ਕੈਨੇਡਾ ਵਿਚਲੇ ਭਾਰਤੀ ਵਿਦਿਆਰਥੀਆਂ ਦੀ ਸਥਿਤੀ ‘ਤੇ ਚਰਚਾ
ਬਠਿੰਡਾ- (ਵੀਰਪਾਲ ਭਗਤਾ): ਪੰਜਾਬ ਕਾਂਗਰਸ ਦੇ ਬੁਲਾਰੇ ਅਤੇ ਹਲਕਾ ਰਾਮਪੁਰਾ ਫੂਲ ਦੇ ਨੌਜਵਾਨ ਆਗੂ ਜਸ਼ਨਦੀਪ ਸਿੰਘ ਚਹਿਲ ਨੇ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਅਤੇ ਲੀਡਰ ਆਫ਼ ਔਪੋਜ਼ੀਸ਼ਨ ਪੀਅਰ ਪੋਲੀਏਵਰ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਆਗੂਆਂ ਨੇ ਭਾਰਤੀ ਵਿਦਿਆਰਥੀਆਂ ਨਾਲ ਜੁੜੇ ਗੰਭੀਰ ਮਾਮਲਿਆਂ ‘ਤੇ ਵਿਸਥਾਰ ਵਿੱਚ ਵਿਚਾਰ-ਚਰਚਾ ਕੀਤੀ। ਮੁਲਾਕਾਤ ਦੌਰਾਨ ਕਾਂਗਰਸੀ ਆਗੂ ਜਸ਼ਨਦੀਪ ਸਿੰਘ ਚਹਿਲ ਨੇ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਆਪਣੇ ਸੁਨਹਿਰੇ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਉਂਦੇ ਹਨ, ਪਰ ਕਈ ਵਾਰ ਟਰੈਵਲ ਏਜੰਟ ਉਨ੍ਹਾਂ ਨੂੰ ਓਹਲੇ ਵਿੱਚ ਰੱਖ ਕੇ ਗੈਰ ਮਿਆਰੀ ਕਾਲਜਾਂ ਵਿੱਚ ਦਾਖ਼ਲਾ ਦਿਵਾ ਦਿੰਦੇ ਹਨ। ਇਸ ਕਾਰਨ ਨਾ ਸਿਰਫ਼ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਹੈ, ਸਗੋਂ ਉਹ ਆਪਣੇ ਭਵਿੱਖ ਦੇ ਮੋੜ ‘ਤੇ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ। ਇਹ ਸਿਰਫ਼ ਇੱਕ ਸਿੱਖਿਆ ਸੰਕਟ ਨਹੀਂ, ਸਗੋਂ ਮਨੁੱਖੀ ਸੰਕਟ ਵੀ ਹੈ। ਇਸ ਸਬੰਧੀ ਪੀਅਰ ਪੋਲੀਏਵਰ ਨੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ, ਖ਼ਾਸਕਰ ਭਾਰਤ ਤੋਂ ਆਉਣ ਵਾਲੇ, ਕਨੇਡਾ ਦੇ ਸਮਾਜ ਅਤੇ ਅਰਥਵਿਵਸਥਾ ਵਿੱਚ ਵੱਡਾ ਯੋਗਦਾਨ ਪਾਉਂਦੇ ਹਨ। ਭਾਰਤੀ ਵਿਦਿਆਰਥੀਆਂ ਨੇ ਪਿਛਲੇ ਸਮੇਂ ਦੌਰਾਨ ਕਨੇਡਾ ਦੀ ਤਰੱਕੀ ਲਈ ਭਰਪੂਰ ਯੋਗਦਾਨ ਦਿੱਤਾ ਹੈ ਅਤੇ ਮੈਂ ਉਮੀਦ ਕਰਦਾ ਹਾਂ ਕਿ ਯੋਗ ਵਿਦਿਆਰਥੀ ਆਉਣ ਵਾਲੇ ਸਮੇਂ ਵਿੱਚ ਵੀ ਕਨੇਡਾ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣਗੇ। ਕਨੇਡਾ ਦੇ ਸੰਵਿਧਾਨ ਮੁਤਾਬਕ, ਪੜ੍ਹਾਈ ਦੇ ਨਾਲ-ਨਾਲ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਪੱਕਾ ਹੋਣ ਵਿੱਚ ਕੋਈ ਮੁਸ਼ਕਿਲ ਨਹੀਂ ਪੇਸ਼ ਹੋਣ ਦਿੱਤੀ ਜਾਵੇਗੀ ਅਤੇ ਉਹਨਾਂ ਦੀ ਸਰਕਾਰ ਆਉਣ ‘ਤੇ ਇਸ ਲਈ ਵਿਸ਼ੇਸ਼ ਕਦਮ ਚੁੱਕੇ ਜਾਣਗੇ। ਚਹਿਲ ਨੇ ਇਸ ਮੁਲਾਕਾਤ ਨੂੰ ਕਨੇਡਾ ਵਿੱਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਦੇ ਹੱਕ ਵਿੱਚ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਅਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਨ੍ਹਾਂ ਮੁੱਦਿਆਂ ਨੂੰ ਉੱਪਰ ਲਿਆਂਦੇ ਰਹਿਣਗੇ, ਤਾਂ ਜੋ ਕਿਸੇ ਵੀ ਨੌਜਵਾਨ ਦਾ ਸੁਪਨਾ ਅਧੂਰਾ ਨਾ ਰਹਿ ਜਾਵੇ। ਚਹਿਲ ਨੇ ਦੱਸਿਆ ਕਿ ਉਹ ਜਲਦੀ ਹੀ ਵਿਦੇਸ਼ ਦੌਰੇ ਤੋਂ ਵਾਪਿਸ ਪਰਤ ਰਹੇ ਹਨ ਅਤੇ ਪੰਜਾਬ ਪਹੁੰਚਦੇ ਹੀ ਉਹ ਮੁੜ ਹਲਕਾ ਰਾਮਪੁਰਾ ਫੂਲ ਵਿਚ ਸਰਗਰਮ ਹੋਕੇ ਕਾਂਗਰਸ ਦੀ ਬੇਹਤਰੀ ਲਈ ਯਤਨ ਕਰਨਗੇ।
ਜਸ਼ਨਦੀਪ ਚਹਿਲ ਦੀ ਟੋਰੌਂਟੇ ਵਿਖੇ ਕੰਜ਼ਰਵੇਟਿਵ ਪਾਰਟੀ ਪ੍ਰਧਾਨ ਪੀਅਰ ਪੋਲੀਏਵਰ ਨਾਲ ਵਿਸ਼ੇਸ਼ ਮੁਲਾਕਾਤ

