁਝ ਸਮਾਂ ਚੀਨ ਵਿੱਚ ਰੁਕੇ ਅਤੇ ਮਗਰੋਂ ਜਪਾਨ ਦੇ ਟਾਪੂ ‘ਹੁਨੂਲੂਲੂ’ ਵਿਖੇ ਪੁੱਜ ਗਏ। ਇਹ ਉਹੀ ਟਾਪੂ ਹੈ, ਜੋ ਅੱਜ ਕੱਲ ‘ਹਵਾਈ’ ਦੀ ਸੈਰਗਾਹ ਬਣਿਆ ਹੋਇਆ ਹੈ। ਇਥੇ ਗ਼ਦਰੀ ਯੋਧੇ ਕੁਝ ਸਮਾਂ ਰੋਕੇ ਤੇ ਮਗਰੋਂ ਪੂਰਬੀ ਫਰੰਟ ਵੱਲੋਂ ਭਾਈ ਭਗਵਾਨ ਸਿੰਘ ਪ੍ਰੀਤਮ 1916 ‘ਚ ਅਕਤੂਬਰ ਮਹੀਨੇ ਅਮਰੀਕਾ ਪਹੁੰਚ ਗਏ, ਜਦ ਕਿ ਉਸ ਤੋਂ ਛੇਤੀ ਮਗਰੋਂ ਭਾਈ ਸੰਤੋਖ ਸਿੰਘ ਧਰਦਿਉ ਅਤੇ ਭਾਈ ਰਾਮ ਸਿੰਘ ਧੁਲੇਤਾ ਞੀ ਅਮਰੀਕਾ ਆ ਗਏ।
ਗ਼ਦਰੀਆਂ ਦੇ ਅਮਰੀਕਾ ਤੋਂ ਪੰਜਾਬ ਵਿਚ ਚਲੇ ਜਾਣ ਮਗਰੋਂ, ਪੰਡਤ ਰਾਮ ਚੰਦਰ ਪਿਸ਼ਾਵਰੀ ਨੇ ਗ਼ਦਰ ਪਾਰਟੀ ਦੇ ਫੰਡਾਂ ਦੀ ਰੱਜ ਕੇ ਦੁਰਵਰਤੋਂ ਕੀਤੀ। ਪਾਰਟੀ ਦੇ ਕਿਰਤੀ ਮੈਂਬਰਾਂ ਦੇ ਧਨ ਅਤੇ ਜਰਮਨ ਵੱਲੋਂ ਗ਼ਦਰੀ ਪਾਰਟੀ ਨੂੰ ਆਈ ਮਦਦ ਨਾਲ, ਉਸ ਨੇ ਨਿੱਜੀ ਜਾਇਦਾਦ ਬਣਾਈ। ਇਸ ਤੋਂ ਇਲਾਵਾ ਪਾਰਟੀ ਹੈਡਕੁਆਰਟਰ ਅਤੇ ਪ੍ਰੈਸ ਨੂੰ ਨਿਜੀ ਮੁਫਾਦ ਲਈ ਵਰਤਿਆ। ਪਾਰਟੀ ਦੀ ਗੁਪਤ ਜਾਣਕਾਰੀ ਕੇ ਭੇਤ ਬਾਹਰ ਕੱਢ ਕੇ, ਉਹ ਹਕੂਮਤ ਨਾਲ ਮਿਲ ਕੇ, ਬਾਗੀਆਂ ਖਿਲਾਫ ਚਾਲ ਖੇਡ ਰਿਹਾ ਸੀ ਅਤੇ ਗ਼ਦਰੀ ਯੋਧਿਆਂ ਦੀ ਸਾਂਝੀ ਵਿਰਾਸਤ ਨੂੰ ‘ਫਿਰਕੂ ਰੰਗਤ’ ਦੇ ਰਿਹਾ ਸੀ। ਅਖ਼ਬਾਰ ਤੇ ਕਬਜ਼ਾ ਕਰਕੇ ਭ੍ਰਿਸ਼ਟਾਚਾਰ ਫੈਲਾ ਰਿਹਾ ਸੀ। ਅਮਰੀਕਾ ਵਾਪਸ ਆ ਕੇ ਜਦੋਂ ਭਾਈ ਭਗਵਾਨ ਸਿੰਘ ਪ੍ਰੀਤਮ, ਭਾਈ ਸੰਤੋਖ ਸਿੰਘ ਧਰਦਿਉ ਅਤੇ ਭਾਈ ਰਾਮ ਸਿੰਘ ਧੁਲੇਤਾ ਨੇ ਪੰਡਤ ਰਾਮ ਚੰਦਰ ਪਿਸ਼ਾਵਰੀ ਤੋਂ ਪਾਰਟੀ ਦੇ ਫੰਡਾਂ ਦਾ ਹਿਸਾਬ-ਕਿਤਾਬ ਮੰਗਿਆ, ਤਾਂ ਪੰਡਤ ਨੇ ਉਨਾਂ ਦਾ ਤਿੱਖਾ ਵਿਰੋਧ ਕੀਤਾ।
