Wednesday, May 15, 2024
10.8 C
Vancouver

ਮੇਰੀ ਪਾਕਿਸਤਾਨ ਯਾਤਰਾ

ਲੇਖਕ : ਬਲਵੰਤ ਸਿੰਘ ਸੰਘੇੜਾ
ਪਾਕਸਤਾਨ ਦੇ ਹਾਈਵੇ (ਮੋਟਰਵੇਜ) ਮੁਸਾਫਰਾਂ ਲਈ ਇਕ ਬਹੁਤ ਵੱਡੀ ਸਹੂਲਤ ਹਨ। ਇਹ ਹਾਈਵੇ ਪਾਕਸਤਨ ਦੇ ਹਰ ਵੱਡੇ ਸ਼ਹਿਰ ਨੂੰ ਇਕ ਦੂਸਰੇ ਨਾਲ ਜੋੜਨ ਲਈ ਬਹੁਤ ਸਹਾਈ ਹੁੰਦੇ ਹਨ। ਸਵੇਰ ਹੁੰਦੇ ਸਾਰ ਹੀ ਨਾਸ਼ਤਾ ਕਰਕੇ ਅਸੀਂ ਪਾਕਸਤਾਨ ਦੀ ਰਾਜਧਾਨੀ ਇਸਲਾਮਾਬਾਦ ਵੱਲ ਚੱਲ ਪਏ। ਇਸਲਾਮਾਬਾਦ ਲਾਹੌਰ ਤੋਂ ਤਕਰੀਬਨ ਪੰਜ ਘੰਟੇ ਦਾ ਸਫਰ ਸੀ।ਰਾਹ ਵਿਚ ਅਸੀਂ ਲੰਚ ਅਤੇ ਚਾਹ ਪਾਣੀ ਲਈ ਦੋ ਵਾਰ ਰੁਕੇ।ਪਾਕਸਤਾਨ ਦੀ ਗੌਰਮੈੰਟ ਨੇ ਮੋਟਰਵੇ ਦੇ ਉੱਪਰ ਹਰ 50-60 ਕਿਲੋਮੀਟਰ ਦੀ ਦੂਰੀ ਉਪਰ ਬਹੁਤ ਹੀ ਸੋਹਣੇ ਰੈਸਟ ਏਰੀਏ ਬਣਾਏ ਹੋਏ ਹਨ ਜਿਥੇ ਰੈਸਟੋਰੈੰਟਾਂ ਦੇ ਨਾਲ ਵੱਖਰੇ ਵੱਖਰੇ ਵਾਸ਼ਰੂਮ ਭੀ ਹਨ। ਇਸਲਾਮਾਂਬਾਦ ਦੇ ਰਾਹ ਵਿਚ ਕਾਫੀ ਉੱੱਚੇ ਪਹਾੜ ਭੀ ਦੇਖਣ ਨੂੰ ਮਿਲੇ ਅਤੇ ਆਲਾ ਦੁਆਲਾ ਭੀ ਕਾਫੀ ਮਨ ਭਾਉੰਦਾ ਸੀ। ਸ਼ਾਮ ਹੋਣ ਤੋਂ ਪਹਿਲਾਂ ਹੀ ਅਸੀਂ ਇਸਲਾਮਾਬਾਦ ਰਾਹੀਂ ਹੁੰਦੇ ਹੋਏ ਇਸਦੇ ਲਾਗਲੇ ਇਤਿਹਾਸਕ ਸ਼ਹਿਰ ਰਾਵਲਪਿੰਡੀ ਵਿਚ ਪਹੁੰਚ ਗਏ ਜਿੱਥੇ ਸਾਡੇ ਰਹਿਣ ਦਾ ਹੋਟਲ ਵਿਚ ਇੰਤਜਾਮ ਕੀਤਾ ਹੋਇਆ ਸੀ। ਇਸਲਾਮਾਬਾਦ ਅਤੇ ਰਾਵਲਪਿੰਡੀ ਦੋਨੋਂ ਹੀ ਬਹੁਤੁੱ ਖੂਬਸੂਰਤ ਸ਼ਹਿਰ ਹਨ।ਹੋਟਲ ਵਿਚ ਪਹੁੰਚ ਕੇ ਕੁਝ ਅਰਾਮ ਕਰਨ ਤੋਂ ਬਾਅਦ ਖਾਣੇ ਦਾ ਸਮਾਂ ਹੋ ਗਿਆ । ਛੇਤੀ ਹੀ ਇਕ ਦੂਸਰੇ ਨਾਲ ਆਪਣਾ ਤਜਰਬਾ ਸਾਂਝਾ ਕਰਕੇ ਅਸੀਂ ਅਰਾਮ ਕਰਨ ਲਈ ਆਪਣੇ ਆਪਣੇੈ ਕਮਰਿਆਂ ਵਿਚ ਚਲੇ ਗਏ।
ਦੂਸਰੇ ਦਿਨ ਸਵੇਰੇ ਹੀ ਨਾਸ਼ਤਾ ਕਰਕੇ ਅਸੀਂ ਰਾਵਲਪਿੰਡੀ ਤੋਂ ਪੰਜਾ ਸਾਹਿਬ ਲਈ ਚੱਲ ਪਏ। ਤਕਰੀਬਨ ਡੇੜ੍ਹ ਘੰਟੇ ਬਾਅਦ ਅਸੀਂ ਹਸਨ ਅਬਦਾਲ ਪਹੁੰਚ ਗਏ। ਇਹ ਜਗ੍ਹਾ ਪੰਜਾ ਸਾਹਿਬ ਕਰਕੇ ਬਹੁਤ ਮਸ਼ਹੂਰ ਹੈ। ਇਹ ਉਹ ਕਸਬਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਐਮਨਾਬਾਦ ਵਲੋਂ ਨਨਕਾਣਾ ਸਾਹਿਬ ਵੱਲ ਨੂੰ ਜਾਂਦੇ ਹੋਏ ਠਹਿਰੇ ਸਨ ।ਉਹਨਾਂ ਦੀ ਯਾਦ ਵਿਚ ਬਣਾਇਆ ਗਿਆ ਗੁਰਦਵਾਰਾ ਪੰਜਾ ਸਾਹਿਬ ਬਹੁਤ ਹੀ ਸੁੰਦਰ ਹੈ।ਇਸ ਗੁਰੂ ਘਰ ਵਿਖੇ ਲੱਗੇ ਹੋਏ ਪੰਜੇ ਵਿਚ ਅਸੀਂ ਆਪਣੇ ਪੰਜੇ ਫਿਟ ਕਰਕੇ ਆਨੰਦ ਮਾਣਿਆ। ਗੁਰੁ ਘਰ ਦੇ ਪ੍ਰਬੰਧਕਾਂ ਨੇ ਸਾਡਾ ਬਹੁਤ ਨਿੱਘਾ ਸਵਾਗਤ ਕੀਤਾ।ਇਸ ਥਾਂਹ ਤੋਂ ਪਿਸ਼ਾਵਰ ਸ਼ਹਿਰ ਭੀ ਜਿਆਦਾ ਦੂਰ ਨਹੀਂ ਹੈ। ਐਮਨਾਬਾਦ ਅਤੇ ਹਸਨ ਅਬਦਾਲ ਦਾ ਉਹ ਇਲਾਕਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਮੁਗਲ ਬਾਦਸ਼ਾਹ ਬਾਬਰ ਦੇ ਜੁਲਮ ਨੂੰ ਅੱਖੀਂ ਦੇਖਿਆ । ਇੱਥੇ ਹੀ ਗੁਰੂ ਜੀ ਨੇ ਬਾਬਰ ਬਾਣੀ ਉਚਾਰੀ ਅਤੇ ਬਾਬਰ ਨੂੰ ਜਾਬਰ ਆਖਿਆ। ਇਸ ਦੇ ਨਾਲ ਹੀ ਗੁਰੁ ਜੀ ਨੇ ਅਕਾਲ ਪੁਰਖ ਨੂੰ ਭੀ ਉਲਾੰਂਭਾ ਦਿੱਤਾ : ”ਏੈਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾਂ ਆਇਆ ॥”ਇਹ ਬਾਬਰ ਦੇ ਹੋ ਰਹੇ ਅੱਤਿਆਚਾਰ ਅਤੇ ਜੁਲਮ ਖਿਲਾਫ ਇਕ ਬਹੁਤ ਹੀ ਦਰਦ ਭਰੀ ਪੁਕਾਰ ਸੀ।
