ਲਿਖਤ : ਬਰਜਿੰਦਰ ਕੌਰ ਬਿਸਰਾਓ
ਸੰਪਰਕ : 99889 – 01324
ਪੰਜਾਬ ਵਿੱਚ ਅੱਜ ਕੱਲ੍ਹ ਸਿਆਸੀ ਬਹਿਸਬਾਜ਼ੀ ਅਤੇ ਬਿਆਨਬਾਜ਼ੀਆਂ ਦਾ ਸ਼ੋਰ-ਸ਼ਰਾਬਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੋ ਗਿਆ ਹੈ। ਪਹਿਲਾਂ ਪਹਿਲ ਸਿਆਸੀ ਪਾਰਟੀਆਂ ਘੱਟ ਸਨ ਅਤੇ ਮੀਡੀਆ ਤੰਤਰ ਸਿਰਫ ਅਖ਼ਬਾਰਾਂ, ਰਸਾਲਿਆਂ ਅਤੇ ਰੇਡੀਓ ਤਕ ਸੀਮਿਤ ਹੋਣ ਕਰਕੇ ਸਿਰਫ ਵੋਟਾਂ ਪੈਣ ਸਮੇਂ ਹੀ ਸਿਆਸੀ ਮਾਹੌਲ ਗਰਮਾਉਂਦਾ ਸੀ। ਪਹਿਲਾਂ ਪਹਿਲ ਦਲ ਬਦਲੂ ਸਿਆਸੀ ਲੀਡਰ ਵੀ ਕੋਈ ਕੋਈ ਹੀ ਪੈਦਾ ਹੁੰਦਾ ਸੀ। ਅੱਜਕਲ੍ਹ ਤਾਂ ਹਰ ਦਿਨ ਹਰ ਘੰਟੇ ਸਿਆਸੀ ਮਾਹੌਲ ਗਰਮਾਇਆ ਹੀ ਰਹਿੰਦਾ ਹੈ। ਦਲ ਬਦਲੂਆਂ ਦੀ ਭਰਮਾਰ ਹੈ।
ਜਿਹੜੇ ਪਹਿਲਾਂ ਇੱਕ ਪਾਰਟੀ ਦਾ ਗੁੱਗਾ ਗਾਉਂਦੇ ਹਨ, ਉਹੀ ਕੁਝ ਘੰਟਿਆਂ ਬਾਅਦ ਕਿਸੇ ਹੋਰ ਪਾਰਟੀ ਦਾ ਲੜ ਫੜ ਕੇ ਪਹਿਲੀ ਪਾਰਟੀ ਨੂੰ ਨਿੰਦਦੇ ਨਜ਼ਰ ਆਉਂਦੇ ਹਨ। ਕਈ ਸਿਆਸੀ ਲੀਡਰ ਤਾਂ ਇਹੋ ਜਿਹੇ ਹਨ, ਜਿਨ੍ਹਾਂ ਨੇ ਕੋਈ ਪਾਰਟੀ ਬਦਲਣ ਤੋਂ ਛੱਡੀ ਹੀ ਨਹੀਂ। ਆਮ ਲੋਕਾਂ ਨੂੰ ਸਿਆਸੀ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਕੀਤੀਆਂ ਜਾਣ ਵਾਲੀਆਂ ਟਿੱਪਣੀਆਂ ਜਾਂ ਦੂਸ਼ਣਬਾਜ਼ੀਆਂ ਜਾਂ ਫਿਰ ਬਿਆਨਬਾਜ਼ੀਆਂ ਦਾ ਕੋਈ ਫਾਇਦਾ ਹੈ ਜਾਂ ਫਿਰ ਉਹਨਾਂ ਵੱਲੋਂ ਇੱਕ ਦੂਜੇ ਉੱਤੇ ਨਿਰੇ ਹਵਾਈ ਤੀਰ ਛੱਡ ਕੇ ਆਮ ਜਨਤਾ ਨੂੰ ਉਲਝਾਈ ਰੱਖਣ ਦੀ ਕੋਈ ਚਾਲ ਹੈ, ਇਸ ਬਾਰੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ।
ਸਾਡਾ ਦੇਸ਼ ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਹੈ ਜਿਸ ਵਿੱਚ ਆਮ ਲੋਕ, ਆਮ ਲੋਕਾਂ ਵਿੱਚੋਂ, ਆਮ ਵਿਅਕਤੀ ਨੂੰ ਆਗੂ ਚੁਣ ਕੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਨ ਲਈ ਸਰਕਾਰ ਬਣਾਉਂਦੇ ਹਨ। ਆਮ ਲੋਕਾਂ ਵਿੱਚੋਂ ਨੇਤਾ ਜੀ ਇਸ ਕਰਕੇ ਚੁਣੇ ਜਾਂਦੇ ਹਨ ਤਾਂ ਜੋ ਉਹ ਵਿਧਾਨ ਸਭਾ, ਲੋਕ ਸਭਾ ਜਾਂ ਰਾਜ ਸਭਾ ਵਿੱਚ ਆਮ ਲੋਕਾਂ ਦੀਆਂ ਮੁਸ਼ਕਲਾਂ, ਲੋੜਾਂ ਅਤੇ ਮੁੱਦਿਆਂ ਨੂੰ ਪੇਸ਼ ਕਰ ਸਕਣ। ਸਮਾਜ ਵਿੱਚ ਅਮਨ ਕਾਨੂੰਨ ਦੀ ਸਥਿਤੀ ਪੈਦਾ ਕਰਨ ਲਈ ਉਪਰਾਲੇ ਕੀਤੇ ਜਾਣ, ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਕਿਵੇਂ ਮੁਹਈਆ ਕਰਵਾਏ ਜਾਣ, ਲੋਕਾਂ ਦੀਆਂ ਸੁਖ ਸੁਵਿਧਾਵਾਂ ਦਾ ਧਿਆਨ ਰੱਖਿਆ ਜਾਵੇ, ਆਵਾਜਾਈ ਮਾਰਗਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਤਰੱਕੀ ਦੇ ਹੋਰ ਬਹੁਤ ਸਾਰੇ ਕੰਮ ਆਮ ਜਨਤਾ ਦੀ ਭਲਾਈ ਲਈ ਕੀਤੇ ਜਾਣ।
ਜਦੋਂ ਲੋਕ ਆਪਣੇ ਵਿੱਚੋਂ ਹੀ ਇੱਕ ਆਮ ਵਿਅਕਤੀ ਨੂੰ ਵੋਟਾਂ ਪਾ ਕੇ ਜਿਤਾ ਕੇ ਤੋਰਦੇ ਹਨ ਤਾਂ ਉਹਨਾਂ ਨੂੰ ਉਸ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ ਕਿ ਉਹ ਆਪਣੇ ਖੇਤਰ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੋਵੇਗਾ। ਚੋਣ ਜਿੱਤਣ ਤੋਂ ਬਾਅਦ ਉਹੀ ਆਮ ਵਿਅਕਤੀ ਬਹੁਤ ਖ਼ਾਸ ਬਣ ਜਾਂਦਾ ਹੈ।