ਆਖਰਕਾਰ ਜਨਵਰੀ 1917 ਨੂੰ ਗ਼ਦਰੀ ਆਗੂਆਂ ਨੇ ਸੈਕਰਾਮੈਂਟੋ ਵਿਖੇ ਕਾਨਫਰੰਸ ਕਰਕੇ, ਕਮੇਟੀ ਬਣਾ ਲਈ ਅਤੇ ਭਾਈ ਰਾਮ ਸਿੰਘ ਧੁਲੇਤਾ ਨੂੰ ਇਸ ਦਾ ਪ੍ਰਧਾਨ ਥਾਪਿਆ। ਇਸ ਦੇ ਵਿਰੋਧ ‘ਚ ਪੰਡਤ ਰਾਮ ਚੰਦਰ ਪਿਸ਼ਾਵਰੀ ਨੇ 7 ਫਰਵਰੀ 1917 ਨੂੰ ਫਰਿਜਨੋ ‘ਚ ਅਲੱਗ ਕਾਨਫਰੰਸ ਕਰਕੇ, ਵੱਖਰੀ ਗ਼ਦਰ ਪਾਰਟੀ ਅਤੇ ਗ਼ਦਰ ਅਖਬਾਰ ਕੱਢਣ ਦਾ ਫੈਸਲਾ ਕੀਤਾ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ। ਇਸ ਨਾਲ ਵਿਰੋਧ ਹੋਰ ਤਿੱਖਾ ਹੋ ਗਿਆ ਅਤੇ ਭਾਈ ਰਾਮ ਸਿੰਘ ਧੁਲੇਤਾ ਅਤੇ ਸਾਥੀਆਂ ਨੇ ਗ਼ਦਰ ਪਾਰਟੀ ਹੈਡ ਕੁਆਰਟਰ ਪਹੁੰਚ ਕੇ ਪ੍ਰੈਸ ਅਤੇ ਆਸ਼ਰਮ ਦੇ ਮੁਕੰਮਲ ਕਬਜ਼ਾ ਕਰ ਲਿਆ। ਪੰਡਿਤ ਰਾਮ ਚੰਦਰ ਨੇ ‘ਹਿੰਦੁਸਤਾਨ ਗਦਰ’ ਅਖਬਾਰ ਅਤੇ ਪਾਰਟੀ ਰਜਿਸਟਰਡ ਕਰਵਾ ਲਏ। ਇਸ ਤਰ੍ਹਾਂ ਪਾਰਟੀ ਵਿੱਚ ਅੰਦਰੂਨੀ ਜੰਗ ਤਿੱਖੀ ਹੋ ਗਈ।
ਉਧਰ ਪਹਿਲਾਂ ਨਿਰਪੱਖ ਰਿਹਾ ਅਮਰੀਕਾ ਹੁਣ ਪਹਿਲੇ ਵਿਸ਼ਵ ਜੰਗ ਦੌਰਾਨ ਬਰਤਾਨੀਆਂ ਦੀ ਧਿਰ ਬਣ ਗਿਆ ਅਤੇ 6 ਅਪ੍ਰੈਲ 1917 ਨੂੰ ਬ੍ਰਿਟਿਸ਼ ਦੀ ਹੱਕ ਵਿੱਚ ਆ ਖੜਾ ਹੋਇਆ। ਅਮਰੀਕਾ ਚ ਬੈਠੇ ਬ੍ਰਿਟਿਸ਼ ਵਿਰੋਧੀ ਗ਼ਦਰੀਆਂ ਅਤੇ ਜਰਮਨਾਂ ਖਿਲਾਫ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਆਧਾਰ ‘ਤੇ ਅਮਰੀਕਾ ਤੋਂ 17 ਗ਼ਦਰੀ ਯੋਧਿਆਂ ਅਤੇ 18 ਜਰਮਨਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਗ਼ਦਰੀਆਂ ਵਿੱਚ ਭਾਈ ਰਾਮ ਸਿੰਘ ਧੁਲੇਤਾ, ਭਾਈ ਸੰਤੋਖ ਸਿੰਘ ਧਰਦਿਉ ਅਤੇ ਭਾਈ ਭਗਵਾਨ ਸਿੰਘ ਪ੍ਰੀਤਮ ਅਤੇ ਕਈ ਹੋਰਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਦੂਜੇ ਪਾਸੇ ਵਿਰੋਧੀ ਧਿਰ ਦੇ ਪੰਡਤ ਰਾਮ ਚੰਦਰ ਪਿਸ਼ਾਵਰੀ ਨੂੰ ਵੀ ਉਸ ਦੇ ਸਾਥੀਆਂ ਨਾਲ ਫੜ ਲਿਆ ਗਿਆ। ਇਹਨਾਂ ਸਾਰਿਆਂ ਖਿਲਾਫ ‘ਹਿੰਦੂ ਜਰਮਨ ਸਾਜਿਸ਼ ਕੇਸ’ ਨਾਂ ਦਾ ਮੁਕਦਮਾ ਚਲਾਇਆ ਗਿਆ। ਇਹ ਮੁਕਦਮਾ 20 ਨਵੰਬਰ 1917 ਤੋਂ 24 ਅਪ੍ਰੈਲ 1918 ਤੱਕ ਚੱਲਦਾ ਰਿਹਾ।
ਇਤਿਹਾਸਿਕ ਹਵਾਲਿਆਂ ਅਨੁਸਾਰ ਇਸ ਵਿੱਚ ਅਮਰੀਕਾ ਸਰਕਾਰ ਨੇ ਪੰਜ ਲੱਖ ਡਾਲਰ ਅਤੇ ਬ੍ਰਿਟਿਸ਼ ਸਰਕਾਰ ਨੇ 25 ਲੱਖ ਡਾਲਰ ਖਰਚੇ, ਤਾਂ ਕਿ ਉਹਨਾਂ ਦੇ ਖਿਲਾਫ ਤਾਕਤਾਂ ਦਾ ਸਫਾਇਆ ਕੀਤਾ ਜਾ ਸਕੇ। ਅਜਿਹੀ ਹਾਲਤ ਵਿੱਚ ਗ਼ਦਰ ਪਾਰਟੀ ਨੇ ਫੈਸਲਾ ਕੀਤਾ ਕਿ ਆਪਸੀ ਖਾਨਾ-ਜੰਗੀ ਬੰਦ ਕੀਤੀ ਜਾਵੇ ਅਤੇ ਸਾਂਝੇ ਵਕੀਲ ਰਾਹੀਂ ਇਸ ਲੜਾਈ ਲੜੀ ਜਾਏ। ਦੂਜੇ ਪਾਸੇ ਗ਼ਦਰ ਵਿਰੋਧੀ ਚਾਲ ਖੇਡਦਿਆਂ ਰਾਮ ਚੰਦਰ ਪਿਸ਼ਾਵਰੀ ਨੇ ਅਜਿਹਾ ਕਰਨੋ ਇਨਕਾਰ ਕਰ ਦਿੱਤਾ। 23 ਅਪ੍ਰੈਲ 1918 ਨੂੰ ਸਾਨ-ਫਰਾਂਸਿਸਕੋ ਅਦਾਲਤ ਵਿੱਚ ਅਜਿਹੀ ਘਟਨਾ ਵਾਪਰੀ, ਜਿਸ ਨੇ ਗ਼ਦਰ ਪਾਰਟੀ ਦੇ ਅਧਿਆਇ ਵਿੱਚ ਖੂਨੀ ਪੰਨਾ ਜੋੜ ਦਿੱਤਾ। ਇਸ ਦਿਨ ਰਾਮ ਚੰਦਰ ਪੇਸ਼ਾਵਰੀ ਅਦਾਲਤ ਵਿੱਚ, ਬਾਕੀ ਗਦਰੀਆਂ ਤੋਂ ਵੱਖ ਹੋ ਕੇ, ਆਪਣੇ ਵਕੀਲ ਰਾਹੀਂ ਕਾਰਵਾਈ ਕਰਵਾ ਰਿਹਾ ਸੀ, ਤਾਂ ਉਸ ਵੇਲੇ ਭਾਈ ਰਾਮ ਸਿੰਘ ਧੁਲੇਤਾ ਨੇ ਆਪਣੇ ਪਿਸਤੌਲ ਨਾਲ ਉਸ ਉਪਰ ਗੋਲੀਆਂ ਚਲਾ ਦਿੱਤੀਆਂ। ਪੰਡਤ ਰਾਮ ਚੰਦਰ ਪਿਸ਼ਾਵਰੀ ਦੇ ਤਿੰਨ ਗੋਲੀਆਂ ਲੱਗੀਆਂ ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਿਆ। ਉਧਰ ਅਦਾਲਤ ਵਿੱਚ ਮੌਜੂਦ ਮਾਰਸ਼ਲ ਹੌਲੌਹੈਨ ਨੇ ਪਿਸਤੌਲ ਕੱਢਿਆ ਅਤੇ ਭਾਈ ਰਾਮ ਸਿੰਘ ਧੁਲੇਤਾ ਤੇ ਗੋਲੀ ਚਲਾ ਦਿੱਤੀ। ਇਹ ਗੋਲੀ ਭਾਈ ਸਾਹਿਬ ਦੇ ਦਿਲ ‘ਤੇ ਜਾ ਲੱਗੀ ਅਤੇ ਉਹ ਉਥੇ ਹੀ ਸ਼ਹੀਦ ਹੋ ਗਏ।
ਪੰਡਿਤ ਰਾਮ ਚੰਦਰ ਪਿਸ਼ਾਵਰੀ ਨੂੰ ਗਦਰੀ ਯੋਧੇ ਭਾਈ ਰਾਮ ਸਿੰਘ ਧੁਲੇਤਾ ਵੱਲੋਂ ‘ਸੋਧਾ ਲਾਉਣਾ’ ਗਦਰ ਪਾਰਟੀ ਦੀ ਨਿਯਮਾਂ ਮੁਤਾਬਕ ਸੀ, ਕਿਉਂਕਿ ਗ਼ਦਰ ਪਾਰਟੀ ਦੇ ਅਸੂਲਾਂ ਅਨੁਸਾਰ ਪਾਰਟੀ ਦੇ ਫੰਡਾਂ ਦੀ ਦੁਰਵਰਤੋਂ ਕਰਨ, ਗ਼ਦਰ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਅਤੇ ਪਾਰਟੀ ਦੇ ਭੇਤ ਦੁਸ਼ਮਣ ਨੂੰ ਦੇਣ ਦੀ ਸਜ਼ਾ ਮੌਤ ਸੀ। ਰਾਮ ਚੰਦਰ ਨੇ ਅਜਿਹੇ ਸਾਰੇ ਕੰਮ ਕੀਤੇ ਸਨ, ਜਿਸ ਦੇ ਕਾਰਨ ਉਸ ਨੂੰ ‘ਸੋਧਣ’ ਦਾ ਫੈਸਲਾ ਲਿਆ ਗਿਆ।
