6.7 C
Vancouver
Sunday, April 26, 2026

ਰੀਲਾਂ ਦੇ ਜਾਲ ਵਿੱਚ ਫਸਿਆ ਮਨੁੱਖ

ਬਰਜਿੰਦਰ ਕੌਰ ਬਸਰਾਓ, ਸੰਪਰਕ: 99889-01324
ਕਦੇ ਜ਼ਮਾਨਾ ਹੁੰਦਾ ਸੀ ਕਿ ਹਰ ਘਰ ਦੀਆਂ ਔਰਤਾਂ ਘਰ ਹੀ ਸਿਲਾਈ ਮਸ਼ੀਨਾਂ ’ਤੇ ਕੁਝ ਨਾ ਕੁਝ ਸਿਊਣ ਲਈ ਬਾਜ਼ਾਰੋਂ ਕੱਪੜੇ ਦੇ ਰੰਗ ਨਾਲ ਦੀਆਂ ਰੀਲਾਂ ਖ਼ਰੀਦ ਕੇ ਲਿਆਉਂਦੀਆਂ ਸਨ। ਜੇ ਕਿਤੇ ਉਹਨੂੰ ਕੱਪੜੇ ਦੇ ਰੰਗ ਨਾਲ ਦੀ ਰੀਲ ਨਾ ਮਿਲਦੀ ਤਾਂ ਉਹ ਆਪਣੀ ਕਿਸੇ ਸਹੇਲੀ ਜਾਂ ਗੁਆਂਢਣ ਤੋਂ ਪੁੱਛਦੀ। ਗੱਲ ਕੀ ਪੁਰਾਤਨ ਔਰਤਾਂ ਘਰ ਦੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਘਰ ਵਿੱਚ ਸਲਾਈ ਕਢਾਈ ਕਰਨ ਲਈ ਰੰਗ ਬਿਰੰਗੀਆਂ ਰੀਲਾਂ ਵਿੱਚ ਉਲਝੀਆਂ ਦਿਸਦੀਆਂ ਸਨ। ਕਦੇ ਕਿਸੇ ਬੱਚੇ ਦੇ ਫਟੇ ਕੱਪੜੇ ਨੂੰ ਸਿਊਣਾ ਜਾਂ ਨਵਾਂ ਸੂਟ ਸਿਊਣਾ ਜਾਂ ਘਰ ਦੇ ਬਾਕੀ ਜੀਆਂ ਦੇ ਕੱਪੜੇ ਸਿਊਣੇ ਹੁੰਦੇ ਤਾਂ ਉਹ ਬਾਜ਼ਾਰੋਂ ਕੱਪੜੇ ਦੀ ਲੀਰ ਦੇ ਕੇ ਉਸ ਰੰਗ ਦੀਆਂ ਰੀਲਾਂ ਮੰਗਵਾਉਂਦੀਆਂ ਹੁੰਦੀਆਂ ਸਨ। ਸਾਰੇ ਲੋਕ ਉਨ੍ਹਾਂ ਰੀਲਾਂ ਵਿੱਚ ਉਲਝੀ ਔਰਤ ਨੂੰ ਸੁੱਘੜ ਸਿਆਣੀ ਔਰਤ ਮੰਨਦੇ ਸਨ। ਜ਼ਮਾਨੇ ਦੇ ਹਿਸਾਬ ਨਾਲ ਬਸ ਫ਼ਰਕ ਏਨਾ ਕੁ ਹੀ ਪਿਆ ਹੈ ਕਿ ਅੱਜ ਦੀ ਔਰਤ ਬੇਢੰਗੇ ਕੱਪੜੇ ਪਾ ਕੇ, ਸੜਕਾਂ ਵਿਚਕਾਰ ਵੱਡੀਆਂ ਵੱਡੀਆਂ ਕਾਰਾਂ ਖੜ੍ਹੀਆਂ ਕਰਕੇ ਰੀਲਾਂ ਬਣਾਉਣ ਵਾਲੀ ਬਣ ਗਈ ਹੈ। ਗੱਲ ਇਕੱਲੀਆਂ ਔਰਤਾਂ ਦੀ ਹੀ ਨਹੀਂ, ਅੱਜ ਹਰ ਵਿਅਕਤੀ ਰੀਲਾਂ ਵਿੱਚ ਉਲਝਿਆ ਪਿਆ ਹੈ। ਕਿਤੇ ਸਾਡੇ ਵੱਡੇ ਵਡੇਰੇ ਅੱਜ ਧਰਤੀ ’ਤੇ ਆ ਕੇ ਇਸ ਦੁਨੀਆ ਦਾ ਨਜ਼ਾਰਾ ਵੇਖਣ ਤਾਂ ਉਨ੍ਹਾਂ ਨੂੰ ਕੋਈ ਵਿਅਕਤੀ ਵਿਹਲਾ ਨਜ਼ਰ ਨਹੀਂ ਆਏਗਾ ਤੇ ਨਾ ਹੀ ਕੋਈ ਬਹੁਤਾ ਕੰਮ ਕਰਦਾ ਨਜ਼ਰ ਆਏਗਾ। ਅੱਜ ਦੇ ਦੌਰ ਵਿੱਚ ਕਿਤੇ ਵੀ ਚਲੇ ਜਾਓ, ਚਾਹੇ ਹਸਪਤਾਲ, ਰੇਲਵੇ ਸਟੇਸ਼ਨ, ਬੱਸ ਅੱਡੇ, ਸੱਥਾਂ ਵਿੱਚ, ਘਰਾਂ ਵਿੱਚ, ਬੱਚਿਆਂ ਦੇ ਕਮਰੇ ਵਿੱਚ, ਰੋਟੀ ਖਾਂਦੇ ਹੋਏ, ਸੌਣ ਲੱਗੇ, ਗੁਆਂਢੀਆਂ ਦੇ ਘਰੇ, ਗਲ਼ੀ ਵਿੱਚ ਬੈਠੀਆਂ ਚਾਰ ਔਰਤਾਂ ਕੋਲ, ਬੱਸਾਂ ਵਿੱਚ ਬੈਠੇ, ਰੇਲਾਂ ਵਿੱਚ ਸਫ਼ਰ ਕਰਦੇ, ਕੰਮ ਕਾਜੀ ਥਾਵਾਂ ’ਤੇ, ਭਾਵ ਹਰ ਜਗ੍ਹਾ ਤੁਹਾਨੂੰ ਲੋਕ ਮੋਬਾਈਲ ’ਤੇ ਰੁੱਝੇ ਨਜ਼ਰ ਆਉਣਗੇ। ਟੱਚ ਸਕਰੀਨ ਵਾਲੇ ਸਮਾਰਟ ਫੋਨਾਂ ’ਤੇ ਨੰਨ੍ਹੀਆਂ ਉਂਗਲਾਂ ਤੋਂ ਲੈ ਕੇ ਝੁਰੜੀਆਂ ਵਾਲੀਆਂ ਉਂਗਲਾਂ ਫੋਨ ’ਤੇ ਅੱਖਾਂ ਗੱਡੀ ਬੈਠੇ ਕੁਝ ਅੱਗੇ ਨੂੰ ਵਧਾਉਂਦੇ (ਸਕਰੋਲ ਕਰਦੇ) ਨਜ਼ਰ ਆਉਣਗੇ।
ਹਰ ਕੋਈ ਆਪਣੇ ਆਪਣੇ ਮਨਪਸੰਦ ਦੇ ਕੰਟੈਟ ਦੀਆਂ ਰੀਲਾਂ ਖੋਲ੍ਹ ਕੇ ਮੋਬਾਈਲ ’ਤੇ ਐਨੀ ਨੀਝ ਲਾ ਕੇ ਬੈਠਾ ਨਜ਼ਰ ਆਉਂਦਾ ਹੈ ਕਿ ਕਈ ਵਾਰ ਤਾਂ ਉਸ ਨੂੰ ਆਪਣੇ ਆਲੇ ਦੁਆਲੇ ਦਾ ਵੀ ਧਿਆਨ ਨਹੀਂ ਰਹਿੰਦਾ ਕਿ ਉਹ ਸੋਗ ਕਰਨ ਵਾਲੀ ਜਗ੍ਹਾ ’ਤੇ ਫੋਨ ਵੇਖਦਾ ਵੇਖਦਾ ਹੱਸ ਪੈਂਦਾ ਹੈ, ਨੱਚਣ ਗਾਉਣ ਵਾਲੀ ਜਗ੍ਹਾ ’ਤੇ ਬੈਠਾ ਰੀਲ ਦੇਖਦਾ ਦੇਖਦਾ ਭਾਵੁਕ ਹੋ ਜਾਂਦਾ ਹੈ, ਘਰਵਾਲੇ ਤੇ ਘਰਵਾਲੀ ਦਾ ਆਪਸੀ ਝਗੜਾ ਇੱਕ ਦੂਜੇ ਨੂੰ ਰੀਲਾਂ ਭੇਜ ਭੇਜ ਕੇ ਇੱਕ ਦੂਜੇ ਨੂੰ ਗ਼ਲਤ ਠਹਿਰਾਉਣ ਦਾ ਸਭ ਤੋਂ ਉੱਤਮ ਸਾਧਨ ਬਣ ਜਾਂਦਾ ਹੈ। ਅਸਲ ਵਿੱਚ ਰੀਲ ਕੀ ਹੁੰਦੀ ਹੈ? ਇਸ ਬਾਰੇ ਜਾਣਨਾ ਵੀ ਜ਼ਰੂਰੀ ਹੈ। ਰੀਲ ਇੱਕ ਕਿਸਮ ਦਾ ਵੀਡੀਓ ਕੰਟੈਂਟ ਹੈ ਜੋ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸਾਂਝਾ ਕੀਤਾ ਜਾਂਦਾ ਹੈ, ਖ਼ਾਸਕਰ ਇੰਸਟਾਗ੍ਰਾਮ, ਫੇਸਬੁੱਕ ਅਤੇ ਯੂ ਟਿਊਬ ਆਦਿ ’ਤੇ। ਇਹ ਅੰਦਾਜ਼ਨ 15 ਸੈਕਿੰਡ ਤੋਂ 90 ਸੈਕਿੰਡ ਤੱਕ ਦਾ ਹੁੰਦਾ ਹੈ ਅਤੇ ਇਸ ਵਿੱਚ ਮਜ਼ੇਦਾਰ, ਰਚਨਾਤਮਕ ਜਾਂ ਜਾਣਕਾਰੀ ਭਰਪੂਰ ਕੰਟੈਂਟ ਹੁੰਦਾ ਹੈ। ਰੀਲਾਂ ਵਿੱਚ ਆਮ ਤੌਰ ’ਤੇ ਮਿਊਜ਼ਿਕ, ਇਫੈਕਟਸ ਅਤੇ ਟੈਕਸਟ ਹੁੰਦੇ ਹਨ ਜੋ ਇਸ ਨੂੰ ਹੋਰ ਦਿਲਚਸਪ ਅਤੇ ਦਿਲਕਸ਼ ਬਣਾਉਂਦੇ ਹਨ। ਲੋਕ ਰੀਲਾਂ ਦੀ ਵਰਤੋਂ ਆਪਣੀ ਰਚਨਾਤਮਕਤਾ ਦਿਖਾਉਣ, ਮਜ਼ਾਕ ਕਰਨ ਜਾਂ ਕਿਸੇ ਵਿਸ਼ੇ ਵਾਰੇ ਜਾਣਕਾਰੀ ਸਾਂਝੀ ਕਰਨ ਲਈ ਕਰਦੇ ਹਨ। ਇਸ ਨਾਲ ਲੋਕਾਂ ਦਾ ਮਨੋਰੰਜਨ ਵੀ ਹੋ ਜਾਂਦਾ ਹੈ ਤੇ ਕਈ ਕਈ ਰੀਲਾਂ ਵੇਖ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲ ਜਾਂਦਾ ਹੈ। ਕਈ ਲੋਕ ਰੀਲਾਂ ਬਣਾ ਕੇ ਬਹੁਤ ਸਾਰੇ ਪੈਸੇ ਵੀ ਕਮਾ ਰਹੇ ਹਨ। ਜੇਕਰ ਕਿਸੇ ਦਾ ਕੰਟੈਂਟ ਭਾਵ ਸਮੱਗਰੀ ਵਧੀਆ ਹੈ ਉਸ ਵਿੱਚ ਚੰਗੇ ਵਿਚਾਰਾਂ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜਾਂ ਲੋਕਾਂ ਦੇ ਮਨੋਰੰਜਨ ਲਈ ਸਾਫ਼ ਸੁਥਰੇ ਮਨੋਭਾਵ ਪ੍ਰਗਟ ਕੀਤੇ ਜਾਂਦੇ ਹਨ ਤਾਂ ਉਹ ਵੇਖਣ ਵਾਲਿਆਂ ਲਈ ਵੀ ਮਨੋਰੰਜਨ ਭਰਪੂਰ ਅਤੇ ਸਿੱਖਿਆਦਾਇਕ ਹੁੰਦੀਆਂ ਹਨ। ਅੱਜ ਸਾਡੇ ਦੇਸ਼ ਵਿੱਚ ਲੋਕਾਂ ਉੱਤੇ ਰੀਲਾਂ ਬਣਾਉਣ ਦਾ ਭੂਤ ਇਸ ਕਦਰ ਸਵਾਰ ਹੈ ਕਿ ਉਹ ਹਰ ਜਗ੍ਹਾ ’ਤੇ ਰੀਲਾਂ ਬਣਾਉਂਦੇ ਦਿਖਾਈ ਦਿੰਦੇ ਹਨ। ਚਾਹੇ ਕੋਈ ਕਿਤੇ ਘੁੰਮਣ ਗਿਆ ਹੋਵੇ, ਖ਼ੁਸ਼ੀ ਦੇ ਮੌਕੇ ਦੀਆਂ, ਇੱਥੋਂ ਤੱਕ ਕਿ ਆਪਣੇ ਕਿਸੇ ਸਕੇ ਸਬੰਧੀਆਂ ਦੀ ਮੌਤ, ਅੰਤਿਮ ਸੰਸਕਾਰ ਆਦਿ ਦੀਆਂ ਰੀਲਾਂ ਵੀ ਬਣਾਉਂਦੇ ਹਨ। ਕੋਈ ਸੋਚਣ ਵਾਲਾ ਹੋਵੇ ਕਿ ਉਹ ਮੌਕਾ ਕੋਈ ਰੀਲਾਂ ਬਣਾਉਣ ਦਾ ਹੁੰਦਾ ਹੈ? ਕਈ ਲੋਕ ਸੜਕਾਂ ’ਤੇ ਜਾਂਦੇ ਜਾਂਦੇ, ਰੇਲ ਵਿੱਚ ਸਫ਼ਰ ਕਰਦੇ ਕਰਦੇ ਜਾਂ ਰੇਲਾਂ ਦੀਆਂ ਪਟੜੀਆਂ ’ਤੇ ਬੈਠ ਕੇ, ਪਹਾੜਾਂ ਵਿੱਚ ਖ਼ਤਰਨਾਕ ਜਗ੍ਹਾ ’ਤੇ ਖੜ੍ਹ ਕੇ ਜਾਂ ਨੌਜਵਾਨ ਹੁੱਲੜਬਾਜ਼ੀਆਂ ਕਰਦੇ ਹੋਏ ਰੀਲਾਂ ਬਣਾਉਂਦੇ ਹੋਏ ਆਪਣੀ ਜਾਨ ਵੀ ਗਵਾ ਬੈਠਦੇ ਹਨ ਜਾਂ ਕੋਈ ਹੋਰ ਭਾਣਾ ਵਰਤਾ ਬੈਠਦੇ ਹਨ। ਕਈ ਲੋਕ ਆਪਣੀ ਦਫ਼ਤਰੀ ਮਰਿਆਦਾ ਭੁੱਲ ਕੇ ਦਫ਼ਤਰਾਂ ਵਿੱਚ ਬੈਠੇ ਰੀਲਾਂ ਬਣਾਉਂਦੇ ਬਣਾਉਂਦੇ ਆਪਣੀ ਨੌਕਰੀ ਤੋਂ ਹੱਥ ਧੋ ਬੈਠਦੇ ਹਨ।