ਸਾਡੀ ਇੱਛਾ ਹਸਨ ਅਬਦਾਲ ਅਤੇ ਇਸਲਾਮਾਬਾਦ ਵਿਚਕਾਰ ਟੈਕਸਲਾ ਸ਼ਹਿਰ ਵਿਖੇ ਕੁਝ ਸਮਾਂ ਠਹਿਰਨ ਦੀ ਸੀ। ਇਸ ਲਈਂ ਪੰਜਾ ਸਾਹਿਬ ਨਤਮਸਤਕ ਹੋ ਕੇ ਅਸੀਂ ਵਾਪਸ ਇਸਲਾਮਾਬਾਦ ਵੱਲ ਚਾਲੇ ਪਾ ਲਏ। ਇਸ ਇਲਾਕੇ ਵਿਚ ਆ ਕੇ ਸਾਨੂੰ ਇਵੇਂ ਲੱਗਾ ਕਿ ਇਕ ਵੱਖਰੀ ਦੁਨੀਆਂ ਵਿਚ ਆ ਗਏ ਹਾਂ। ਇਹਨਾ ਹੀ ਰਾਹਵਾਂ ਰਾਹੀਂ ਹੀ ਅਨੇਕਾਂ ਧਾੜਵੀ ਹਿੰਦੋਸਤਾਨ ਨੂੰ ਜਿੱਤਣ ਅਤੇ ਲੁਟ ਖੋਹ ਕਰਨ ਲਈ ਆਏ। ਇਹਨਾ ਰਾਹਾਂ ਤੋਂ ਆਏ ਸਿਕੰਦਰ, ਮੁਹਮੱਦ ਗੌਰੀ, ਮਹਿਮੂਦ ਗਜ਼ਨਵੀ ,ਅਹਿਮਦ ਸ਼ਾਹ ਅਬਦਾਲੀ , ਮੁਗਲ ਅਤੇ ਅਨੇਕਾਂ ਹੋਰ ਹਾਕਮਾਂ ਨੇ ਭਾਰਤ ਨੂੰ ਲੁੱਟਿਆ ਅਤੇ ਬੇਗੁਨਾਹ ਲੋਕਾਂ ਉਪਰ ਅਨੇਕਾਂ ਅਤਿਆਚਾਰ ਅਤੇ ਜੁਲਮ ਕੀਤੇ।ਇਸ ਦੇ ਨਾਲ ਹੀ ਇਹ ਇੰਡਸ ਵੈਲੀ ਦਾ ਉਹ ਇਲਾਕਾ ਹੈ ਜਿੱਥੇ ਹੜੱਪਾ ਅਤੇ ਮੋਹਿੰਜੋਦਾਰੋ ਵਰਗੀਆਂ ਪ੍ਰਾਚੀਨ ਸਭਿਤਿਾਵਾਂ ਨੇ ਜਨਮ ਲਿਆ। ਇਹ ਉਹ ਇਲਾਕਾ ਹੈ ਜਿੱਥੇ ਹਜਾਰਾਂ ਸਾਲ ਪਹਿਲਾਂ ਸੰਸਾਰ ਪ੍ਰਸਿੱਧ ਟੈਕਸਲਾ ਵਰਗੀਆਂ ਯੂਨੀਵਰਸਟੀਆਂ ਨੇ ਚੋਟੀ ਦੇ ਵਿਦਵਾਨ ਅਤੇ ਖੋਜੀ ਪੈਦਾ ਕੀਤੇ। ਸਾਡੇ ਲਈ ਇਹ ਬਹੁਤ ਖੁਸ਼ੀ ਅਤੇ ਮਾਣ ਵਾਲੀ ਗੱਲ ਸੀ ਕਿ ਅੱਜ ਸਾਨੂੰ ਇਹ ਸੁਭਾਗ ਪ੍ਰਾਪਤ ਹੋਇਆ। ਸੇਵਾਦਾਰਾਂ ਅਤੇ ਸ਼ੁਭਚਿੰਤਕਾਂ ਨੂੰ ਫਤਿਹ ਬੁਲਾ ਕੇ ਅਤੇ ਇੱਥੋਂ ਦੀਆਂ ਮਿੱਠੀਆਂ ਯਾਦਾਂ ਲੈ ਕੇ ਅਸੀਂ ਟੈਕਸਲਾ ਵਲ ਚੱਲ ਪਏ। ਇੱਥੋਂ ਦੇ ਲੋਕਾਂ ਦਾ ਪਿਆਰ ਸਾਨੂੰ ਹਰ ਵੇਲੇ ਯਾਦ ਰਹੇਗਾ।
