ਸਰੀ, (ਏਕਜੋਤ ਸਿੰਘ): ਕੈਨੇਡਾ ਪੋਸਟ ਨੇ ਸੋਮਵਾਰ ਨੂੰ ਦੱਸਿਆ ਕਿ ਉਸ ਨੂੰ ਪਿਛਲੇ ਸਾਲ ਟੈਕਸ ਤੋਂ ਪਹਿਲਾਂ 1.57 ਬਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਇੱਕ ਰਿਕਾਰਡ ਘਾਟਾ ਹੈ ਜਿਸ ਦਾ ਕਾਰਨ ਮਜ਼ਦੂਰਾਂ ਦੀ ਹੜਤਾਲ ਅਤੇ ਆਧੁਨਿਕੀਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਮੰਨਿਆ ਜਾ ਰਿਹਾ ਹੈ। ਕੰਪਨੀ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਰਿਪੋਰਟ ਅਨੁਸਾਰ ਇਹ ਵਿੱਤੀ ਨੁਕਸਾਨ ਉਸ ਤੋਂ ਪਿਛਲੇ ਸਾਲ ਹੋਏ 841 ਮਿਲੀਅਨ ਡਾਲਰ ਦੇ ਘਾਟੇ ਨਾਲੋਂ ਲਗਭਗ ਦੁੱਗਣਾ ਹੈ। ਕੈਨੇਡਾ ਪੋਸਟ ਦੇ ਮਾਲੀਏ ਵਿੱਚ ਲਗਭਗ ਪੰਜ ਫੀਸਦੀ ਜਾਂ 315 ਮਿਲੀਅਨ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦਾ ਮੁੱਖ ਕਾਰਨ ਪਿਛਲੇ ਸਾਲ ਪਾਰਸਲ ਦੀ ਮਾਤਰਾ ਵਿੱਚ 32.6 ਫੀਸਦੀ ਦੀ ਭਾਰੀ ਕਮੀ ਆਉਣਾ ਹੈ। ਪਿਛਲੇ ਸਾਲ ਦੀ ਹੜਤਾਲ ਦੌਰਾਨ ਬਹੁਤ ਸਾਰੇ ਗਾਹਕਾਂ ਨੇ ਆਪਣੀ ਪਾਰਸਲ ਡਿਲੀਵਰੀ ਲਈ ਪ੍ਰਾਈਵੇਟ ਕੰਪਨੀਆਂ ਦਾ ਸਹਾਰਾ ਲਿਆ ਸੀ। ਕੈਨੇਡੀਅਨ ਯੂਨੀਅਨ ਆਫ਼ ਪੋਸਟਲ ਵਰਕਰਜ਼ ਦੇ ਮੈਂਬਰਾਂ ਨੇ ਨਵੇਂ ਸਮਝੌਤਿਆਂ ਨੂੰ ਮਨਜ਼ੂਰੀ ਦੇਣ ਲਈ ਵੋਟਿੰਗ ਸ਼ੁਰੂ ਕਰ ਦਿੱਤੀ ਹੈ।
ਕੰਪਨੀ ਅਨੁਸਾਰ ਹੜਤਾਲ ਕਾਰਨ ਪਿਛਲੇ ਸਾਲ ਦੇ ਮੁਕਾਬਲੇ ਪਾਰਸਲ ਮਾਲੀਏ ਵਿੱਚ 850 ਮਿਲੀਅਨ ਡਾਲਰ ਦੀ ਗਿਰਾਵਟ ਆਈ ਹੈ। ਇਸ ਘਾਟੇ ਨੂੰ ਉਨ੍ਹਾਂ ਦੀ ਸਹਾਇਕ ਕੰਪਨੀ ਪੁਰੋਲੇਟਰ ਦੇ 256 ਮਿਲੀਅਨ ਡਾਲਰ ਦੇ ਮੁਨਾਫੇ ਨਾਲ ਕੁਝ ਹੱਦ ਤੱਕ ਪੂਰਾ ਕੀਤਾ ਗਿਆ ਹੈ। ਕੈਨੇਡਾ ਪੋਸਟ ਨੇ ਆਪਣੀ ਪੰਜ ਸਾਲਾ ਯੋਜਨਾ ਤਹਿਤ ਦੇਸ਼ ਭਰ ਵਿੱਚ ਚਾਰ ਮਿਲੀਅਨ ਪਤਿਆਂ ਉੱਤੇ ਡੋਰ-ਟੂ-ਡੋਰ ਡਿਲੀਵਰੀ ਨੂੰ ਕਮਿਊਨਿਟੀ ਮੇਲਬਾਕਸ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਕੈਨੇਡਾ ਪੋਸਟ ਨੂੰ 1 ਬਿਲੀਅਨ ਡਾਲਰ ਦਾ ਹੋਰ ਕਰਜ਼ਾ ਦਿੱਤਾ ਗਿਆ ਹੈ, ਕਿਉਂਕਿ ਕੰਪਨੀ ਨੇ ਪਹਿਲਾਂ ਦਿੱਤਾ ਗਿਆ 1.03 ਬਿਲੀਅਨ ਡਾਲਰ ਦਾ ਕਰਜ਼ਾ ਉਮੀਦ ਤੋਂ ਪਹਿਲਾਂ ਹੀ ਖਰਚ ਕਰ ਲਿਆ ਸੀ। This report was written by Ekjot Singh as part of the Local Journalism Initiative.
ਕੈਨੇਡਾ ਪੋਸਟ ਨੂੰ ਇਤਿਹਾਸਕ ਘਾਟਾ, 1.57 ਬਿਲੀਅਨ ਡਾਲਰ ਦਾ ਭਾਰੀ ਨੁਕਸਾਨ

