Tuesday, May 14, 2024
14.3 C
Vancouver

ਵਸਾਖੀ ਦੀ ਯਾਦ

ਸੁਣਿਆ ਵਸਾਖੀ ਆਈ,
ਸਾਡੇ ਲਈ ਕੀ ਲਿਆਈ ?
ਕੁਈ ਤੜਪ ਉਠ ਰਹੀ ਏ,
ਕੋਈ ਯਾਦ ਆ ਰਹੀ ਏ ।
ਭੁਲਦੀ ਏ ਨਹੀਂ ਭੁਲਾਇਆਂ,
ਰੁਕਦੀ ਏ ਨਹੀਂ ਰੁਕਾਇਆਂ,
ਬਧੀ ਹੋਈ ਜਿਉਂ ਹਰਨੀ,
ਰਸੀ ਤੁੜਾ ਰਹੀ ਏ ।
ਪਰਦੇਸੀਆਂ ਦੇ ਵਾਂਙੂ,
ਕੈਂਪਾਂ ਦੇ ਵਾਸੀਆਂ ਦੀ,
ਸੁਰਤੀ ਆਜ਼ਾਦ ਹੋ ਕੇ,
ਕਿਤੇ ਦੂਰ ਜਾ ਰਹੀ ਏ ।
ਰਾਵੀ ਝਨਾਂ ਨੂੰ ਟੱਪ ਕੇ,
ਜਿਹਲਮ ਨੂੰ ਪਾਰ ਕਰਕੇ !
ਉਜੜੇ ਚਮਨ ਦੀ ਬੁਲਬੁਲ,
ਕੁਰਲਾਟ ਪਾ ਰਹੀ ਏ !

ਪੰਜਿਆਂ ਤੇ ਡੇਰਿਆਂ ਨੂੰ ਡਿਠਾ,
ਕੀ ਨਜ਼ਰ ਆਇਆ ।
ਕਢ ਕੇ ਵਸਾਖੀਆਂ ਨੂੰ,
ਡੇਰਾ ਮੁਹੱਰਮਾਂ ਲਾਇਆ ।
ਚਸ਼ਮੇ ਤੇ ਝਰਨਿਆਂ ਥੀਂ,
ਕੂਲਾਂ ਸਰੋਵਰਾਂ ਥੀਂ,
ਦਰਦਾਂ, ਦੁਖਾਂ, ਗ਼ਮਾਂ ਦੀ,
ਹੀ ਗੂੰਜ ਆ ਰਹੀ ਏ ।
ਸਾਂਝਾਂ ਮੁਹੱਬਤਾਂ ਦੇ,
ਸੁਪਨਾ ਹੋਏ ਉਹ ਵੇਲੇ,
ਵਤਨਾਂ ਦੇ ਗੀਤ ਸਾਂਝੇ,
ਕੁੰਡਾਂ ਦੇ ਸਾਂਝੇ ਮੇਲੇ ।
ਰਬੀ ਰਬਾਬ ਤਾਰਾਂ,
ਪ੍ਰੀਤਾਂ ਦੀਆਂ ਤੁੜਾ ਕੇ,
ਜ਼ਖਮੀ ਦਿਲਾਂ ਦੇ ਮਾਨੋ,
ਚੁਪ-ਗੀਤ ਗਾ ਰਹੀ ਏ ।

ਇਨ੍ਹਾਂ ਵਾਦੀਆਂ ਤੇ ਜੰਗਲਾਂ,
ਜੂਹਾਂ ਤੇ ਬਾਰਾਂ ਵਿਚੋਂ,
ਚਸ਼ਮੇ ਦੀ ਝਲਕਾਂ ਵਿਚੋਂ,
ਪੰਜੇ ਦੀ ਧਾਰਾਂ ਵਿਚੋਂ ।
ਦਿਲ ਚਾਹੁੰਦਾ ਏ ਸੁਣਨਾ,
ਸਾਂਝਾਂ ਦੇ ਕੋਈ ਨਗ਼ਮੇ,
ਪਰ ਵਾਰ ਹਾਵਿਆਂ ਦੀ ਅਜ,
ਗਾਈ ਜਾ ਰਹੀ ਏ ।
ਭਾਗੋ ਦੇ ਭਾਗਾਂ ਉਤੇ,
ਜਿਸ ਲਾਲ ਲੀਕ ਪਾਈ,
ਲਾਲੋ ਦੀ ਕਿਰਤ ਵਿਚੋਂ,
ਜਿਸ ਮਹਿਕ ਸੀ ਖਿੰਡਾਈ ।
ਬਾਬਰ ਦੇ ਜਬਰ ਅਗੇ,
ਜਿਸਨੇ ਸੀ ਹਿਕ ਤਾਣੀ,
ਨਾਨਕ ਗੁਰੂ ਦੀ ਰੂਹ ਵੀ,
ਅਜ ਤੜਫੜਾ ਰਹੀ ਏ ।

ਆਈ ਸੀ ਪਰ ਜੋ ਡਾਇਣ,
ਜਿਉਂ ਰਾਤ ਕਾਲੀ ਕਾਲੀ,
ਇਖਲਾਕ ਤੇ ਮਨੁੱਖਤਾ,
ਕੀਤੇ ਸੀ ਜਿਸ ਪਰਾਲੀ ।
ਬੇ ਦੋਸਿਆਂ ਦੇ ਲਹੂ ਥੀਂ,
ਨਦੀਆਂ ਸੀ ਜਿਸ ਵਹਾਈਆਂ,
ਰੁਲਦੇ ਰਫੂਜੀ ਤਕ ਕੇ,
ਉਹ ਮੁਸਕਰਾ ਰਹੀ ਏ ।
ਬਿਰਹੁੰ ਦੀ ਏਸ ਅੱਗ ਵਿਚ
ਦਿਲ ਖਾ ਰਹੇ ਉਬਾਲੇ,
ਆਕਾਸ਼ ਪੁਰ ਭੀ ਦਿਸ ਰਹੇ,
ਬੱਦਲ ਕੁਈ ਕਾਲੇ ਕਾਲੇ ।
ਬਿਜਲੀ ਦਾ ਕਹਿਰੀ ਗੁਸਾ,
ਵੀ ਕੜਕਦਾ ਹੈ ਦਿਸਦਾ,
ਹਨ ਸ਼ਾਂਤ ਸਾਗਰਾਂ ਵਿਚ
ਤੂਫ਼ਾਨ ਔਣ ਵਾਲੇ ।

ਕਹਿੰਦੇ ਵਸਾਖੀ ਆਈ,
ਸਾਡੇ ਲਈ ਕੀ ਲਿਆਈ,
ਕੁਈ ਤੜਪ ਉਠ ਰਹੀ ਏ,
ਕੋਈ ਯਾਦ ਆ ਰਹੀ ਏ ।
ਲਿਖਤ : ਹੀਰਾ ਸਿੰਘ ਦਰਦ

Previous article
Next article