9.1 C
Vancouver
Sunday, April 12, 2026

ਬਰਬਾਦੀ ਦੀ ਇਬਾਰਤ ਲਿਖਦੀ ਜੰਗ

ਗੋਪਾਲ ਿਸੰਘ ਸਿੱਧੂ, ਸੰਪਰਕ: 99148-11835

ਜੰਗ ਸਿਰਫ਼ ਦੋ ਦੇਸ਼ਾਂ ਦੀ ਲੜਾਈ ਨਹੀਂ ਹੁੰਦੀ, ਇਹ ਮਨੁੱਖਤਾ ਦੇ ਵਿਨਾਸ਼ ਦਾ ਮੁੱਢ ਵੀ ਹੁੰਦੀ ਹੈ। ਪਹਿਲੇ ਵਿਸ਼ਵ ਯੁੱਧ ਤੋਂ ਲੈ ਕੇ ਹੁਣ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਤੱਕ ਦੋ ਦੇਸ਼ਾਂ ਵਿਚਾਲੇ ਜਿੰਨੀਆਂ ਵੀ ਜੰਗਾਂ ਹੋਈਆਂ, ਮਨੁੱਖਤਾ ਨੂੰ ਜ਼ਖ਼ਮ ਮਿਲੇ। ਜੰਗ ਦੇ ਪਿੱਛੇ ਮਨੋਰਥ ਕੋਈ ਵੀ ਹੋਵੇ, ਪਰ ਮਨੁੱਖ ਦਾ ਵਿਨਾਸ਼ ਹੋਣਾ ਲਾਜ਼ਮੀ ਹੈ। ਇੱਕ ਆਮ ਇਨਸਾਨ ਜੋ ਮਿਹਨਤ ਕਰਕੇ ਆਪਣੇ ਅਤੇ ਆਪਣੇ ਪਰਿਵਾਰ ਲਈ ਦੋ ਵੇਲੇ ਦੀ ਰੋਟੀ ਕਮਾਉਂਦਾ ਹੈ, ਉਸ ਨੂੰ ਜੰਗ ਦਾ ਕੀ ਭਾਅ? ਉਹ ਕਦੇ ਨਹੀਂ ਚਾਹੇਗਾ ਕਿ ਉਸ ਦੀ ਸ਼ਾਂਤਮਈ ਜ਼ਿੰਦਗੀ ਬਾਰੂਦ ਦੇ ਢੇਰ ’ਤੇ ਸਵਾਰ ਹੋਵੇ। ਉਸ ਦੇ ਖੂਨ ਪਸੀਨੇ ਨਾਲ ਬਣਿਆ ਉਸ ਦਾ ਘਰ ਦੁਸ਼ਮਣ ਦੀ ਤੋਪ ਦਾ ਸ਼ਿਕਾਰ ਬਣੇ। ਉਸ ਦੇ ਮਾਸੂਮ ਧੀ-ਪੁੱਤ ਸਕੂਲ ਗਏ ਹੀ ਰਾਖ ਬਣ ਜਾਣ। ਸੋਚੋ ਮੌਜੂਦਾ ਸਮੇਂ ’ਚ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਵਿੱਚ ਜਿਨ੍ਹਾਂ ਮਾਵਾਂ ਨੇ ਆਪਣੇ ਧੀ-ਪੁੱਤ ਗਵਾਏ ਕੀ ਉਨ੍ਹਾਂ ਲਈ ਇਸ ਜੰਗ ਦਾ ਸੇਕ ਕਦੇ ਠੰਢਾ ਹੋਵੇਗਾ? ਇਤਿਹਾਸ ਗਵਾਹ ਹੈ ਕਿ ਜੰਗ ਦਾ ਸੇਕ ਕਦੇ ਨਹੀਂ ਠਰਦਾ, ਇਹ ਹਸ਼ਰਾਂ ਤੀਕ ਸੁਲਘਦਾ ਰਹਿੰਦਾ ਹੈ।
ਪਹਿਲਾ ਵਿਸ਼ਵ ਯੁੱਧ, ਦੂਜਾ ਵਿਸ਼ਵ ਯੁੱਧ, ਭਾਰਤ-ਪਾਕਿਸਤਾਨ ਜੰਗਾਂ, ਵੀਅਤਨਾਮ ਜੰਗ, ਇਰਾਨ-ਇਰਾਕ ਜੰਗ, ਖਾੜੀ ਜੰਗ, ਅਫ਼ਗਾਨਿਸਤਾਨ ਜੰਗ, ਰੂਸ-ਯੂਕਰੇਨ ਜੰਗ, ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਜੰਗ, ਇਨ੍ਹਾਂ ਜੰਗਾਂ ਦਾ ਇਤਿਹਾਸ ਗਵਾਹ ਹੈ ਕਿ ਇਨ੍ਹਾਂ ਨੇ ਮਨੁੱਖਤਾ ਦਾ ਕਦੇ ਭਲਾ ਨਹੀਂ ਕੀਤਾ। ਇਨ੍ਹਾਂ ਨਾਲ ਵਿਕਾਸ ਨਹੀਂ ਵਿਨਾਸ਼ ਹੀ ਹੋਇਆ ਹੈ। ਜਾਨੀ-ਮਾਲੀ ਨੁਕਸਾਨ ਅਤੇ ਬੇਗੁਨਾਹਾਂ ਦੀ ਮੌਤ ਹੋਈ। ਸਮਾਜਿਕ ਤੇ ਆਰਥਿਕ ਵਿਵਸਥਾ ਦੀ ਤਬਾਹੀ ਅਤੇ ਵਿਸ਼ਵਵਿਆਪੀ ਮਹਿੰਗਾਈ ਵਧੀ। ਤੇਲ, ਗੈਸ ਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਰੁਕ ਜਾਣ ਕਾਰਨ ਭੁੱਖਮਰੀ ਪੈਦਾ ਹੋਈ। ਦੇਸ਼ਾਂ ਦੀ ਤਰੱਕੀ ਰੁਕ ਗਈ। ਦੇਸ਼ਾਂ ਦਾ ਪੈਸਾ ਸਿਹਤ, ਸਿੱਖਿਆ ਤੇ ਮਨੁੱਖਤਾ ਦੇ ਭਲੇ ਦੀ ਥਾਂ ਬਾਰੂਦ ਤੇ ਹਥਿਆਰਾਂ ’ਤੇ ਖ਼ਰਚ ਹੋਣ ਲੱਗਾ। ਲੱਖਾਂ ਲੋਕ ਬੇਘਰ ਹੋਏ। ਸਦੀਆਂ ਵਿੱਚ ਬਣੇ ਸਕੂਲ, ਕਾਲਜ, ਹਸਪਤਾਲ, ਸਰਕਾਰੀ ਤੇ ਵਿਰਾਸਤੀ ਇਮਾਰਤਾਂ ਢਹਿ ਗਈਆਂ। ਜੰਗ ਦੇਖਣ ਵਾਲੀਆਂ ਪੀੜ੍ਹੀਆਂ ਦੇ ਮਨਾਂ ਵਿੱਚ ਡਰ ਤੇ ਸਦਮਾ ਬੈਠ ਗਿਆ। ਦੇਸ਼ਾਂ ਤੇ ਕੌਮਾਂ ਵਿਚਾਲੇ ਨਫ਼ਰਤ ਦਾ ਐਸਾ ਬੀਜ ਬੋਇਆ ਗਿਆ ਜੋ ਅੱਜ ਤੱਕ ਮਿਟਿਆ ਨਹੀਂ। ਬਾਰੂਦ ਦੇ ਧੂੰਏਂ ਨਾਲ ਵਾਤਾਵਰਣ ਦੂਸ਼ਿਤ ਹੋਇਆ। ਪਰਮਾਣੂ ਹਥਿਆਰਾਂ (ਜੋ ਪੂਰੀ ਧਰਤੀ ਨੂੰ ਪਲ ਵਿੱਚ ਮਿਟਾ ਸਕਦੇ ਹਨ) ਵਿੱਚ ਵਾਧਾ ਹੋਇਆ। ਇਹ ਸਭ ਅਤੇ ਹੋਰ ਤਰਾਸਦੀਆਂ ਦੀ ਉਪਜ ਅੱਜ ਵੀ ਜਾਰੀ ਹੈ।
ਅਜੋਕੇ ਸਮੇਂ ’ਚ ਬਾਰੂਦ ਦੇ ਢੇਰ ’ਤੇ ਬੈਠੀ ਦੁਨੀਆ ਚੰਗਿਆਈਆਂ ਪਾਲ਼ ਰਹੀ ਹੈ। ਇਸ ਦੀ ਗਵਾਹੀ ਅਮਰੀਕਾ-ਇਜ਼ਰਾਈਲ ਤੇ ਇਰਾਨ ਵਿਚਾਲੇ ਚੱਲ ਰਹੀ ਜੰਗ ਬਾਖੂਬੀ ਭਰ ਰਹੀ ਹੈ। ਅਮਰੀਕਾ ਤੇ ਇਜ਼ਰਾਈਲ ਨੇ ਮਿਲ ਕੇ ਇਰਾਨ ਦੇ ਸਰਵਉੱਚ ਆਗੂ ਅਯਾਤੁੱਲਾ ਅਲੀ ਖਮੇਨੇਈ ਨੂੰ ਮਾਰ ਮੁਕਾਇਆ ਹੈ। ਇਰਾਨ ਵਿੱਚ ਬਦਲੇ ਦੀ ਭਾਵਨਾ ਦਾ ਸੇਕ ਅੱਗ ਬਣ ਕੇ ਦੌੜ ਰਿਹਾ ਹੈ। ਖਮੇਨੇਈ ਦੀ ਮੌਤ ਦਾ ਭਿਆਨਕ ਨਤੀਜਾ ਸ਼ਾਇਦ ਹਾਲੇ ਨਾ ਦੇਖਣ ਨੂੰ ਮਿਲੇ, ਪਰ ਇਸ ਤੋਂ ਪਰੋਖੇ ਨਹੀਂ ਹੋਇਆ ਜਾ ਸਕਦਾ। ਇਸ ਨੂੰ ਭਾਂਪਣ ਲਈ ਅਮਰੀਕਾ ’ਤੇ ਹੋਏ 9/11 ਦੇ ਹਮਲੇ ’ਤੇ ਝਾਤ ਮਾਰਨੀ ਜ਼ਰੂਰੀ ਹੈ। ਅਮਰੀਕਾ ’ਤੇ 11 ਸਤੰਬਰ 2001 ਨੂੰ ਹੋਇਆ ਹਮਲਾ ਮਨੁੱਖਤਾ ਦੇ ਇਤਿਹਾਸ ਵਿੱਚ ਹੁਣ ਤੱਕ ਦੀਆਂ ਸਭ ਤੋਂ ਭਿਆਨਕ ਦਹਿਸ਼ਤਗਰਦੀ ਘਟਨਾਵਾਂ ਵਿੱਚੋਂ ਇੱਕ ਹੈ। ਅਤਿਵਾਦੀ ਸੰਗਠਨ ਅਲ-ਕਾਇਦਾ ਦੇ 19 ਦਹਿਸ਼ਤਗਰਦਾਂ ਨੇ ਚਾਰ ਯਾਤਰੀ ਜਹਾਜ਼ ਅਗਵਾ ਕੀਤੇ। ਦੋ ਜਹਾਜ਼ ਨਿਊਯਾਰਕ ਦੇ ਵਰਲਡ ਟਰੇਡ ਸੈਂਟਰ ਦੇ ਦੋਵੇਂ ਟਾਵਰਾਂ ਵਿੱਚ ਮਾਰੇ। ਤੀਜਾ ਜਹਾਜ਼ ਵਾਸ਼ਿੰਗਟਨ ਡੀ.ਸੀ. ਵਿੱਚ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਂਟਾਗਨ ਵਿੱਚ ਮਾਰਿਆ। ਚੌਥਾ ਜਹਾਜ਼ ਵ੍ਹਾਈਟ ਹਾਊਸ ਵੱਲ ਜਾ ਰਿਹਾ ਸੀ, ਪਰ ਯਾਤਰੀਆਂ ਦੇ ਮੁਕਾਬਲੇ ਕਾਰਨ ਇਹ ਖੇਤ ਵਿੱਚ ਡਿੱਗ ਗਿਆ। ਇਨ੍ਹਾਂ ਹਮਲਿਆਂ ਵਿੱਚ 2,977 ਬੇਕਸੂਰ ਲੋਕ ਮਾਰੇ ਗਏ। ਇਕੱਲੇ ਨਿਊਯਾਰਕ ਵਿੱਚ ਹੀ 10 ਬਿਲੀਅਨ ਡਾਲਰ ਦੀ ਸੰਪਤੀ ਦਾ ਨੁਕਸਾਨ ਹੋਇਆ। ਹਮਲੇ ਨੇ ਨਾ ਸਿਰਫ਼ ਅਮਰੀਕਾ ਸਗੋਂ ਪੂਰੀ ਦੁਨੀਆ ਦੀ ਸਿਆਸਤ ਨੂੰ ਬਦਲ ਦਿੱਤਾ। ਹਮਲਾਵਰ ਸੰਘ ਅਨੁਸਾਰ ਇਹ ਹਮਲਾ ਅਮਰੀਕਾ ਦੀ ਨੱਕ ਭੰਨਣ ਦੇ ਬਰਾਬਰ ਸੀ। ਹਮਲੇ ਦੀ ਯੋਜਨਾ ਦਾ ਮੁੱਢ 1990 ਦੇ ਦਹਾਕੇ ਦੇ ਅੱਧ ਵਿੱਚ ਬੰਨ੍ਹਿਆ ਗਿਆ। ਮੁੱਖ ਸਾਜ਼ਿਸ਼ ਘਾੜਾ ਖਾਲਿਦ ਸ਼ੇਖ ਮੁਹੰਮਦ ਸੀ, ਜਿਸ ਨੇ ਹਮਲੇ ਦਾ ਵਿਚਾਰ ਓਸਾਮਾ ਬਿਨ ਲਾਦਿਨ ਨੂੰ ਦਿੱਤਾ। ਹਮਲੇ ਬਾਰੇ ਯੋਜਨਾ ਘੜਨ ਲਈ ਦੋਵਾਂ ਦੀ ਮੁਲਾਕਾਤ 1996 ਵਿੱਚ ਅਫ਼ਗਾਨਿਤਸਾਨ ਦੇ ਸ਼ਹਿਰ ਜਲਾਲਾਬਾਦ ਵਿੱਚ ਹੋਈ। 