11.4 C
Vancouver
Saturday, May 9, 2026

ਅਲਬਰਟਾ ਵਿੱਚ ਸਥਾਈ ਸਮਾਂ ਲਾਗੂ ਕਰਨ ਲਈ ਨਵਾਂ ਬਿੱਲ ਕੀਤਾ ਜਾਵੇਗਾ ਪੇਸ਼

ਸਰੀ, (ਏਕਜੋਤ ਸਿੰਘ): ਅਲਬਰਟਾ ਸਰਕਾਰ ਇਸ ਹਫਤੇ ਡੇਲਾਈਟ ਸੇਵਿੰਗ ਟਾਈਮ ਨੂੰ ਸਥਾਈ ਤੌਰ ਉੱਤੇ ਲਾਗੂ ਕਰਨ ਲਈ ਕਦਮ ਚੁੱਕਣ ਜਾ ਰਹੀ ਹੈ। ਸਰਕਾਰੀ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਬਦਲਾਅ ਨੂੰ ਸਥਾਈ ਬਣਾਉਣਾ ਇੱਕ ਬਿੱਲ ਦਾ ਹਿੱਸਾ ਹੋਵੇਗਾ, ਜਿਸ ਨੂੰ ਇਸੇ ਹਫ਼ਤੇ ਅਲਬਰਟਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਵੇਗਾ। ਪ੍ਰੀਮੀਅਰ ਡੈਨੀਏਲ ਸਮਿਥ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਇਸ ਬਸੰਤ ਰੁੱਤ ਵਿੱਚ ਕੀਤਾ ਗਿਆ ਸਮੇਂ ਦਾ ਬਦਲਾਅ ਆਖਰੀ ਸੀ, ਜਿਸ ਦਾ ਮਤਲਬ ਹੈ ਕਿ ਹੁਣ ਅਲਬਰਟਾ ਵਿੱਚ ਘੜੀਆਂ ਨੂੰ ਪਿੱਛੇ ਜਾਂ ਅੱਗੇ ਨਹੀਂ ਕੀਤਾ ਜਾਵੇਗਾ।
ਇਸ ਕਦਮ ਨੂੰ ਸਥਾਈ ਬਣਾਉਣ ਵਾਲੇ ਕਾਨੂੰਨ ਉੱਤੇ ਅਜੇ ਵਿਧਾਨ ਸਭਾ ਵਿੱਚ ਵੋਟਿੰਗ ਹੋਣੀ ਬਾਕੀ ਹੈ। ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ, ਤਾਂ ਅਲਬਰਟਾ ਵਿੱਚ ਸਾਰਾ ਸਾਲ ਸਸਕੈਚਵਨ ਵਾਲਾ ਸਮਾਂ ਹੀ ਰਹੇਗਾ। ਇਸ ਦੇ ਨਾਲ ਹੀ ਅਲਬਰਟਾ ਦੀਆਂ ਘੜੀਆਂ ਬ੍ਰਿਟਿਸ਼ ਕੋਲੰਬੀਆ ਤੋਂ ਇੱਕ ਘੰਟਾ ਅੱਗੇ ਰਹਿਣਗੀਆਂ, ਜਿੱਥੇ 8 ਮਾਰਚ 2026 ਨੂੰ ਡੇਲਾਈਟ ਸੇਵਿੰਗ ਟਾਈਮ ਪਹਿਲਾਂ ਹੀ ਸਥਾਈ ਕਰ ਦਿੱਤਾ ਗਿਆ ਸੀ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਪੰਜ ਸਾਲ ਪਹਿਲਾਂ ਅਲਬਰਟਾ ਵਾਸੀਆਂ ਨੇ ਇੱਕ ਰੈਫਰੈਂਡਮ ਵਿੱਚ ਡੇਲਾਈਟ ਸੇਵਿੰਗ ਟਾਈਮ ਨੂੰ ਸਥਾਈ ਕਰਨ ਦੇ ਵਿਚਾਰ ਨੂੰ 50.2 ਫੀਸਦੀ ਦੇ ਮੁਕਾਬਲੇ 49.8 ਫੀਸਦੀ ਵੋਟਾਂ ਨਾਲ ਰੱਦ ਕਰ ਦਿੱਤਾ ਸੀ। ਸੂਬੇ ਵਿੱਚ ਆਮ ਤੌਰ ਉੱਤੇ ਮਾਰਚ ਦੇ ਦੂਜੇ ਐਤਵਾਰ ਨੂੰ ਘੜੀਆਂ ਅੱਗੇ ਅਤੇ ਨਵੰਬਰ ਦੇ ਪਹਿਲੇ ਐਤਵਾਰ ਨੂੰ ਪਿੱਛੇ ਕੀਤੀਆਂ ਜਾਂਦੀਆਂ ਹਨ। ਇੱਕ ਸਰਵੇਖਣ ਅਨੁਸਾਰ ਦੁਨੀਆ ਦੇ ਸਿਰਫ ਇੱਕ ਤਿਹਾਈ ਦੇਸ਼ ਹੀ ਇਸ ਨਿਯਮ ਦੀ ਪਾਲਣਾ ਕਰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਯੂਰਪ ਵਿੱਚ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