Tuesday, May 14, 2024
16.2 C
Vancouver

‘ਸਿੰਘ ਸਭਾ ਲਹਿਰ’ ਦੇ ਆਗੂ ਅਤੇ ‘ਗੁਰਮੁਖੀ’ ਅਖ਼ਬਾਰ ਦੇ ਸੰਪਾਦਕ : ਭਾਈ ਦਿੱਤ ਸਿੰਘ ਗਿਆਨੀ

ਲਿਖਤ : ਡਾ. ਗੁਰਵਿੰਦਰ ਸਿੰਘ,
ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ)
”ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,
ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ।
ਸੁੱਤੀ ਹੋਈ ਘੂਕ ਕੌਮ ਆਣ ਕੇ ਜਗਾਈ ਜੀਹਨੇ,
ਅਜ ਤਕ ਧੁੰਮ ਪਈ ਹੋਈ ਜਿਹਦੀ ਕਾਨੀ ਦੀ।
ਐਸਾ ਕੌਣ ਬੀਰ ਜੀਹਨੇ ਭਰਮ ਲੀਰ ਲੀਰ ਕੀਤੇ,
ਆਈ ਅਜ ਯਾਦ ਉਸ ਸਿੰਘ ਸਭਾ ਬਾਨੀ ਦੀ।
ਭਾਵੇਂ ਉਹ ਦੀ ਪਾਈ ਨਾ ਕਦਰ ਪੂਰੀ ਪੰਥ ਨੇ ਹੈ,
ਭਾਸੇ ਅਜ ਲੋੜ ਫੇਰ ‘ਦਿੱਤ ਸਿੰਘ ਗਿਆਨੀ’ ਦੀ।”
ਸਿੰਘ ਸਭਾ ਲਹਿਰ ਦੀ ਜਿਥੇ ਪੰਜਾਬ ਦੀ ਧਰਤੀ ૳ਤੇ ਸਿੱਖੀ ਦੇ ਫੈਲਾਅ ਵਿੱਚ ਵਿਸ਼ੇਸ਼ ਭੂਮਿਕਾ ਹੈ, ਉੱਥੇ ਭਾਰਤ ਤੋਂ ਬਾਹਰ ਵਿਦੇਸ਼ਾਂ ਵਿੱਚ ਸਿੱਖ ਸਿਧਾਂਤਾਂ ਦੇ ਪ੍ਰਸਾਰ ਵਿਚ ਵੀ ਇਸ ਦੀ ਵਡਮੁਲੀ ਦੇਣ ਹੈ। ਮਹਾਨ ਸਿੱਖ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ, ਸੰਪਾਦਕ ਭਾਈ ਦਿੱਤ ਸਿੰਘ ਗਿਆਨੀ ਜੀ ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਸਨ। ਰੋਪੜ ਨਿਵਾਸੀ ਕਵੀਰਾਜ ਗੁਰਬਖਸ਼ ਸਿੰਘ ਦੀਆਂ ਉਪਰੋਕਤ ਕਾਵਿ ਸਤਰਾਂ ਭਾਈ ਸਾਹਿਬ ਦੀ ਕੌਮ ਪ੍ਰਤੀ ਦੇਣ ਨੂੰ ਬਿਆਨਦੀਆਂ ਹਨ। ਸਿੰਘ ਸਭਾ ਲਹਿਰ ਦੇ ਪ੍ਰਮੁਖ ਪ੍ਰਚਾਰਕ ਗਿਆਨੀ ਦਿੱਤ ਸਿੰਘ ਦਾ ਜਨਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਨੰਦਪੁਰ ਕਲੌੜ ਦੇ ਮੂਲਨਿਵਾਸੀ ਦੀਵਾਨ ਸਿੰਘ ਦੇ ਘਰ ਮਾਈ ਰਾਮ ਕੌਰ ਦੀ ਕੁੱਖੋਂ 21 ਅਪ੍ਰੈਲ 1853 ਈ. (ਦੂਜਾ ਸਰੋਤ 1850 ਈ.) ਵਿਚ ਹੋਇਆ। ਨਿੱਕੀ ਉਮਰੇ ਆਪ ਜੀ ਨੇ ਗੁਲਾਬਦਾਸੀ ਮਹਾਤਮਾ ਸੰਤ ਗੁਰਬਖਸ਼ ਦੇ ਡੇਰੇ ਤੋਂ ਸ੍ਵੈ ਅਧਿਐਨ ਸਦਕਾ ਗੁਰਬਾਣੀ ਸਮੇਤ ਹੋਰ ਗਿਆਨ ਹਾਸਲ ਕੀਤਾ। ਭਾਈ ਦਿੱਤ ਸਿੰਘ ਦਾ ਵਿਆਹ 1872 ਵਿੱਚ ਸਿੱਖ ਮਰਿਆਦਾ ਅਨੁਸਾਰ ਸੰਤ ਭਾਗ ਸਿੰਘ ਦੀ ਸਪੁੱਤਰੀ ਬਿਸ਼ਨ ਕੌਰ ਨਾਲ ਹੋਇਆ। ਬੀਬੀ ਬਿਸ਼ਨ ਕੌਰ ਦੇ ਜਿਮੀਂਦਾਰ ਪਰਿਵਾਰ ਅਤੇ ਗਿਆਨੀ ਦਿੱਤ ਸਿੰਘ ਦਾ ਮੂਲ ਨਿਵਾਸੀ ਪਰਿਵਾਰ ਦਾ, ਵਿਆਹ ਦੇ ਰੂਪ ਵਿੱਚ ਮੇਲ ਇਤਿਹਾਸਕ ਇਨਕਲਾਬ ਸੀ, ਜਿਸ ਦਾ ਉਸ ਵੇਲੇ ਵੀ ਕਾਫੀ ਵਿਰੋਧ ਹੋਇਆ।
ਸਿੰਘ ਸਭਾ ਲਾਹੌਰ ਦੇ ਮੋਢੀ ਅਤੇ ਉੱਘੇ ਵਿਦਵਾਨ ਪ੍ਰੋਫੈਸਰ ਗੁਰਮੁਖ ਸਿੰਘ ਦੀ ਪ੍ਰੇਰਨਾ ਨਾਲ ਗਿਆਨੀ ਦਿੱਤ ਸਿੰਘ ਅੰਮ੍ਰਿਤ ਛੱਕ ਕੇ ਸਿੰਘ ਸਜੇ। ਇੱਕ ਸਾਲ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦਾ ਇਮਤਿਹਾਨ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਕੀਤਾ। ਗਿਆਨੀ ਦਿੱਤ ਸਿੰਘ ਅਤੇ ਬੀਬੀ ਬਿਸ਼ਨ ਕੌਰ ਦੇ ਘਰ ਪੁੱਤਰ ਬਲਦੇਵ ਸਿੰਘ ਅਤੇ ਧੀ ਬੀਬਾ ਵਿਦਿਆਵੰਤੀ ਕੌਰ ਨੇ ਜਨਮ ਲਿਆ। ਗਿਆਨੀ ਦਿੱਤ ਸਿੰਘ ਜੀ ਨੇ ਜੀਵਨ ਭਰ ਸਿੰਘ ਸਭਾ ਲਹਿਰ ਦੇ ਉਦੇਸ਼ਾਂ ਨੂੰ ਪ੍ਰਚਾਰਿਆ ਤੇ ਪ੍ਰਸਾਰਿਆ। ਉਨ੍ਹਾਂ ਸਿੱਖ ਸਿਧਾਂਤਾਂ ਨੂੰ ਬਿਆਨ ਕਰਦਿਆਂ ਬਹੁਤ ਸਾਰੀਆਂ ਵਡਮੁੱਲੀਆਂ ਕਿਤਾਬਾਂ ਲਿਖੀਆਂ।
