Tuesday, May 14, 2024
13.6 C
Vancouver

ਗ਼ਜ਼ਲ

ਮੈਂ ਖੜ੍ਹਾ ਹਾਂ ਚਿਰ ਤੋਂ ਤੇਰੇ ਕੋਲ ਪਿਆਰੇ,
ਬੋਲ ਦੇ ਮੂੰਹੋਂ ਦੋ ਮਿੱਠੇ ਬੋਲ ਪਿਆਰੇ।

ਤੂੰ ਬਣਾ ਲੈ ਇਸ ਨੂੰ ਵਧੀਆ ਕੰਮ ਕਰਕੇ,
ਸੁਸਤੀ ਦੇਵੇ ਜ਼ਿੰਦਗੀ ਨੂੰ ਰੋਲ ਪਿਆਰੇ।

ਚੰਗੇ ਦਿਨ ਵੀ ਆਉਣਗੇ ਜੀਵਨ ਤੇਰੇ ਵਿੱਚ,
ਮਾੜੇ ਦਿਨ ਆਇਆਂ ਤੇ ਨਾ ਤੂੰ ਡੋਲ ਪਿਆਰੇ।

ਮਿਹਨਤੀ ਦੇ ਘਰ ਹਮੇਸ਼ਾ ਰਹਿਣ ਖੁਸ਼ੀਆਂ,
ਤੇਰੇ ਘਰ ਕਿਉਂ ਗ਼ਮੀਆਂ, ਕਰ ਪੜਚੋਲ ਪਿਆਰੇ।

ਈਸ਼ਵਰ ਵਸਦਾ ਹੈ ਇਨਸਾਨਾਂ ਦੇ ਵਿੱਚ ਹੀ,
ਮੰਦਰਾਂ ਦੇ ਵਿੱਚ ਨਾ ਇਸ ਨੂੰ ਟੋਲ ਪਿਆਰੇ।

ਹੁੰਦੇ ਨੇ ਮਾਤਾ-ਪਿਤਾ ਰੱਬ ਦੇ ਬਰਾਬਰ,
ਰੱਖ ਸਦਾ ਇਹਨਾਂ ਨੂੰ ਆਪਣੇ ਕੋਲ ਪਿਆਰੇ।

ਸ਼ਾਂਤ ਹੋ ਜਾਵੇਗਾ ਤੇਰੇ ਦਿਲ ਦਾ ਦਰਿਆ,
ਆਪਣੇ ਦੁੱਖ- ਸੁੱਖ ਮੇਰੇ ਨਾ’ ਲੈ ਫੋਲ ਪਿਆਰੇ।

ਲਿਖਤ : ਮਹਿੰਦਰ ਸਿੰਘ ਮਾਨ
ਫੋਨ : 99158-03554