ਉਹੀ ਵਿਅਕਤੀ ਜਿਸ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਹੁੰਦਾ ਹੈ, ਉਹੀ ਉਹਨਾਂ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਂਦਾ ਹੈ। ਆਮ ਲੋਕਾਂ ਦੀਆਂ ਮੁਸ਼ਕਲਾਂ, ਕੰਮ ਜਾਂ ਮੁੱਦੇ ਉਵੇਂ ਦੇ ਉਵੇਂ ਹੀ ਰਹਿੰਦੇ ਹਨ। ਸਾਡੇ ਲੀਡਰ ਸਾਹਿਬਾਨਾਂ ਦਾ ਆਪਣੀ ਆਪਣੀ ਪਾਰਟੀ ਦਾ ਅਸਿੱਧੇ ਤੌਰ ’ਤੇ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ, ਦੂਜੀਆਂ ਪਾਰਟੀਆਂ ’ਤੇ ਦੂਸ਼ਣਬਾਜ਼ੀਆਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਆਮ ਲੋਕ ਆਪਣੇ ਸਾਰੇ ਮੁੱਦੇ ਭੁੱਲ ਭੁਲਾ ਕੇ ਮੂਕ ਦਰਸ਼ਕ ਬਣ ਕੇ ਰਹਿ ਜਾਂਦੇ ਹਨ।
ਸਾਡੇ ਸਿਆਸਤਦਾਨ ਬਹੁਤ ਘਾਗ ਹਨ। ਉਹਨਾਂ ਨੂੰ ਪਤਾ ਹੈ ਕਿ ਅਸੀਂ ਜਨਤਾ ਨੂੰ ਕਿਵੇਂ ਬੇਵਕੂਫ ਬਣਾਉਣਾ ਹੈ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਵੋਟਾਂ ਲੈਣ ਵੇਲੇ ਲੋਕਾਂ ਨੂੰ ਕਿਵੇਂ ਭਰਮਾਉਣਾ ਹੈ। ਆਮ ਲੋਕਾਂ ਅੱਗੇ ਸਿਆਸੀ ਬੁਰਕੀਆਂ ਸੁੱਟੀਆਂ ਜਾਂਦੀਆਂ ਹਨ। ਹਰ ਪਾਰਟੀ ਦਾ ਆਪਣਾ ਮੈਨੀਫੈਸਟੋ ਜਾਰੀ ਕੀਤਾ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਮੁਫਤ ਰਾਸ਼ਨ, ਬਿਜਲੀ ਤੋਂ ਲੈਕੇ ਖਾਤਿਆਂ ਵਿੱਚ ਪੈਸੇ ਪਾਉਣ ਦੇ ਲਾਲਚ ਦਿੱਤੇ ਜਾਂਦੇ ਹਨ। ਸਾਡੇ ਦੇਸ਼ ਵਿੱਚ ਅਜੇ ਤਕ ਅਜਿਹਾ ਕੋਈ ਕਾਨੂੰਨ ਨਹੀਂ ਬਣਿਆ ਜਿਸ ਵਿੱਚ ਸਰਕਾਰ ਬਣਾਉਣ ਵਾਲੀਆਂ ਪਾਰਟੀਆਂ ਤੋਂ ਕਾਨੂੰਨੀ ਤੌਰ ਉੱਤੇ ਮੈਨੀਫੈਸਟੋ ਵਿੱਚ ਜਾਰੀ ਕੀਤੇ ਦਾਅਵੇ ਅਤੇ ਵਾਅਦੇ ਸੌ ਪ੍ਰਤੀਸ਼ਤ ਪੂਰੇ ਕਰਵਾਏ ਜਾਣ। ਸੋ ਮੈਨੀਫੈਸਟੋ ਤਾਂ ਸਿੱਧੇ ਤੌਰ ’ਤੇ ਆਮ ਲੋਕਾਂ ਨਾਲ ਨਿਰਾ ਮਜ਼ਾਕ ਹੀ ਸਾਬਤ ਹੁੰਦਾ ਹੈ।