1996 ਵਿੱਚ ਅਲ-ਕਾਇਦਾ ਨੇ ਅਫ਼ਗਾਨਿਸਤਾਨ ਵਿੱਚ ਆਪਣਾ ਅੱਡਾ ਪੱਕਾ ਕੀਤਾ ਤੇ ਹਮਲਾਵਰਾਂ ਨੂੰ ਤਿਆਰ ਕਰਨਾ ਸ਼ੁਰੂ ਕੀਤਾ। ਓਸਾਮਾ ਬਿਨ ਲਾਦਿਨ ਨੇ ਇਸ ਹਮਲੇ ਨੂੰ ਬਦਲੇ ਦੀ ਭਾਵਨਾ ਕਰਾਰ ਦਿੱਤਾ। ਹਮਲੇ ਦੇ ਕੁਝ ਮੁੱਖ ਕਾਰਨ ਸਨ।
ਸਾਲ 1990 ਵਿੱਚ ਖਾੜੀ ਦੀ ਜੰਗ ਹੋਈ, ਜਿਸ ਨੂੰ ‘ਆਪਰੇਸ਼ਨ ਡੈਜ਼ਰਟ ਸਟੋਰਮ’ ਵੀ ਕਿਹਾ ਜਾਂਦਾ ਹੈ। ਇਹ ਮੁੱਖ ਤੌਰ ’ਤੇ ਇਰਾਕ ਅਤੇ ਅਮਰੀਕਾ ਦੀ ਅਗਵਾਈ ਵਾਲੇ 35 ਦੇਸ਼ਾਂ ਦੇ ਗੱਠਜੋੜ ਵਿਚਕਾਰ ਹੋਈ ਸੀ। ਜੰਗ ਪਿੱਛੇ ਆਰਥਿਕ ਤੇ ਸਿਆਸੀ ਕਾਰਨ ਸਨ। ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੇ ਦਾਅਵਾ ਕੀਤਾ ਕਿ ਕੁਵੈਤ ਇਰਾਕ ਦਾ ਹਿੱਸਾ ਹੈ। 2 ਅਗਸਤ 1990 ਨੂੰ ਇਰਾਕੀ ਫੌਜ ਨੇ ਕੁਵੈਤ ’ਤੇ ਹਮਲਾ ਕਰਕੇ ਉਸ ’ਤੇ ਕਬਜ਼ਾ ਕਰ ਲਿਆ। ਇਰਾਕ-ਈਰਾਨ ਜੰਗ (1980-88) ਦੌਰਾਨ ਇਰਾਕ ਨੇ ਕੁਵੈਤ ਤੋਂ ਬਹੁਤ ਸਾਰਾ ਪੈਸਾ ਕਰਜ਼ ਲਿਆ ਸੀ। ਸੱਦਾਮ ਹੁਸੈਨ ਚਾਹੁੰਦਾ ਸੀ ਕਿ ਕੁਵੈਤ ਇਹ ਕਰਜ਼ ਮੁਆਫ਼ ਕਰ ਦੇਵੇ, ਪਰ ਕੁਵੈਤ ਨਹੀਂ ਮੰਨਿਆ।
ਇਰਾਕ ਚਾਹੁੰਦਾ ਸੀ ਕਿ ਤੇਲ ਦੀਆਂ ਕੀਮਤਾਂ ਵਧਣ ਤਾਂ ਜੋ ਉਹ ਆਪਣੀ ਆਰਥਿਕਤਾ ਸੁਧਾਰ ਸਕੇ, ਪਰ ਕੁਵੈਤ ਕੀਮਤਾਂ ਨੂੰ ਘਟਾ ਰਿਹਾ ਸੀ। ਅੰਤ ਵਿੱਚ ਇਰਾਕੀ ਫੌਜ ਨੂੰ ਕੁਵੈਤ ਛੱਡ ਕੇ ਭੱਜਣਾ ਪਿਆ। ਬਿਨ ਲਾਦਿਨ ਇਸ ਗੱਲੋਂ ਔਖਾ ਸੀ ਕਿ 1990 ਦੀ ਖਾੜੀ ਜੰਗ ਤੋਂ ਬਾਅਦ ਅਮਰੀਕੀ ਫੌਜਾਂ ਮੁਸਲਮਾਨਾਂ ਦੇ ਦੇਸ਼ ਸਾਊਦੀ ਅਰਬ ਵਿੱਚ ਕਿਉਂ ਰੁਕੀਆਂ ਹੋਈਆਂ ਹਨ। ਬਿਨ ਲਾਦਿਨ ਇਰਾਕ ਦਾ ਸਮਰਥਕ ਨਹੀਂ ਸੀ, ਸਗੋਂ ਉਹ ਅਮਰੀਕਾ ਦਾ ਕੱਟੜ ਵਿਰੋਧੀ ਸੀ। ਉਹ ਅਮਰੀਕਾ ਵੱਲੋਂ ਇਜ਼ਰਾਈਲ ਨੂੰ ਦਿੱਤੀ ਜਾਂਦੀ ਫੌਜੀ ਮਦਦ ਤੋਂ ਵੀ ਨਾਰਾਜ਼ ਸੀ। ਖਾੜੀ ਜੰਗ ਤੋਂ ਬਾਅਦ ਅਮਰੀਕਾ ਨੇ ਇਰਾਕ ’ਤੇ ਆਰਥਿਕ ਪਾਬੰਦੀਆਂ ਲਗਾਈਆਂ। ਇਸ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ, ਜਿਸ ਦਾ ਬਿਨ ਲਾਦਿਨ ਬਦਲਾ ਲੈਣਾ ਚਾਹੁੰਦਾ ਸੀ।