ਕੁਝ ਸਾਲ ਪਹਿਲਾਂ ਭਾਰਤ ਦੀ ਫੇਰੀ ਸਮੇਂ ਮੇਰੀ ਪਤਨੀ ਬਲਦੇਵ ਕੋਰ ਸੰਘੇੜਾ,ਮੈਨੂੰ ਅਤੇ ਸਾਡੇ ਕੁਝ ਦੋਸਤਾਂ ਨੂੰ ਗੁਰੁ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਪਟਨਾ ਸਾਹਿਬ ਗੁਰਦਵਾਰਾ ਅਤੇ ਕੁਝ ਹੋਰ ਗੁਰੂ ਘਰਾਂ ਵਿਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਹੋਇਆ ।ਇਸ ਇਤਿਹਾਸਕ ਸ਼ਹਿਰ ਤੋਂ ਅਸੀਂ ਬੋਧ ਗੈਯਾ ਅਤੇ ਭਾਰਤ ਦੀ ਪ੍ਰਾਚੀਨ ਯੂਨੀਵਰਸਟੀ ਨਾਲੰਦਾ ਜਾਣ ਦਾ ਭੀ ਆਨੰਦ ਮਾਣਿਆ । ਬੋਧ ਗੈਯਾ ਉਹ ਇਤਿਹਾਸਕ ਸਥਾਨ ਹੈ ਜਿਥੇ ਮਹਾਤਮਾਂ ਬੁੱਧ ਨੇ ਗਿਆਨ ਪ੍ਰਾਪਤ ਕੀਤਾ ।ਇਹ ਇਕ ਵਿਸ਼ਾਲ ਮੰਦਰ ਹੈ ਜਿਸ ਨਾਲ ਲਗਦੇ ਵੱਡੇ ਮੈਦਾਨ ਵਿਚ ਸੈੰਕੜੇ ਸ਼ਰਧਾਲੂ ਤਪੱਸਿਆ ਕਰ ਰਹੇ ਸਨ। ਇਸ ਦੇ ਨਾਲ ਹੀ ਅਸੀਂ ਕਈ ਹਜਾਰ ਸਾਲ ਪੁਰਾਣੀ ਭਾਰਤ ਦੀ ਪੁਰਾਤਨ ਯੂਨੀਵਰਸਟੀ ਨਾਲੰਦਾ ਦਾ ਭੀ ਟੂਰ ਕੀਤਾ। ਭਾਰਤ ਸਰਕਾਰ ਵਲੋਂ ਇਸ ਯੂਨੀਵਰਸਟੀ ਨੂੰ ਪਹਿਲੀ ਹਾਲਤ ਵਿਚ ਲਿਆਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਸ਼ਲਾਘਾ ਯੋਗ ਹਨ। ਬਿਹਾਰ ਸੂਬੇ ਵਿਚ ਨਾਲੰਦਾ ਯੂਨੀਵਰਸਟੀ ਦੀ ਤਰ੍ਹਾਂ ਪਾਕਿਸਤਾਨ ਸਥਿਤ ਪ੍ਰਾਚੀਨ ਯੂਨੀਵਰਸਟੀ ਟੈਕਸਲਾ ਭੀ ਇਕ ਬਹੁਤ ਮਹਾਨ ਯੂਨੀਵਰਸਟੀ ਸੀ। ਇਹਨਾਂ ਯੂਨੀਵਰਸਟੀਆਂ ਨੇ ਹਜਾਰਾਂ ਹੀ ਨਾਮੀਂ ਵਿਦਵਾਨ ਅਤੇ ਬੁਧੀਜੀਵੀ ਪੈਦਾ ਕੀਤੇ ।ਪੰਜਾ ਸਾਹਿਬ ਤੋਂ ਇਸਲਾਮਾਬਾਦ ਨੂੰ ਵਾਪਸ ਆੳੰਦੇ ਹੋਏ ਅਸੀਂ ਟੈਕਸਲਾ ਵਿਖੇ ਰੁਕੇ।
ਪਾਕਿਸਤਾਨ ਦੀ ਗੌਰਮੈੰਟ ਨੇ ਇਸ ਪ੍ਰਾਚੀਨ ਯੂਨੀਵਰਸਟੀ ਨਾਲ ਸਬੰਧਤ ਬਹੁਤ ਨਿਸ਼ਾਨੀਆਂ ਅਤੇ ਰਿਕਾਰਡਾਂ ਨੂੰ ਸਾਂਭ ਕੇ ਟੈਕਸਲਾ ਵਿਖੇ ਇਕ ਬਹੁਤ ਹੀ ਸੂੰਦਰ ਅਜਾਇਬ ਘਰ ਵਿਚ ਰਖਿੱਆ ਹੋਇਆ ਹੈ।ਇਹ ਬਹੁਤ ਹੀ ਪ੍ਰਭਾਵਸ਼ਾਲੀ ਅਜਾਇਬ ਘਰ ਹੈ। ਇਥੇ ਅਸੀਂ ਤਕਰੀਬਨ ਦੋ ਘੰਟੇ ਠਹਿਰੇ ਅਤੇ ਅਜਾਇਬ ਘਰ ਦੇ ਮੁੱਖ ਅਧਿਕਾਰੀ ਨੇ ਸਾਡਾ ਬਹੁਤ ਹੀ ਨਿੱਘਾ ਸਵਾਗਤ ਕੀਤਾ। ਉਸ ਨੇ ਸਾਨੂੰ ਟੈਕਸਲਾ ਯੂਨੀਵਰਸਟੀ ਅਤੇ ਇਸ ਇਲਾਕੇ ਦੇ ਇਤਿਹਾਸ ਵਾਰੇ ਵੱਡਮੁੱਲੀ ਜਾਣਕਾਰੀ ਦਿੱਤੀ।ਇਤਿਹਾਸ ਪੱਖੋ ਂਇਹ ਇਲਾਕਾ ਬਹੁਤ ਹੀ ਮਹੱਤਵ ਪੂਰਨ ਹੈ। ਇਸ ਵਿਦਵਾਨ ਦਾ ਧੰਨਵਾਦ ਕਰਕੇ ਅਸੀਂ ਇਸਲਾਮਾਬਾਦ ਵੱਲ ਚੱਲ ਪਏ। ਇਸਲਾਮਾਬਾਦ ਅਤੇ ਰਾਵਲਪਿੰਡੀ ਦੋਨੋਂ ਹੀ ਬਹੁਤ ਖੂਬਸੂਰਤ ਸ਼ਹਿਰ ਹਨ। ਸਾਡੇ ਸ਼ਾਮ ਦੇ ਖਾਣੇ ਦਾ ਪ੍ਰਬੰਧ ਇਸਲਾਮਾਬਾਦ ਲਾਗੇ ਕੋਹ ਮਰੀ ਪਹਾੜ ਉੱਪਰ ਇਕ ਬਹੁਤ ਹੀ ਸੁੰਦਰ ਰੈਸਟੋਰੈੰਟ ਵਿਚ ਕੀਤਾ ਹੋਇਆ ਸੀ। ਪਹਾੜ ਉੱਪਰ ਕਾਫੀ ਸਰਦੀ ਸੀ । ਪਰ ਫਿਰ ਭੀ ਅਸੀਂ ਸਭ ਨੇ ਸਵਾਦੀ ਭੋਜਨ ਦਾ ਅਨੰਦ ਮਾਣਿਆ। ਦੂਸਰੇ ਦਿਨ ਰਾਵਲਪਿੰਡੀ ਅਤੇ ਇਸਲਾਬਾਦ ਸ਼ਹਿਰਾਂ ਰਾਹੀਂ ਹੁੰਦੇ ਹੋਏ ਅਸੀਂ ਲਾਹੌਰ ਨੂੰ ਚਲ ਪਏ। ਰਸਤਾ ਕਾਫੀ ਲੰਬਾ ਸੀ ।ਰਾਤ ਆਪਣੇ ਹੋਟਲ ਵਿਚ ਆਰਾਮ ਕਰਕੇ ਦੂਸਰੇ ਦਿਨ ਸਵੇਰੇ ਹੀ ਲਾਹੌਰ ਤੋਂ ਅਸੀਂ ਮੇਰੀ ਪਤਨੀ ਬਲਦੇਵ ਦੇ ਜੱਦੀ ਪਿੰਡ ਚੱਕ 106 ਫਰਾਲਾ ਵੱਲ ਚਾਲੇ ਪਾ ਦਿੱਤੇ।
ਬਲਦੇਵ ਦਾ ਜਨਮ ਇਸ ਪਿੰਡ ਵਿਚ ਹੋਇਆ ਸੀ। ਪਰ 1947 ਵਿਚ ਜਦੋਂ ਦੇਸ਼ ਦੀ ਵੰਡ ਹੋਈ ਸੀ ਤਾਂ ਉਹ ਬਹੁਤ ਛੋਟੀ ਸੀ ਅਤੇ ਉਸ ਦਾ ਸਾਰਾ ਪਰਿਵਾਰ ਪੰਜਾਬ ਦੇ ਬੰਗਾ ਲਾਗੇ ਜੱਦੀ ਪਿੰਡ ਫਰਾਲਾ ਮੁੜ ਆ ਵਸਿਆ ਸੀ। ਚੱਕ 106 ਫਰਾਲਾ ਦੇ ਨਾਲ ਹੀ ਚੱਕ 105 ਬੰਗਾ ਹੈ ਜਿੱਥੇ ਸ਼ਹੀਦ ਭਗਤ ਸਿੰਘ ਦਾ ਜਨਮ ਅਤੇ ਪਾਲਣ ਪੋਸ਼ਨ ਹੋਇਆ ਸੀ। ਉਥੌਂ ਹੁੰਦੇ ਹੋੲੈ ਅਸੀਂ ਚੱਕ 106 ਫਰਾਲਾ ਪਹੁੰਚ ਗਏ ।ਇਹ ਕਸਬੇ ਜਿਲਾ ਫੈਸਲਾਬਾਦ ਵਿਚ ਹਨ ਜਿਸ ਦਾ ਪਹਿਲਾ ਨਾਮ ਜਿਲਾ ਲਾਇਲਪੁਰ ਸੀ। ਜਦੋਂ ਪਿੰਡ ਵਾਲਿਆਂ ਨੂੰ ਸਾਡੇ ਆਉਣ ਦਾ ਪਤਾ ਲੱਗਾ ਤਾਂ ਸਾਰੇ ਪਿੰਡ ਵਾਲੇ ਸਾਡਾ ਸਵਾਗਤ ਕਰਨ ਲਈ ਇਕੱਠੇ ਹੋ ਗਏ। ਉਹਨਾਂ ਸਭ ਨੇ ਸਾਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਦਿੱਤਾ ਅਤੇ ਬਲਦਵੇ ਦੇ ਜੱਦੀ ਘਰ, ਹਵੇਲੀ ਅਤੇ ਸਾਰੇ ਪਿੰਡ ਵਾਰੇ ਜਾਣਕਾਰੀ ੱਿਦੱਤੀ।ਪਿੰਡ ਦੇ ਕੁਝ ਬਜੁਰਗਾਂ ਨੇ ਆਪਣੇ ਭਾਰਤ ਦੇ ਪੰਜਾਬ ਤੋਂ ਆਏ ਆਪਣੇ ਪਰਿਵਾਰਾਂ ਦੀਆਂ ਕਹਾਣੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ।ਇਹ ਸਾਡੇ ਲਈ ਇਕ ਬਹੁਤ ਹੀ ਯਾਦਗਾਰੀ ਮੌਕਾ ਸੀ । ਇਹ ਯਾਦਾਂ ਸਾਡੇ ਨਾਲ ਹਰ ਵੇਲੇ ਰਹਿਣਗੀਆਂ।ਇਹ ਸਭ ਮਿੱਠੀਆਂ ਯਾਦਾਂ ਲੈ ਕੇ ਅਸੀਂ ਵਾਪਸ ਲਾਹੌਰ ਵੱਲ ਚਾਲੇ ਪਾ ਦਿੱਤੇ।