ਗਿਆਨੀ ਦਿੱਤ ਸਿੰਘ ਤੇ ਪ੍ਰੋ. ਗੁਰਮੁਖ ਸਿੰਘ ਨੇ 10 ਨਵੰਬਰ 1880 ਨੂੰ ਲਾਹੌਰ ਤੋਂ ਹਫ਼ਤਾਵਾਰੀ ‘ਗੁਰਮੁਖੀ’ ਅਖ਼ਬਾਰ, ਸ਼ੁੱਧ ਪੰਜਾਬੀ ‘ਚ ਆਰੰਭ ਕਰਕੇ, ਨਾ ਸਿਰਫ਼ ਧਾਰਮਿਕ ਅਤੇ ਸਮਾਜਿਕ ਸੁਧਾਰ ਲਹਿਰ ਨੂੰ ਪ੍ਰਚੰਡ ਕੀਤਾ, ਸਗੋਂ ਪੰਜਾਬੀ ਦੇ ਵਿਕਾਸ ‘ਚ ਵਿਚ ਵੀ ਵਡਮੁੱਲਾ ਯੋਗਦਾਨ ਪਾਇਆ। ਆਪ ‘ਖ਼ਾਲਸਾ ਅਖ਼ਬਾਰ’ ਲਾਹੌਰ ਦੇ ਸੰਪਾਦਕ ਰਹੇ ਅਤੇ ਅਖਬਾਰ ਜ਼ਰੀਏ ਵੀ ਲੋਕਾਂ ਨੂੰ ਜਾਤ ਪਾਤ, ਅੰਧ-ਵਿਸ਼ਵਾਸ, ਜਾਦੂ- ਟੂਣੇ, ਫੋਕਟ ਕਰਮ-ਕਾਂਡ ਤੋਂ ਸੁਚੇਤ ਕੀਤਾ। ਗਿਆਨੀ ਦਿੱਤ ਸਿੰਘ ਜੀ ਦੇ ਜਕਿਰ ਤੋਂ ਬਗੈਰ ਪੰਜਾਬੀ ਪੱਤਰਕਾਰੀ ਦਾ ਇਤਿਹਾਸ ਅਧੂਰਾ ਹੈ, ਪਰ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਪੱਤਰਕਾਰੀ ਦੇ ਇਤਿਹਾਸਕਾਰਾਂ ਅਤੇ ਖੋਜੀਆਂ ਵੱਲੋਂ ਸਿੰਘ ਸਭਾ ਲਹਿਰ ਦੀ ਪੰਜਾਬੀ ਪੱਤਰਕਾਰੀ ਨੂੰ ਦੇਣ ਦਾ ਜਕਿਰ ਕਰਨਾ ਵੀ ਮੁਨਾਸਬ ਨਹੀਂ ਸਮਝਿਆ ਜਾਂਦਾ। ਪੰਜਾਬੀ ਪੱਤਰਕਾਰੀ ਦੀ ਇਤਿਹਾਸਕਾਰੀ ਵਿੱਚ ਸਿੰਘ ਸਭਾ ਲਹਿਰ ਨਾਲ ਅਜਿਹਾ ਵਿਤਕਰਾ ਬੌਧਿਕ ਦੀਵਾਲੀਆਪਣ ਅਤੇ ਸਾਹਿਤਕ ਕੰਗਾਲੀ ਦਾ ਪ੍ਰਗਟਾਵਾ ਕਰਦਾ ਹੈ।
ਗਿਆਨੀ ਦਿੱਤ ਸਿੰਘ ਨੇ ‘ਸਿੰਘ ਸਭਾ ਲਹਿਰ’ ਰਾਹੀਂ ਸਿੱਖ ਸਮਾਜ ਵਿੱਚ ਫੈਲੇ ਮਨੂਵਾਦੀ ਭਰਮ ਅਤੇ ਪਖੰਡ ਖਤਮ ਕਰਨ ਲਈ ਦ੍ਰਿੜ੍ਹਤਾ ਨਾਲ ਲੰਮਾ ਸੰਘਰਸ਼ ਕੀਤਾ। ਆਪ ਜੀ ਦੇ ਮਹਾਨ ਗੁਣਾਂ ਵਿੱਚ ਇਹ ਅਹਿਮ ਪਹਿਲੂ ਸ਼ਾਮਲ ਹਨ ਕਿ ਇਕਵੰਜਾ ਸਾਲ ਦੀ ਉਮਰ ‘ਚ 70 ਤੋਂ ਵੱਧ ਕਿਤਾਬਾਂ ਅਤੇ ਟਰੈਕਟਰ ਲਿਖੇ। ਆਪ ਖ਼ਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਦੇ ਮੋਢੀ ਮੈਂਬਰ ਬਣੇ।