ਤੇਲ ਦਾ ਮਸਲਾ ਵੀ ਕੋਈ ਛੋਟਾ ਨਹੀਂ, ਇਸੇ ਨੇ ਬੀਤੇ ਸਮੇਂ ਦੀਆਂ ਜੰਗਾਂ ਦੌਰਾਨ ਕਈ ਬੇਕਸੂਰਾਂ ਦੀਆਂ ਜਾਨਾਂ ਲਈਆਂ ਹਨ। ਮੌਜੂਦਾ ਸਮੇਂ ਵਿੱਚ ਭਾਵੇਂ ਟਰੰਪ ਇਰਾਨ ’ਤੇ ਪਰਮਾਣੂ ਹਥਿਆਰ ਬਣਾਉਣ ਦਾ ਦੋਸ਼ ਲਾਉਂਦਾ ਹੈ, ਪਰ ਮਸਲਾ ਤੇਲ ਦਾ ਵੀ ਹੈ। 1980 ਵਿੱਚ ਇਰਾਨ ਤੇ ਇਰਾਕ ਵਿਚਕਾਰ ਹੋਈ ਜੰਗ ਦਾ ਮੁੱਖ ਕਾਰਨ ਤੇਲ ਹੀ ਸੀ, ਜਿਸ ਦੀ ਚੰਗਿਆੜੀ ਹੁਣ ਤੱਕ ਲੋਕਾਂ ਨੂੰ ਰਾਖ ਬਣਾ ਰਹੀ ਹੈ। ਤੇਲ ਇਸ ਜੰਗ ਦੇ ਸਭ ਤੋਂ ਵੱਡੇ ਹਥਿਆਰ ਵਜੋਂ ਉੱਭਰਿਆ ਹੈ। ਤੇਲ ਦੇ ਮਸਲੇ ਵਿੱਚ ਸਭ ਤੋਂ ਅਹਿਮ ਭੂਗੋਲਿਕ ਬਿੰਦੂ ‘ਹੋਰਮੁਜ਼ ਜਲਡਮਰੂ’ ਹੈ। ਦੁਨੀਆ ਦਾ ਲਗਪਗ 20-25% ਕੱਚਾ ਤੇਲ ਇਸੇ ਤੰਗ ਰਸਤੇ ਵਿੱਚੋਂ ਲੰਘਦਾ ਹੈ। ਇਰਾਨ ਨੇ ਕਈ ਵਾਰ ਚਿਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਜਾਂ ਇਜ਼ਰਾਈਲ ਨੇ ਉਸ ’ਤੇ ਸਿੱਧਾ ਹਮਲਾ ਕੀਤਾ, ਤਾਂ ਉਹ ਇਸ ਰਸਤੇ ਨੂੰ ਬੰਦ ਕਰ ਦੇਵੇਗਾ। ਜੇਕਰ ਅਜਿਹਾ ਹੁੰਦਾ ਹੈ, ਤਾਂ ਦੁਨੀਆ ਭਰ ਵਿੱਚ ਤੇਲ ਦੀ ਸਪਲਾਈ ਰੁਕ ਜਾਵੇਗੀ ਅਤੇ ਕੀਮਤਾਂ ਅਸਮਾਨੀ ਚੜ੍ਹ ਜਾਣਗੀਆਂ। ਅਮਰੀਕਾ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਉਸ ਦੇ ਤੇਲ ਦਰਾਮਦ ’ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਅਮਰੀਕਾ ਚਾਹੁੰਦਾ ਹੈ ਕਿ ਉਹ ਨਾ ਕੇਵਲ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਢਾਹ ਲਾਵੇ, ਸਗੋਂ ਉਸ ਦੇ ਤੇਲ ਭੰਡਾਰ ’ਤੇ ਕਬਜ਼ਾ ਕਰ ਕੇ ਅਮਰੀਕਾ ਨੂੰ ਹੋਰ ਮਜ਼ਬੂਤ ਕਰੇ। ਇਰਾਨ ਦੀ ਆਰਥਿਕਤਾ ਤੇਲ ’ਤੇ ਟਿਕੀ ਹੋਈ ਹੈ। ਅਮਰੀਕਾ ਚਾਹੁੰਦਾ ਹੈ ਕਿ ਇਰਾਨ ਦਾ ਤੇਲ ਵਿਕਣਾ ਬੰਦ ਹੋ ਜਾਵੇ ਤਾਂ ਜੋ ਉਸ ਕੋਲ ਜੰਗ ਲੜਨ ਲਈ ਪੈਸੇ ਨਾ ਬਚਣ। ਇਸੇ ਕਾਰਨ ਅਮਰੀਕਾ ਭਾਰਤ ਨੂੰ ਰੂਸ ਤੋਂ ਤੇਲ ਖ਼ਰੀਦਣ ਤੋਂ ਰੋਕਦਾ ਹੈ।
ਹਾਲ ਹੀ ਵਿੱਚ ਅਮਰੀਕਾ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਤੇ ਉਸ ਦੀ ਪਤਨੀ ਨੂੰ ਅਗਵਾ ਕੀਤਾ। ਵੈਨੇਜ਼ੁਏਲਾ ਕੋਲ ਵੀ ਦੁਨੀਆ ਦੇ ਸਭ ਤੋਂ ਵੱਡੇ ਤੇਲ ਭੰਡਾਰ ਹਨ। ਅਮਰੀਕਾ ਨੇ ਵੈਨੇਜ਼ੁਏਲਾ ਨੂੰ ਸਿਆਸੀ ਸੱਟ ਮਾਰੀ। ਅਮਰੀਕਾ ਚਾਹੁੰਦਾ ਹੈ ਕਿ ਵੈਨੇਜ਼ੁਏਲਾ ਵਿੱਚ ਉਸ ਦੀ ਭਾਈਵਾਲ ਸਰਕਾਰ ਹੋਵੇ ਜੋ ਤੇਲ ਦੀ ਬਰਾਮਦ ’ਤੇ ਅਮਰੀਕੀ ਹਿੱਤਾਂ ਦਾ ਧਿਆਨ ਰੱਖੇ। ਇਸ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿਆਨ ਜਾਰੀ ਕੀਤਾ ਕਿ ਭਾਰਤ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਤੇਲ ਖ਼ਰੀਦੇਗਾ। ਟਰੰਪ ਦਾ ਬਿਆਨ ਭਾਰਤ ਲਈ ਹੁਕਮ ਜਾਪਦਾ ਸੀ। ਇੱਧਰ ਇਰਾਨ ’ਤੇ ਹੋ ਰਹੀ ਬੰਬਾਰੀ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਕਿਨਾਰੇ ਹੈ। ਤੇਲ ਮਹਿੰਗਾ ਹੋਣ ਦਾ ਮਤਲਬ ਹੈ ਟਰਾਂਸਪੋਰਟ ਮਹਿੰਗੀ ਹੋਣਾ, ਜਿਸ ਨਾਲ ਖਾਣ-ਪੀਣ ਦੀਆਂ ਚੀਜ਼ਾਂ ਸਮੇਤ ਹਰ ਚੀਜ਼ ਦੀ ਕੀਮਤ ਵਧੇਗੀ। ਇਸ ਵਿਚਾਲੇ 6 ਮਾਰਚ 2026 ਨੂੰ ਸੰਯੁਕਤ ਰਾਜ ਦੇ ਖ਼ਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਐਕਸ ’ਤੇ ਲਿਖਿਆ ਕਿ ਵਿਸ਼ਵ ਬਾਜ਼ਾਰ ਵਿੱਚ ਤੇਲ ਦੀ ਸਪਲਾਈ ਦੇ ਸੰਕਟ ਨੂੰ ਰੋਕਣ ਲਈ ਅਮਰੀਕੀ ਖ਼ਜ਼ਾਨਾ ਵਿਭਾਗ ਭਾਰਤੀ ਰਿਫਾਇਨਰਾਂ ਨੂੰ ਆਗਿਆ ਦਿੰਦਾ ਹੈ ਕਿ ਉਹ 30 ਦਿਨਾਂ ਲਈ ਰੂਸ ਤੋਂ ਤੇਲ ਖ਼ਰੀਦ ਸਕਦੇ ਹਨ। ਹੱਥ ਅੱਗੇ ਵਧਾਉਂਦਿਆਂ ਉਨ੍ਹਾਂ ਲਿਖਿਆ “ਭਾਰਤ, ਸੰਯੁਕਤ ਰਾਜ ਅਮਰੀਕਾ ਦਾ ਇੱਕ ਜ਼ਰੂਰੀ ਭਾਈਵਾਲ ਹੈ, ਸਾਨੂੰ ਪੂਰੀ ਉਮੀਦ ਹੈ ਕਿ ਭਾਰਤ, ਅਮਰੀਕਾ ਤੋਂ ਤੇਲ ਦੀ ਖ਼ਰੀਦ ਵਧਾਏਗਾ।” ਸਿੱਧੇ ਜਾਂ ਅਸਿੱਧੇ ਤੌਰ ’ਤੇ ਅਮਰੀਕਾ, ਭਾਰਤ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਇਰਾਨ ਤੇ ਰੂਸ ਨੂੰ ਛੱਡ ਕੇ ਅਮਰੀਕਾ ਤੋਂ ਤੇਲ ਖ਼ਰੀਦੇ। ਇਸ ਨਾਲ ਅਮਰੀਕਾ ਦੀ ਆਰਥਿਕਤਾ ਨੂੰ ਮਜ਼ਬੂਤੀ ਮਿਲੇਗੀ। ਉਮੀਦ ਹੈ ਅਮਰੀਕਾ-ਇਜ਼ਰਾਇਲ ਤੇ ਇਰਾਨ ਵਿਚਾਲੇ ਛਿੜੀ ਜੰਗ ਦਾ ਕਾਰਨ ਐਕਸ ’ਤੇ ਲਿਖੇ ਸੰਦੇਸ਼ ਪਿੱਛੇ ਦੀ ਭਾਵਨਾ ਨਹੀਂ ਹੋਵੇਗੀ। ਅਜੋਕੇ ਸਮੇਂ ਦੀ ਜੰਗ ਵਿਚਾਲੇ ਐਪਸਟੀਨ ਫਾਈਲਾਂ ਦੇ ਵਿਵਾਦ ਨੂੰ ਵੀ ਯਾਦ ਰੱਖਣਾ, ਜਿਸ ਵਿੱਚ ਡੋਨਾਲਡ ਟਰੰਪ ਦਾ ਨਾਂਅ ਸਿਖਰ ’ਤੇ ਹੈ।
ਆਪਣੇ ਦੂਜੇ ਕਾਰਜਕਾਲ ਦੌਰਾਨ ਭਾਰਤ-ਪਾਕਿਸਤਾਨ ਸਣੇ 8 ਜੰਗਾਂ ਨੂੰ ਰੋਕਣ ਦਾ ਦਾਅਵਾ ਕਰਨ ਵਾਲਾ ਟਰੰਪ ਖ਼ੁਦ ਹੀ ਕਈ ਜੰਗਾਂ ਛੇੜ ਬੈਠਾ ਹੈ। ਇਜ਼ਰਾਈਲ-ਇਰਾਨ ਦੀ ਜੰਗ ਵਿੱਚ ਜੇਕਰ ਇਜ਼ਰਾਈਲ ਇਰਾਨ ਦੀਆਂ ਤੇਲ ਰਿਫਾਇਨਰੀਆਂ ਨੂੰ ਤਬਾਹ ਕਰਦਾ ਹੈ, ਤਾਂ ਇਰਾਨ ਦਾ ਲੱਕ ਟੁੱਟ ਜਾਵੇਗਾ। ਬਦਲੇ ਵਿੱਚ ਇਰਾਨ ਖਾੜੀ ਦੇ ਹੋਰ ਦੇਸ਼ਾਂ (ਜੋ ਅਮਰੀਕਾ ਦੇ ਸਾਥੀ ਹਨ) ਦੇ ਤੇਲ ਪਲਾਂਟਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ। ਤੇਲ ਇਸ ਜੰਗ ਦੀ ‘ਲਾਈਫਲਾਈਨ’ ਵੀ ਹੈ ਅਤੇ ‘ਟਾਰਗੇਟ’ ਵੀ। ਇਰਾਨ ਤੇਲ ਦੀ ਵਰਤੋਂ ਦੁਨੀਆ ਨੂੰ ਦਬਾਉਣ ਲਈ ਕਰ ਰਿਹਾ ਹੈ, ਜਦਕਿ ਅਮਰੀਕਾ ਅਤੇ ਇਜ਼ਰਾਈਲ ਇਸ ਦੀ ਵਰਤੋਂ ਇਰਾਨ ਨੂੰ ਕਮਜ਼ੋਰ ਕਰਨ ਲਈ ਕਰ ਰਹੇ ਹਨ। ਮੌਜੂਦਾ ਸਥਿਤੀ ਵਿੱਚ ਭਾਰਤ ਲਈ ਵੀ ਤੇਲ ਦਾ ਮਸਲਾ ਨਾਜ਼ੁਕ ਹੈ। ਭਾਰਤ ਵੀ ਤੇਲ ਵਾਸਤੇ ਵਿਕਲਪ ਤਲਾਸ਼ ਰਿਹਾ ਹੈ। ਇਹ ਗੱਲ ਬਹੁਤਾ ਹੈਰਾਨ ਨਹੀਂ ਕਰਦੀ ਕਿ ਵਿਸ਼ਵਵਿਆਪੀ ਜੰਗਾਂ ਤੇਲ ਪਿੱਛੇ ਹੋ ਰਹੀਆਂ ਹਨ। ਸਿਆਸੀ, ਸਮਾਜਿਕ ਤੇ ਧਾਰਮਿਕ ਮਤਭੇਦਾਂ ਪਿੱਛੇ ਹੋਣ ਵਾਲੀਆਂ ਲੜਾਈਆਂ ਜ਼ਰੂਰ ਹੈਰਾਨ ਕਰਦੀਆਂ ਹਨ। ਤੇਲ ਨਾਲ ਲੱਗੀ ਅੱਗ ਛੇਤੀ ਬੁਝ ਸਕਦੀ ਹੈ, ਪਰ ਤੇਲ ਪਿੱਛੇ ਲੱਗ ਰਹੀ ਅੱਗ ਜਲਦ ਬੁਝਣ ਵਾਲੀ ਨਹੀਂ। ਇਹ ਨਫ਼ਰਤ ਦੀ ਭਾਵਨਾ ਨੂੰ ਮਿਟਾ ਨਹੀਂ ਰਹੀ, ਸਗੋਂ ਖਮੇਨੇਈ ਵਰਗੇ ਆਗੂ, ਜੋ ਇਸ ਅੱਗ ਦਾ ਸ਼ਿਕਾਰ ਹੋਏ ਹਨ, ਨਫ਼ਰਤ ਨੂੰ ਹੋਰ ਗੂੜ੍ਹਾ ਕਰ ਰਹੀ ਹੈ। ਹਥਿਆਰਾਂ ਨਾਲ ਤੇਲ ’ਤੇ ਕਬਜ਼ਾ ਕਰਨ ਦੀ ਬਜਾਏ ਜੇ ਆਪਸੀ ਸਹਿਯੋਗ ਨੂੰ ਤਰਜੀਹ ਦਿੱਤੀ ਜਾਵੇ ਤਾਂ ਮਨੁੱਖਤਾ ਦਾ ਵਿਨਾਸ਼ ਹੋਣੋਂ ਬਚ ਸਕਦਾ ਹੈ। ਸਿਆਸੀ ਹਸਤੀਆਂ ਵੀ ਸਭ ਤੋਂ ਪਹਿਲਾਂ ਤਾਂ ਮਨੁੱਖ ਹੀ ਹਨ, ਮਨੁੱਖਤਾ ਦਾ ਕੋਈ ਛੋਟੇ ਤੋਂ ਛੋਟਾ ਕਣ ਤਾਂ ਉਨ੍ਹਾਂ ਵਿੱਚ ਹੋਵੇਗਾ, ਸ਼ਾਇਦ ਉਹ ਉਸ ਕਣ ਤੋਂ ਸਮਝ ਲੈਣ ਤੇ ਸ਼ਾਂਤੀ ਦਾ ਰਾਹ ਚੁਣਨ। ਹਰ ਇੱਕ ਜੰਗ ਬਰਬਾਦੀ ਦੀ ਇਬਾਰਤ ਲਿਖਦੀ ਆਈ ਹੈ। ਮਨ ਭਾਰਾ ਕਰਕੇ ਕਹਿਣਾ ਪੈ ਰਿਹਾ ਹੈ ਕਿ ਅਜੋਕੇ ਸਮੇਂ ਦੀ ਜੰਗ ਜੇ ਨਾ ਰੁਕੀ ਤਾਂ ਇਸ ਜੰਗ ਦੀ ਕੁੱਖੋਂ ਵੀ ਸਿਰਫ਼ ਜ਼ਖ਼ਮ ਹੀ ਪੈਦਾ ਹੋਣਗੇ। ਜੰਗ ਇਹ ਤੈਅ ਨਹੀਂ ਕਰਦੀ ਕਿ ਕੌਣ ਸਹੀ ਹੈ, ਜੰਗ ਇਹ ਤੈਅ ਜ਼ਰੂਰ ਕਰ ਦਿੰਦੀ ਹੈ ਕਿ ਕੌਣ ਬਚਿਆ ਹੈ। ਇਸੇ ਕਾਰਨ ਲਿਖਿਆ ਗਿਆ ਹੈ, ‘ਰਮਜ਼ਾਂ ਰਲ਼ੀਆਂ ਚੰਗੀਆਂ ਨੇ, ਜੰਗਾਂ ਟਲ਼ੀਆਂ ਚੰਗੀਆਂ ਨੇ।’

ਰੁਝਾਨ ਖਬਰਾਂ