ਅਸੀਂ ਸਭ ਇਹ ਗੱਲ ਬਹੁਤ ਹੀ ਮਾਣ ਨਾਲ ਕਹਿੰਦੇ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ।ਬਦਕਿਸਮਤੀ ਨਾਲ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਦੋ ਦਰਿਆ-ਸਤਲੁਜ ਅਤੇ ਵਿਆਸ- ਭਾਰਤੀ ਪੰਜਾਬ ਵਿਚ ਰਹਿ ਗਏ ਅਤੇ ਤਿੰਨ ਦਰਿਆ -ਰਾਵੀ, ਚਨਾਬ ਅਤੇ ਜੇਹਲਮ- ਪਾਕਿਸਾਨੀ ਪੰਜਾਬ ਵਿਚ ਚਲੇ ਗਏ। ਭਾਰਤੀ ਪੰਜਾਬ ਵਾਲੇ ਦੋਨੋਂ ਦਰਿਆਵਾਂ -ਸਤਲੁਜ ਅਤੇ ਬਿਆਸ- ਦੇ ਉੱਪਰੋਂ ਲੰਘਣ ਦੇ ਅਨੇਕਾਂ ਹੀ ਮੌਕੇ ਮਿਲੇ ਹਨ । ਅਸਲ ਵਿਚ ਸਤਲੁਜ ਦਰਿਆ ਜੋ ਸਾਡੇ ਪਿੰਡ ਫਰਵਾਲੇ ਤੋਂ ਕੁਝ ਹੀ ਦੂਰੀ ਤੇ ਹ ੈਉਸ ਵਿਚ ਤਾਂ ਵਿਸਾਖੀ ਸਮੇਂ ਅਸੀਂ ਕੁਝ ਦੋਸਤ ਇਸ ਵਿਚ ਨਹਾਉਣ ਭੀ ਜਾਂਦੇ ਹੁੰਦੇ ਸੀ। ਬਿਆਸ ਦਰਿਆ ਉਪਰੋਂ ਜਾਣ ਦੇ ਭੀ ਕਾਫੀ ਮੌਕੇ ਮਿਲੇ। ਪਰ ਪਾਕਿਸਤਾਨ ਵਿਚ ਜਾ ਕੇ ਪਹਿਲੀ ਵਾਰ ਤਿੰਨਾਂ ਦਰਿਆਵਾਂ- ਰਾਵੀ, ਚਨਾਬ ਅਤੇ ਜੇਹਲਮ- ਉਪਰੋਂ ਦੀ ਲੰਘਣ ਦਾ ਮੌਕਾ ਮਿਲਿਆ। ਇਹਨਾਂ ਤੇਹਾਂ ਦਰਿਆਵਾਂ ਉਪਰੋਂ ਲੰਘਦਿਆਂ ਮੈਂ ਇਹ ਨੋਟ ਕੀਤਾ ਕਿ ਇਹਨਾਂ ਵਿਚ ਪਾਣੀ ਹਾਲੇ ਭੀ ਕਾਫੀ ਹੈ ਅਤੇ ਵੈਸੇ ਭੀ ਇਹਨਾਂ ਦਰਿਆਵਾਂ ਦਾ ਪਾਣੀ ਕਾਫੀ ਸਾਫ ਨਜਰ ਆਇਆ।ਇਹੋ ਜਿਹੇ ਮੌਕਿਆਂ ਨੇ ਸਾਡੀ ਪਾਕਿਸਤਨ ਦੀ ਫੇਰੀ ਨੂੰ ਹੋਰ ਭੀ ਖੁਸ਼ੀ ਭਰਿਆ ਬਣਾ ਦਿੱਤਾ।