ਅੱਜਕੱਲ੍ਹ ਤਾਂ ਭੋਲਾ ਭਾਲਾ ਬਚਪਨ ਵੀ ਰੀਲਾਂ ਦੇ ਚੱਕਰ ਵਿੱਚ ਗੁਆਚ ਗਿਆ ਹੈ। ਬਹੁਤ ਮਾਪੇ ਆਪਣੇ ਮਾਸੂਮਾਂ ਤੋਂ ਵੱਡਿਆਂ ਵਾਲੀਆਂ ਗੱਲਾਂ ਬੁਲਵਾ ਕੇ ਜਾਂ ਨੱਚਣ ਗਾਉਣ ਦੀਆਂ ਵੀਡੀਓਜ਼ ਬਣਾ ਕੇ ਰੀਲਾਂ ਪਾਉਂਦੇ ਹਨ ਤੇ ਬੱਚਿਆਂ ਦੇ ਬਚਪਨ ਵਾਲੀ ਮਾਸੂਮੀਅਤ ਉਨ੍ਹਾਂ ਦੇ ਮਾਪਿਆਂ ਦੇ ਫੋਨਾਂ ਵਿੱਚ ਕੈਦ ਹੋ ਰਹੀ ਹੈ। ਬਿਨਾਂ ਕਿਸੇ ਪ੍ਰਾਪਤੀ ਦੇ ਰੀਲਾਂ ਜ਼ਰੀਏ ਬਹੁਤ ਜਲਦੀ ਪ੍ਰਸਿੱਧੀ ਖੱਟਣ ਦੀ ਹੋੜ ਲੱਗੀ ਹੋਈ ਹੈ। ਰੀਲਾਂ ਦੇ ਵੀਊ ਵੇਖ ਵੇਖ ਖੁਸ਼ ਹੋਣਾ ਤੇ ਆਪਣੇ ਆਪ ਨੂੰ ਸੈਲੇਬ੍ਰਿਟੀ ਮਹਿਸੂਸ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਕਈ ਪਤੀ ਪਤਨੀਆਂ ਦੇ ਜੋੜੇ ਘਟੀਆ ਕੰਟੈਂਟ ਦੀਆਂ ਰੀਲਾਂ ਬਣਾ ਕੇ ਪ੍ਰਸਿੱਧੀ ਹਾਸਲ ਕਰਦੇ ਵੀ ਵੇਖੇ ਜਾਂਦੇ ਹਨ। ਉਨ੍ਹਾਂ ਲੋਕਾਂ ਦਾ ਮਕਸਦ ਸਿਰਫ਼ ਵਿਊਜ਼ ਵਧਾਉਣਾ ਅਤੇ ਜ਼ਿਆਦਾ ਕੁਮੈਂਟ ਹਾਸਲ ਕਰਨਾ ਹੁੰਦਾ ਹੈ ਚਾਹੇ ਉਸ ਵਿੱਚ ਉਨ੍ਹਾਂ ਨੂੰ ਗਾਲ੍ਹਾਂ ਹੀ ਕਿਉਂ ਨਾ ਕੱਢੀਆਂ ਹੋਣ।