ਅੱਜਕਲ੍ਹ ਇਲੈਕਟ੍ਰਾਨਿਕ ਮੀਡੀਆ ਦਾ ਯੁਗ ਹੈ। ਸਾਡੇ ਲੀਡਰ ਸਾਹਿਬਾਨ ਬਿਆਨਬਾਜ਼ੀ ਅਤੇ ਦੂਸ਼ਣਬਾਜ਼ੀ ਕੁਝ ਜ਼ਰੂਰਤ ਤੋਂ ਜ਼ਿਆਦਾ ਹੀ ਕਰਨ ਲੱਗ ਪਏ ਹਨ। ਆਮ ਲੋਕਾਂ ਦਾ ਧਿਆਨ ਆਪਣੇ ਮੁੱਦਿਆਂ ਅਤੇ ਸਮੱਸਿਆਵਾਂ ਵੱਲ ਤਾਂ ਜਾਂਦਾ ਹੀ ਨਹੀਂ। ਕੋਈ ਵੀ ਇੱਕ ਪਾਰਟੀ ਦਾ ਲੀਡਰ ਉੱਠ ਕੇ ਆਪਣੀ ਹੀ ਪਾਰਟੀ ਦੇ ਲੀਡਰ ’ਤੇ ਜਾਂ ਫਿਰ ਵਿਰੋਧੀ ਪਾਰਟੀ ਦੇ ਲੀਡਰ ’ਤੇ ਦੂਸ਼ਣਬਾਜ਼ੀ ਕਰਦਾ ਹੈ, ਵਿਵਾਦ ਉਤਪੰਨ ਹੁੰਦੇ ਹਨ। ਉਸ ਨੂੰ ਇਲੈਕਟ੍ਰਾਨਿਕ ਮੀਡੀਆ ਉਸੇ ਸਮੇਂ ਵੱਡੇ ਵੱਡੇ ਅੱਖਰਾਂ ਵਿੱਚ ਬਰੇਕਿੰਗ ਨਿਊਜ਼ ਬਣਾ ਕੇ ਪੇਸ਼ ਕਰਦਾ ਹੈ। ਫਿਰ ਕੰਮ ਇੱਥੇ ਹੀ ਨਹੀਂ ਰੁਕਦਾ। ਫਿਰ ਜਿਸ ਬਾਰੇ ਬਿਆਨਬਾਜ਼ੀ ਕੀਤੀ ਹੁੰਦੀ ਹੈ, ਸਾਡਾ ਮੀਡੀਆ ਉਹਨਾਂ ਕੋਲ ਪਹੁੰਚ ਕੇ ਜਵਾਬ ਲੈਂਦਾ ਹੈ। ਫਿਰ ਉਸਦੀ ਬਰੇਕਿੰਗ ਨਿਊਜ਼ ਬਣਦੀ ਹੈ। ਕੰਮ ਇੱਥੇ ਵੀ ਨਹੀਂ ਰੁਕਦਾ, ਫਿਰ ਉਹਨਾਂ ਦੀਆਂ ਸਿਆਸੀ ਪਾਰਟੀਆਂ ਦੇ ਹੋਰ ਆਗੂਆਂ ਦੇ ਬਿਆਨ ਲਏ ਜਾਂਦੇ ਹਨ। ਉਸ ਤੋਂ ਵੀ ਅੱਗੇ ਫਿਰ ਸਾਰੇ ਨਿਊਜ਼ ਚੈਨਲਾਂ ’ਤੇ ਬਹੁਤ ਹੀ ਦਿਲਚਸਪ ਢੰਗ ਨਾਲ ਬਹਿਸਾਂ ਕੀਤੀਆਂ ਜਾਂਦੀਆਂ ਹਨ। ਆਮ ਲੋਕ ਬੈਠ ਕੇ ਬਹੁਤ ਹੀ ਦਿਲਚਸਪ ਸੀਰੀਅਲਾਂ ਵਾਂਗ ਉਹਨਾਂ ਨੂੰ ਟੀ ਵੀ ਅਤੇ ਜਾਂ ਫ਼ੋਨਾਂ ’ਤੇ ਦੇਖਦੇ ਹਨ। ਉਹ ਵੀ ਉਨ੍ਹਾਂ ਮੁੱਦਿਆਂ ਨੂੰ ਭੁੱਲ ਜਾਂਦੇ ਹਨ ਕਿ ਜਿਨ੍ਹਾਂ ਖ਼ਾਤਰ ਉਹਨਾਂ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਸੀ। ਉਹ ਮਸਲਾ ਠੰਢਾ ਪੈਣ ਲਗਦਾ ਹੈ ਤਾਂ ਕੋਈ ਹੋਰ ਇਹੋ ਜਿਹਾ ਮਸਲਾ ਤਿਆਰ ਹੋ ਜਾਂਦਾ ਹੈ।
ਆਮ ਲੋਕਾਂ ਦਾ ਤਾਂ ਸਾਰਾ ਦਿਨ ਆਪਣੇ ਕੰਮਾਂ ਕਾਰਾਂ ਦੇ ਨਾਲ ਨਾਲ ਸਿਆਸੀ ਆਗੂਆਂ ਦੀਆਂ ਬਿਆਨਬਾਜ਼ੀਆਂ ਅਤੇ ਡੀਬੇਟਾਂ ਸੁਣ ਕੇ ਲੰਘ ਜਾਂਦਾ ਹੈ। ਜਿਹੜੇ ਆਗੂ ਨੂੰ ਉਹਨਾਂ ਨੇ ਆਪਣੇ ਵਿੱਚੋਂ ਚੁਣ ਕੇ ਭੇਜਿਆ ਹੁੰਦਾ ਹੈ ਉਹ ਤਾਂ ਉਹਨਾਂ ਤੋਂ ਬਹੁਤ ਅਮੀਰ ਹੋ ਚੁੱਕਿਆ ਹੁੰਦਾ ਹੈ ਤੇ ਮੁੜ ਕੇ ਤਾਂ ਵੋਟਾਂ ਦੇ ਸਮੇਂ ਹੀ ਉਹਨਾਂ ਦੇ ਮੱਥੇ ਲਗਦਾ ਹੈ। ਮੁੱਕਦੀ ਗੱਲ ਇਹ ਹੈ ਕਿ ਲੀਡਰਾਂ ਦੀਆਂ ਇੱਕ ਦੂਜੇ ਉੱਤੇ ਕੀਤੀਆਂ ਟਿੱਪਣੀਆਂ ਜਾਂ ਬਿਆਨਬਾਜ਼ੀਆਂ ਆਮ ਲੋਕਾਂ ਦੇ ਕਿਸ ਕੰਮ ਦੀਆਂ ਹਨ? ਕੀ ਉਸ ਵਿੱਚੋਂ ਇੱਕ ਪ੍ਰਤੀਸ਼ਤ ਵੀ ਆਮ ਲੋਕਾਂ ਨੂੰ ਕੁਝ ਪ੍ਰਾਪਤ ਹੁੰਦਾ ਹੈ? ਨਹੀਂ, ਸਗੋਂ ਇਸ ਤੋਂ ਉਲਟ ਉਹ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ, ਉਹ ਆਪਣੇ ਮੁੱਦਿਆਂ ਤੋਂ ਭਟਕ ਜਾਂਦੇ ਹਨ ਤੇ ਉਹ ਭੁੱਲ ਜਾਂਦੇ ਹਨ ਕਿ ਉਹਨਾਂ ਨੇ ਆਗੂਆਂ ਨੂੰ ਕਿਸ ਮਕਸਦ ਲਈ ਚੁਣ ਕੇ ਭੇਜਿਆ ਸੀ। ਉਹ ਮੂਕ ਦਰਸ਼ਕ ਬਣ ਕੇ ਬਹੁਤ ਦਿਲਚਸਪੀ ਨਾਲ ਇਸ ਸਭ ਨੂੰ ਸੁਣਦੇ ਹਨ, ਖੁੰਢ ਚਰਚਾ ਕਰਦੇ ਹੋਏ ਜਾਂ ਦੋਸਤਾਂ ਮਿੱਤਰਾਂ ਅਤੇ ਪਰਿਵਾਰਾਂ ਨਾਲ ਬੈਠ ਕੇ ਚਰਚਾ ਕਰਦੇ ਹੋਏ ਆਪ ਵੀ ਅਸਿੱਧੇ ਤੌਰ ’ਤੇ ਉਹਨਾਂ ਦਾ ਹਿੱਸਾ ਬਣ ਜਾਂਦੇ ਹਨ। ਉਹਨਾਂ ਲਈ ਇਹ ਟਾਈਮ ਪਾਸ ਦਾ ਵਧੀਆ ਸਾਧਨ ਤਾਂ ਹੋ ਸਕਦਾ ਹੈ ਪਰ ਇਸਦਾ ਕੋਈ ਨੈਤਿਕ ਫਾਇਦਾ ਨਹੀਂ ਹੁੰਦਾ।
ਸਿਆਸੀ ਲੀਡਰਾਂ ਦੀ ਬਿਆਨਬਾਜ਼ੀ ਅਤੇ ਆਮ ਲੋਕ