ਇਨ੍ਹਾਂ ਪੱਖਾਂ ਤੋਂ ਇਲਾਵਾ ਹੋਰਨਾਂ ਮਹੱਤਵਪੂਰਨ ਵਿਸ਼ੇਸ਼ਤਾਵਾਂ; ਜਾਤ -ਪਾਤ ਅਤੇ ਊਚ- ਨੀਚ ਦੇ ਸਿੱਖ ਸਮਾਜ ‘ਚ ਵੀ ਵਿਤਕਰੇ ਖਲਿਾਫ਼ ਜ਼ੋਰਦਾਰ ਆਵਾਜ਼ ਉੱਠਾਉਣ ਸਮੇਤ ਅਨੇਕਾਂ ਖੇਤਰਾਂ ਵਿੱਚ ਗਿਆਨੀ ਦਿੱਤ ਸਿੰਘ ਜੀ ਦੀ ਇਤਿਹਾਸਕ ਭੂਮਿਕਾ ਰਹੀ। 6 ਸਤੰਬਰ 1901 ਈ. ਨੂੰ ਧਰਮ-ਸੁਧਾਰ ਲਈ ਜੂਝਦਿਆਂ ਗਿਆਨੀ ਦਿੱਤ ਸਿੰਘ ਬੀਮਾਰੀ ਕਾਰਨ ਸਰੀਰਕ ਤੌਰ ‘ਤੇ ਸਭ ਨੂੰ ਅਲਵਿਦਾ ਕਹਿ ਗਏ, ਪਰ ਵਿਚਾਰਧਾਰਕ ਪੱਖੋਂ ਉਹ ਹਮੇਸ਼ਾ ਹੀ ਜਿਉਂਦੇ ਹਨ।
ਭਾਈ ਦਿੱਤ ਸਿੰਘ ਗਿਆਨੀ ਜੀ ਨੇ ਜਿੱਥੇ ਇਸਾਈ ਮਿਸ਼ਨਰੀਆਂ ਨੂੰ ਚੁਣੌਤੀ ਦਿੰਦਿਆਂ, ਸਿੱਖੀ ਉੱਤੇ ਉਹਨਾਂ ਦੇ ਪ੍ਰਭਾਵ ਦੇ ਖਾਤਮੇ ਦੇ ਯਤਨ ਕੀਤੇ, ਉੱਥੇ ਆਰੀਆ ਸਮਾਜੀਆਂ ਅਤੇ ਬ੍ਰਾਹਮਣਵਾਦੀਆਂ ਨੂੰ ਵੀ ਖੁੱਲ ਕੇ ਵੰਗਾਰਿਆ। ਸਿੱਖੀ ਦੇ ਵਿਰੋਧੀਆਂ ਨਾਲ ਜ਼ਬਰਦਸਤ ਟੱਕਰ ਲੈਂਦਿਆਂ ਗਿਆਨੀ ਦਿੱਤ ਸਿੰਘ ਜੀ ਨੇ ਦਿਯਾ ਨੰਦ ਨੂੰ ਵੱਖ- ਵੱਖ ਸੰਵਾਦ ਦੌਰਾਨ ਹਾਰ ਦਿੱਤੀ ਅਤੇ ਉਸ ਦੇ ਪਾਖੰਡ ਨੂੰ ਜੱਗ ਜ਼ਾਹਰ ਕੀਤਾ। ਇੱਥੇ ਜਕਿਰਯੋਗ ਹੈ ਕਿ ਸਾਧੂ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਵਿੱਚ ਅਪਮਾਨਿਤ ਸ਼ਬਦ ਲਿਖੇ ਸਨ;’ਨਾਨਕ ਸ਼ਾਹ ਫਕੀਰ ਨੇ ਨਿਯਾ ਚਲਾਇਆ ਪੰਥ। ਇਧਰ ਉਧਰ ਸੇ ਜੋੜ ਕਰ ਲਿਖ ਡਾਲਾ ਇੱਕ ਗ੍ਰੰਥ।’ ਗਿਆਨੀ ਦਿੱਤ ਸਿੰਘ ਨੇ ਇਸ ਬਾਰੇ ‘ਸਾਧੂ ਦਿਆ ਨੰਦ ਨਾਲ ਮੇਰੇ ਸੰਵਾਦ’ ਕਿਤਾਬ ਰਾਹੀਂ ਜੋ ਬਖੀਏ ਉਧੇੜੇ, ਉਹ ਭਾਵਪੂਰਤ ਸ਼ਬਦਾਂ ਵਿੱਚ ਦਰਜ ਹਨ ਤੇ ਇਹ ਕਿਤਾਬ ਹਰ ਇੱਕ ਦੇ ਪੜ੍ਹਨ ਲਾਇਕ ਹੈ।