ਰੀਲਾਂ ਬਣਾਉਣ ਨਾਲੋਂ ਰੀਲਾਂ ਵੇਖਣ ਦੀ ਸਥਿਤੀ ਜ਼ਿਆਦਾ ਹਾਨੀਕਾਰਕ ਸਿੱਧ ਹੋ ਰਹੀ ਹੈ। ਅੱਜ ਦੇ ਮਨੁੱਖ ਦੀ ਦਿਨ ਦੀ ਸ਼ੁਰੂਆਤ ਬਲਿਊ ਸਕ੍ਰੀਨ ’ਤੇ ਗੁੱਡ ਮੌਰਨਿੰਗ ਦੀਆਂ ਰੀਲਾਂ ਤੋਂ ਸ਼ੁਰੂ ਹੋ ਜਾਂਦੀ ਹੈ। ਹਰ ਕਿਸੇ ਦੀ ਜ਼ਿੰਦਗੀ ਇੱਕ ਦੂਜੇ ਨੂੰ ਰੀਲਾਂ ਭੇਜਣ ਤੋਂ ਲੈ ਕੇ ਰੀਲਾਂ ਖੋਲ੍ਹਣ ਤੱਕ ਉਲਝ ਕੇ ਰਹਿ ਗਈ ਹੈ। ਜਿਹੜਾ ਸਮਾਂ ਪਹਿਲਾਂ ਲੋਕ ਆਪਣੇ ਕੰਮਾਂ ਕਾਰਾਂ ਵਿੱਚ ਲਾ ਕੇ ਸਾਰਥਿਕ ਬਣਾਉਂਦੇ ਸਨ, ਘਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਪਰਿਵਾਰਕ ਮੈਂਬਰ ਇਕੱਠੇ ਬੈਠ ਕੇ ਸਲਾਹ ਮਸ਼ਵਰਾ ਕਰਦੇ ਹੋਏ ਜਾਂ ਹੱਸਦੇ ਖੇਡਦੇ ਆਪਸੀ ਪਿਆਰ ਵਧਾਉਂਦੇ ਹੋਏ ਬਿਤਾਉਂਦੇ ਸਨ, ਉਹ ਸਭ ਕੁਝ ਅੱਜ ਰੀਲਾਂ ਦੀ ਭੇਟ ਚੜ੍ਹ ਰਿਹਾ ਹੈ।
ਅੱਜ ਹਰ ਕੋਈ ਆਪਣੇ ਆਪਣੇ ਮੋਬਾਈਲ ’ਤੇ ਨਿਗ੍ਹਾ ਟਿਕਾਈ ਬੈਠਾ ਰੀਲਾਂ ਵਿੱਚ ਉਲਝਿਆ ਨਜ਼ਰ ਆਉਂਦਾ ਹੈ। ਜੋ ਕਿ ਮਾਨਸਿਕ ਬਿਮਾਰੀਆਂ, ਡਿਪਰੈਸ਼ਨ, ਕਾਹਲਾਪਣ, ਗੁੱਸਾ ਜਾਂ ਅੱਖਾਂ ਤੇ ਦਿਲ ਦੇ ਭਿਆਨਕ ਰੋਗਾਂ ਨੂੰ ਸੱਦਾ ਦੇ ਰਿਹਾ ਹੁੰਦਾ ਹੈ। ਹਰ ਵੇਲੇ ਰੀਲਾਂ ਬਣਾਉਣ ਅਤੇ ਵੇਖਣ ਵਿੱਚ ਰੁੱਝੇ ਰਹਿਣ ਵਾਲੇ ਲੋਕ ਸਮਾਂ ਬਰਬਾਦ ਕਰਨ ਦੇ ਨਾਲ ਨਾਲ ਸਿਹਤ ਦਾ ਨੁਕਸਾਨ ਵੀ ਕਰ ਰਹੇ ਹਨ। ਇਹ ਥੋੜ੍ਹ ਚਿਰੀ ਪ੍ਰਸਿੱਧੀ ਵੀ ਥੋੜ੍ਹ ਚਿਰੀ ਖ਼ੁਸ਼ੀ ਦਾ ਸਾਧਨ ਤਾਂ ਹੋ ਸਕਦੀ ਹੈ, ਪਰ ਇਹ ਸਥਾਈ ਖ਼ੁਸ਼ੀ ਨਹੀਂ ਦੇ ਸਕਦੀ।

ਰੁਝਾਨ ਖਬਰਾਂ