‘ਹਿੰਦੂ- ਜਰਮਨ ਕਾਨਸਪਰੇਸੀ ਕੇਸ’ ਦੇ ਰਿਕਾਰਡ ਤੇ ਵੇਰਵਿਆਂ ‘ਚ ਇਹ ਵੀ ਦਰਜ ਹੈ ਕਿ ਇਹ ਫੈਸਲਾ ਗ਼ਦਰ ਪਾਰਟੀ ਵੱਲੋਂ ਸਾਂਝੇ ਤੌਰ ‘ਤੇ ਲਿਆ ਗਿਆ ਸੀ। ਪੰਡਿਤ ਰਾਮ ਚੰਦਰ ਪਿਸ਼ਾਵਰੀ ਨੂੰ ਸੋਧਾ ਲਾਉਣ ਦੀਆਂ ਲਈ ਗ਼ਦਰੀਆਂ ਦੇ ਨਾਵਾਂ ਦੀਆਂ ਪਰਚੀਆਂ ਪਾਈਆਂ ਗਈਆਂ ਸਨ, ਜਿਨਾਂ ਵਿੱਚੋਂ ਭਾਈ ਰਾਮ ਸਿੰਘ ਧੁਲੇਤਾ ਦੇ ਨਾਂ ਦੀ ਪਰਚੀ ਨਿਕਲੀ, ਜਿਸ ਕਾਰਨ ਉਹਨਾਂ ਨੇ ਰਾਮ ਚੰਦਰ ਪਿਸ਼ਾਵਰੀ ਨੂੰ ਸੋਧਣ ਲਈ ਇਹ ਕਦਮ ਚੁੱਕਿਆ। ਸਾਨ-ਫਰਾਂਸਿਸਕੋ ਵਿਚ ਚੱਲੇ ‘ਹਿੰਦੂ ਜਰਮਨ ਸਾਜਿਸ਼ ਕੇਸ’ ਵਿੱਚ ਦਰਜਨ ਤੋਂ ਉਪਰ ਜਰਮਨਾਂ ਤੇ ਗ਼ਦਰੀਆਂ ਨੂੰ ਸਜ਼ਾਵਾਂ ਸੁਣਾਈਆਂ ਸਨ। ਜਿਨ੍ਹਾਂ ਗ਼ਦਰੀ ਬਾਬਿਆਂ ਨੂੰ ਸਜਾ ਸੁਣਾਈ ਗਈ, ਤਾਰਕਨਾਥ ਦਾਸ ਨੂੰ 22-ਮਹੀਨੇ, ਭਗਵਾਨ ਸਿੰਘ ਨੂੰ 18-ਮਹੀਨੇ, ਗੋਪਾਲ ਸਿੰਘ ਸੋਹੀ ਨੂੰ 18-ਮਹੀਨੇ, ਗੋਧਾ ਰਾਮ ਨੂੰ 11-ਮਹੀਨੇ, ਗੋਬਿੰਦ ਬਿਹਾਰੀ ਲਾਲ ਨੂੰ 10-ਮਹੀਨੇ, ਸੰਤੋਖ ਸਿੰਘ ਨੂੰ 21-ਮਹੀਨੇ, ਨਿਰੰਜਨ ਦਾਸ ਨੂੰ 6-ਮਹੀਨੇ, ਸੁੰਦਰ ਸਿੰਘ ਨੂੰ 3-ਮਹੀਨੇ, ਬਿਸ਼ਨ ਬਿਹਾਰੀ ਹਿੰਦੀ ਨੂੰ 9-ਮਹੀਨੇ, ਮਹਾਂਦਿਓ ਅਬਾਜੀ ਨੂੰ 3-ਮਹੀਨੇ, ਮੁਨਸ਼ੀ ਰਾਮ ਨੂੰ 2-ਮਹੀਨੇ, ਨਿਧਾਨ ਸਿੰਘ ਨੂੰ 4-ਮਹੀਨੇ, ਇਮਾਮਦੀਨ ਨੂੰ 4-ਮਹੀਨੇ, ਧਰਿੰਦਰ ਸਰਕਾਰ ਨੂੰ 4-ਮਹੀਨੇ ਤੇ ਚੰਦਰ ਕਾਂਤਾ ਚਕਰ ਨੂੰ 1-ਮਹੀਨੇ ਦੀ ਸਜ਼ਾਅ ਦਿੱਤੀ ਗਈ। ਬਾਅਦ ਵਿੱਚ ਗਦਰ ਪਾਰਟੀ ਦੇ ਬਾਹਰਲੇ ਆਗੂਆਂ ਨੇ ਪੈਸੇ ਇਕੱਠੇ ਕਰਕੇ, ਸਾਰਿਆਂ ਨੂੰ ਜਮਾਨਤ ‘ਤੇ ਰਿਹਾਅ ਕਰਾ ਲਿਆ ਸੀ। ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਗ਼ਦਰ ਸੰਘਰਸ਼ ਲਈ ਵਿੱਚ ਜਾਨ ਵਾਰ ਗਏ। ਉਨ੍ਹਾਂ ਆਪਣਾ ਤਨ, ਮਨ, ਧਨ, ਸਭ ਆਜ਼ਾਦੀ ਦੀ ਲਹਿਰ ਨੂੰ ਸਮਰਪਿਤ ਕਰ ਦਿੱਤਾ। ਉਹਨਾਂ ਦਾ ਨਾਂ ‘ਕੌਮੀ ਪਰਵਾਨੇ’ ਵਜੋਂ ਸੁਨਹਿਰੀ ਅੱਖਰਾਂ ਵਿੱਚ ਸਦਾ ਕਾਇਮ ਰਹੇਗਾ। ਪਿੰਡ ਧੁਲੇਤਾ ਵਿਖੇ ਬਣਿਆ ਯਾਦਗਾਰੀ ਗੇਟ ਭਾਈ ਰਾਮ ਸਿੰਘ ਧੁਲੇਤਾ ਦੀ ਮਹਾਨ ਕੁਰਬਾਨੀ ਨੂੰ ਬਿਆਨ ਕਰਦਾ ਹੈ।
ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੀ ਤਸਵੀਰ ਬਾਰੇ ਗਲਤ-ਫਹਿਮੀ :
ਸ਼ਹੀਦ ਭਾਈ ਰਾਮ ਸਿੰਘ ਧੁਲੇਤਾ ਦੀ ਅਸਲ ਤਸਵੀਰ 1927 ਦੇ ‘ਕਿਰਤੀ’ ਅਖਬਾਰ ਦੇ ਫਰਵਰੀ ਅੰਕ ਵਿੱਚ ਛਪੀ ਹੋਈ ਹੈ, ਜਿਸ ਨੂੰ ਹੋਰਨਾਂ ਤੋਂ ਇਲਾਵਾ, ਇਤਿਹਾਸਕਾਰ ਰਾਜਵਿੰਦਰ ਸਿੰਘ ਰਾਹੀ ਨੇ ਆਪਣੀ ਕਿਤਾਬ ਵਿੱਚ ਛਾਪਿਆ ਹੈ, ਪਰ ਗਲਤ- ਫਹਿਮੀ ਨਾਲ ਸ਼ਹੀਦ ਭਾਈ ਹਰਨਾਮ ਸਿੰਘ ਸਿਆਲਕੋਟ ਦੀ ਤਸਵੀਰ ਭਾਈ ਰਾਮ ਸਿੰਘ ਧੁਲੇਤਾ ਦੇ ਨਾਂ ‘ਤੇ, ਕਈ ਕਿਤਾਬਾਂ ਵਿੱਚ ਛਪ ਗਈ ਹੈ। ਇਥੋਂ ਤੱਕ ਕਿ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਦੀ ਲਿਖੀ ਕਿਤਾਬ ‘ਕਨੇਡਾ ਦੀ ਗਦਰੀ ਯੋਧੇ’ ਵਿੱਚ ਭਾਈ ਰਾਮ ਸਿੰਘ ਧੁਲੇਤਾ ਦੇ ਜੀਵਨ ਬਾਰੇ ਲਿਖੇ ਪ੍ਰਭਾਵਸ਼ਾਲੀ ਲੇਖ ਵਿੱਚ ਗਲਤ ਤਸਵੀਰ ਛਪ ਗਈ। ਇਸ ਤੋਂ ਮਗਰੋਂ ਬਹੁਤ ਸਾਰੀਆਂ ਕਿਤਾਬਾਂ ਅਤੇ ਅਖਬਾਰਾਂ ਵਿੱਚ ਭਾਈ ਹਰਨਾਮ ਸਿੰਘ ਦੀ ਤਸਵੀਰ ਨੂੰ, ਭਾਈ ਧੁਲੇਤਾ ਦੀ ਤਸਵੀਰ ਕਹਿ ਕੇ ਛਾਪਿਆ ਜਾ ਰਿਹਾ ਹੈ, ਜੋ ਕਿ ਗਲਤ ਹੈ। ਦਰਅਸਲ ਸ਼ਹੀਦ ਕਰਤਾਰ ਸਿੰਘ ਸਰਾਭਾ ਨਾਲ, ਭਾਈ ਹਰਨਾਮ ਸਿੰਘ ਸਿਆਲਕੋਟ 3 ਸਾਲ ਪਹਿਲਾਂ ਹੀ ਸ਼ਹੀਦ ਹੋ ਗਏ ਸਨ। 16 ਨਵੰਬਰ 1915 ਨੂੰ ਭਾਈ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੇ ਛੇ ਹੋਰ ਸਾਥੀਆਂ ; ਬਖਸ਼ੀਸ਼ ਸਿੰਘ, ਜ਼ਿਲ੍ਹਾ ਅੰਮ੍ਰਿਤਸਰ; ਹਰਨਾਮ ਸਿੰਘ, ਜ਼ਿਲ੍ਹਾ ਸਿਆਲਕੋਟ; ਜਗਤ ਸਿੰਘ, ਜ਼ਿਲ੍ਹਾ ਲਾਹੌਰ; ਸੁਰੈਣ ਸਿੰਘ -1 ਅਤੇ ਸੁਰੈਣ -2, ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਵਿਸ਼ਨੂੰ ਗਣੇਸ਼ ਪਿੰਗਲੇ, ਜ਼ਿਲ੍ਹਾ ਪੂਨਾ (ਮਹਾਰਾਸ਼ਟਰ) ਦੇ ਨਾਲ ਲਾਹੌਰ ਦੀ ਸੈਂਟਰਲ ਜੇਲ੍ਹ ਵਿੱਚ ਫ਼ਾਂਸੀ ਚੜ੍ਹਾ ਕੇ ਸ਼ਹੀਦ ਕਰ ਦਿੱਤਾ ਗਿਆ। ਅਸੀਂ ਇਸ ਲੇਖ ਵਿੱਚ ਸ਼ਹੀਦ ਭਾਈ ਹਰਨਾਮ ਸਿੰਘ ਸਿਆਲਕੋਟੀ ਦੀ ਤਸਵੀਰ ਨਾਲ ਦਿੱਤੀ ਹੈ। ਭਾਈ ਧੁਲੇਤਾ ਅਤੇ ਭਾਈ ਸਿਆਲਕੋਟੀ ਦੋਹਾਂ ਦੀ ਸ਼ਹਾਦਤ ਮਹਾਨ ਹੈ, ਪਰ ਗਲਤ-ਫਹਿਮੀ ਦੂਰ ਕਰਨੀ ਇਤਿਹਾਸਕਾਰਾਂ, ਖੋਜੀਆਂ ਅਤੇ ਲਿਖਾਰੀਆਂ ਦਾ ਫਰਜ਼ ਬਣਦਾ ਹੈ।

ਰੁਝਾਨ ਖਬਰਾਂ