Tuesday, May 14, 2024
12 C
Vancouver

ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਨਗਰ ਕੀਤਰਨ ਵਿਚ ਲੱਖਾਂ ਸੰਗਤਾਂ ਨੇ ਕੀਤੀ ਸ਼ਿਰਕਤ

ਵੈਨਕੂਵਰ : ਬੀਤੇ ਦਿਨੀਂ ਵੈਨਕੂਵਰ ਵਿੱਚ ਖ਼ਾਲਸਾ ਪੰਥ ਦੀ ਸਾਜਣਾ ਅਤੇ ਵਿਸਾਖੀ ਨੂੰ ਸਮਰਪਿਤ ਸਾਲਾਨਾ ਨਗਰ ਕੀਰਤਨ ਆਯੋਜਿਤ ਕੀਤਾ ਗਿਆ। ਆਯੋਜਕਾਂ ਦਾ ਕਹਿਣਾ ਹੈ ਕਿ ਇਸ ਸਲਾਨਾ ਖ਼ਾਲਸਾ ਪਰੇਡ ਵਿਚ 200,000 ਤੋਂ ਵੱਧ ਲੋਕ ਸ਼ਾਮਲ ਹੋਏ।
13 ਅਪ੍ਰੈਲ 1699 ਨੂੰ ਅਨੰਦਪੁਰ ਸਾਹਿਬ ਵਿਖੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਸਿੱਖ ਇਤਿਹਾਸ ਵਿਚ ਇਸ ਦਿਨ ਨੂੰ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਸੰਗਤਾਂ ਵਿਚ ਨਗਰ ਕੀਰਤਨ ਦਾ ਉਤਸਾਹ ਦੇਖਣ ਵਾਲਾ ਸੀ। ਹਰ ਸਾਲ ਵਾਂਗੂ ਇਸ ਖ਼ਾਲਸਾ ਪਰੇਡ ਦੌਰਾਨ ਲੱਖਾਂ ਲੋਕਾਂ ਨੇ ਹਾਜ਼ਰੀ ਭਰਕੇ ਗੁਰੂ ਘਰ ਦੀਆਂ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਅਤੇ ਵੈਨਕੂਵਰ ਦੀਆਂ ਸੜਕਾਂ ‘ਤੇ ਸੰਗਤਾਂ ਵੱਲੋਂ ਅਤੁੱਟ ਲੰਗਰ ਵੀ ਵਰਤਾਇਆ ਗਿਆ।
ਵੈਨਕੂਵਰ ਨਗਰ ਕੀਰਤਨ ਵਿਚ ਬੀਸੀ ਦੇ ਪ੍ਰੀਮੀਅਰ ਡੇਵਿਡ ਇਬੀ ਅਤੇ ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਵੀ ਸ਼ਾਮਲ ਹੋਏ। ਪਰ ਐਦਕੀਂ ਖ਼ਾਲਸਾ ਪਰੇਡ ਦੇ ਕੁਝ ਹਾਜ਼ਰੀਨ ਨੇ ਵੈਨਕੂਵਰ ਅਤੇ ਸਰੀ ਦੇ ਮੇਅਰਾਂ ਦੁਆਰਾ ਕੀਤੀਆਂ ਟਿੱਪਣੀਆਂ ‘ਤੇ ਆਪਣੀ ਨਿਰਾਸ਼ਾ ਵੀ ਜ਼ਾਹਰ ਕੀਤੀ। ਦਰਅਸਲ ਸਿਟੀ ਔਫ਼ ਵੈਨਕੂਵਰ ਵੱਲੋਂ ਇਸ ਮਹੱਤਵਪੂਰਨ ਦਿਨ ਬਾਰੇ ਦਿੱਤੇ ਜਨਤਕ ਬਿਆਨਾਂ ਵਿਚ ਸਿੱਖ ਧਰਮ ਦਾ ਹਵਾਲਾ ਨਹੀਂ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਵੈਨਕੂਵਰ ਮੇਅਰ ਕੈਨ ਸਿਮ ਨੇ ਵਿਸਾਖੀ ਦੇ ਦਿਨ ਨੂੰ ਸਿੱਖਾਂ ਦੇ ਇੱਕ ਧਾਰਮਿਕ ਦਿਹਾੜੇ ਦੀ ਬਜਾਏ ਇਸ ਨੂੰ ਸਾਊਥ ਏਸ਼ੀਅਨ ਭਾਈਚਾਰੇ ਦਾ ਇੱਕ ਸੱਭਿਆਚਾਰਕ ਜਸ਼ਨ ਆਖ ਦਿੱਤਾ ਸੀ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੌਕ ਨੇ ਇੱਕ ਪ੍ਰੈਸ ਕਾਨਫ਼੍ਰੰਸ ਵਿਚ ਖਾਲਸਾ ਪਰੇਡ ਨੂੰ ਇੱਕ ‘ਪਾਰਟੀ’ ਆਖ ਦਿੱਤਾ ਸੀ। ਭਾਈਚਾਰੇ ਵੱਲੋਂ ਇਤਰਾਜ਼ ਕੀਤੇ ਜਾਣ ਮਗਰੋਂ ਸਿਟੀ ਔਫ਼ ਵੈਨਕੂਵਰ ਨੇ ਮੁਆਫ਼ੀ ਮੰਗੀ ਸੀ ਅਤੇ ਸਰੀ ਮੇਅਰ ਨੇ ਵੀ ਵਿਸਾਖੀ ਅਤੇ ਨਗਰ ਕੀਰਤਨ ਦੀ ਮਹੱਤਤਾ ਪ੍ਰਗਟਾਉਂਦਿਆਂ ਆਪਣਾ ਪੱਖ ਸਪਸ਼ਟ ਕੀਤਾ ਸੀ। ਮੇਅਰ ਲੌਕ ਨੇ ਕਿਹਾ ਕਿ ਉਨ੍ਹਾਂ ਨੇ ਸ਼ਾਨਦਾਰ ਅਤੇ ਰੰਗਾਂ ਨਾਲ ਭਰਪੂਰ ਆਯੋਜਨਾਂ ਦਾ ਵਰਣਨ ਕਰਨ ਲਈ ‘ਪਾਰਟੀ’ ਸ਼ਬਦ ਦੀ ਵਰਤੋਂ ਕੀਤੀ ਸੀ, ਪਰ ਉਨ੍ਹਾਂ ਦੇ ਸ਼ਬਦ ਦਾ ਗ਼ਲਤ ਅਰਥ ਕੱਢ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਇਸ ਦਿਨ ਦੀ ਸਿੱਖ ਭਾਈਚਾਰੇ ਲਈ ਮਹੱਤਤਾ ਨੂੰ ਬਖ਼ੂਬੀ ਸਮਝਦੇ ਹਨ।