ਸਰੀ, (ਏਕਜੋਤ ਸਿੰਘ): ਐਪਲ ਦੇ ਸੀਈਓ ਟਿਮ ਕੁੱਕ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਹਨ। ਉਨ੍ਹਾਂ ਨੇ ਇਹ ਅਹੁਦਾ ਮਰਹੂਮ ਸਟੀਵ ਜੌਬਸ ਤੋਂ ਸੰਭਾਲਿਆ ਸੀ। ਇਸ ਨਾਲ ਉਨ੍ਹਾਂ ਦੇ ਲਗਭਗ 15 ਸਾਲਾਂ ਦੇ ਕਾਰਜਕਾਲ ਦਾ ਅੰਤ ਹੋ ਜਾਵੇਗਾ। ਉਨ੍ਹਾਂ ਦੇ ਸ਼ਾਸਨਕਾਲ ਦੌਰਾਨ ਆਈਫੋਨ ਦੀ ਸਫਲਤਾ ਸਦਕਾ ਕੰਪਨੀ ਦੀ ਮਾਰਕੀਟ ਵੈਲਿਊ 3.6 ਟ੍ਰਿਲੀਅਨ ਡਾਲਰ ਤੋਂ ਵੀ ਵੱਧ ਗਈ ਸੀ।
65 ਸਾਲਾ ਕੁੱਕ ਆਉਣ ਵਾਲੀ 1 ਸਤੰਬਰ ਨੂੰ ਐਪਲ ਦੇ ਹਾਰਡਵੇਅਰ ਇੰਜੀਨੀਅਰਿੰਗ ਦੇ ਮੁਖੀ ਜੌਨ ਟਰਨਸ ਨੂੰ ਸੀਈਓ ਦੀਆਂ ਜ਼ਿੰਮੇਵਾਰੀਆਂ ਸੌਂਪ ਦੇਣਗੇ। ਹਾਲਾਂਕਿ ਉਹ ਕੈਲੀਫੋਰਨੀਆ ਸਥਿਤ ਇਸ ਕੰਪਨੀ ਵਿੱਚ ਕਾਰਜਕਾਰੀ ਚੇਅਰਮੈਨ ਵਜੋਂ ਜੁੜੇ ਰਹਿਣਗੇ। ਇਹ ਤਬਦੀਲੀ ਐਮਾਜ਼ਾਨ ਦੇ ਜੈੱਫ ਬੇਜੋਸ ਅਤੇ ਨੈੱਟਫਲਿਕਸ ਦੇ ਰੀਡ ਹੇਸਟਿੰਗਜ਼ ਵੱਲੋਂ ਆਪਣੇ ਸਫਲ ਕਾਰਜਕਾਲ ਦੇ ਅੰਤ ਤੋਂ ਬਾਅਦ ਕੀਤੇ ਗਏ ਬਦਲਾਅ ਵਰਗੀ ਹੀ ਹੈ।
ਟਿਮ ਕੁੱਕ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਪਲ ਦਾ ਸੀਈਓ ਹੋਣਾ ਅਤੇ ਇੰਨੀ ਸ਼ਾਨਦਾਰ ਕੰਪਨੀ ਦੀ ਅਗਵਾਈ ਕਰਨ ਦਾ ਭਰੋਸਾ ਪ੍ਰਾਪਤ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਐਪਲ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਅਜਿਹੀ ਰਚਨਾਤਮਕ ਅਤੇ ਨਵੀਨਤਾਕਾਰੀ ਟੀਮ ਨਾਲ ਕੰਮ ਕਰਨ ਦਾ ਮੌਕਾ ਮਿਲਣ ਉੱਤੇ ਧੰਨਵਾਦੀ ਹਨ। ਹਾਲਾਂਕਿ ਉਨ੍ਹਾਂ ਉੱਤੇ ਹਮੇਸ਼ਾ ਸਟੀਵ ਜੌਬਸ ਵਰਗੀ ਦੂਰਅੰਦੇਸ਼ੀ ਦੀ ਘਾਟ ਹੋਣ ਦਾ ਪ੍ਰਭਾਵ ਰਿਹਾ, ਪਰ ਕੁੱਕ ਨੇ ਆਈਫੋਨ ਅਤੇ ਹੋਰ ਕਈ ਨਵੀਆਂ ਖੋਜਾਂ ਦਾ ਲਾਹਾ ਲੈਂਦਿਆਂ ਐਪਲ ਨੂੰ ਉਨ੍ਹਾਂ ਬੁਲੰਦੀਆਂ ਉੱਤੇ ਪਹੁੰਚਾਇਆ ਜਿਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ, ਖਾਸ ਕਰਕੇ ਜਦੋਂ 1990 ਦੇ ਦਹਾਕੇ ਦੇ ਅੱਧ ਵਿੱਚ ਕੰਪਨੀ ਦੀਵਾਲੀਆ ਹੋਣ ਦੀ ਕਗਾਰ ਉੱਤੇ ਸੀ। This report was written by Ekjot Singh as part of the Local Journalism Initiative.
ਟਿਮ ਕੁੱਕ ਦੀ ਥਾਂ ਜੌਨ ਟਰਨਸ ਹੋਣਗੇ ਐਪਲ ਕੰਪਨੀ ਦੇ ਨਵੇਂ ਸੀਈਓ