ਅੱਜ ਗਿਆਨੀ ਜੀ ਦਾ ਜਨਮ ਦਿਹਾੜਾ ਮਨਾਉਂਦੇ ਹੋਏ, ਉਨ੍ਹਾਂ ਦੁਆਰਾ ਦਿਆਨੰਦ ਦੇ ਗੁਰੂ ਸਾਹਿਬ ਖਿਲਾਫ ਕੀਤੇ ਭੰਡੀ ਪ੍ਰਚਾਰ ਨੂੰ ਰੱਦ ਕਰਨ ਲਈ ਉੱਦਮ ਨੂੰ ਜਾਰੀ ਰੱਖਦੇ ਹੋਏ, ਅਜਿਹੇ ਅਪਮਾਨਜਨਕ ਸ਼ਬਦ ਹਮੇਸ਼ਾ ਵਾਸਤੇ ਰੱਦ ਕੀਤੇ ਜਾਣ ਲਈ ਜ਼ੋਰਦਾਰ ਆਵਾਜ਼ ਉਠਾਉਣ ਦੀ ਲੋੜ ਹੈ। ਸਾਧੂ ਦਿਯਾ ਨੰਦ ਨੇ ਗੁਰੂ ਨਾਨਕ ਸਾਹਿਬ ਸਬੰਧੀ ਜੋ ਸ਼ਬਦ ‘ਸਤਿਆਰਥ ਪ੍ਰਕਾਸ਼’ ਵਿੱਚ ਲਿਖੇ ਹਨ, ਉਨ੍ਹਾਂ ਨੂੰ ਸਮੁੱਚੀ ਸਿੱਖ ਕੌਮ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕਰਨ ਲਈ ਇੱਕਮੁੱਠ ਹੋਵੇ ਅਤੇ ਅਪਮਾਨਜਨਕ ਟਿੱਪਣੀਆਂ ਨੂੰ ਆਰੀਆ ਸਮਾਜ ਦੀ ਅਖੌਤੀ ਲਿਖਤ ਵਿੱਚੋਂ ਰੱਦ ਕੀਤਾ ਕੀਤਾ ਜਾਏ। ਇਸ ਉੱਦਮ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ ਕੀਤੀ ਜਾਏ ਅਤੇ ਲਿਖਤੀ ਰੂਪ ਦੇ ਵਿੱਚ ਸਿੱਖਾਂ ਦੀਆਂ ਕੇਂਦਰੀ ਸੰਸਥਾਵਾਂ ਤੋਂ ਵੀ ਜ਼ੋਰਦਾਰ ਕਦਮ ਉਠਾਉਣ ਦੀ ਮੰਗ ਕੀਤੀ ਜਾਵੇ, ਜੋ ਕਿ ਮਨੂੰਵਾਦੀ ਅਤੇ ਸਨਾਤਨੀ ਪ੍ਰਭਾਵ ਹੇਠ ਸਿੱਖ ਵਿਰੋਧੀ ਤਾਕਤਾਂ ਪ੍ਰਤੀ ਕਦਮ ਉਠਾਉਣ ਤੋਂ ਕੰਨੀ ਕਤਰਾਉਂਦੀਆਂ ਆ ਰਹੀਆਂ ਹਨ।
ਗਿਆਨੀ ਦਿੱਤ ਸਿੰਘ ਦੁਆਰਾ ਆਰੰਭੀ ਸਿੰਘ ਸਭਾ ਲਹਿਰ ਜਾਰੀ ਰੱਖਣ ਅਤੇ ਸਿੱਖ ਵਿਰੋਧੀ ਤਾਕਤਾਂ ਖਿਲਾਫ਼ ਡਟਣ ਲਈ ਅਜਿਹੇ ਉੱਦਮ ਦੀ ਸਖ਼ਤ ਜ਼ਰੂਰਤ ਹੈ। ਇਸ ਗੱਲ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ ਕਿ ਸਵਾਮੀ ਦਯਾਨੰਦ ਦੇ ਨਾਮ ‘ਤੇ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਥਾਂ-ਥਾਂ ਸਕੂਲ, ਕਾਲਜ ਹਨ ਪਰ ਅੱਜ ਇਹ ਸਿੱਖ ਕੌਮ ਲਈ ਬਹੁਤ ਵੱਡੀ ਬੌਧਿਕ ਚੁਣੌਤੀ ਹੈ ਕਿ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦੇ ਨਾਂ ਤੇ ਸਕੂਲ, ਕਾਲਜ ਤਾਂ ਕੀ ਹੋਣੇ ਹਨ, ਬਲਕਿ ਬਹੁਤੇ ਸਿੱਖ ਤਾਂ ਉਹਨਾਂ ਬਾਰੇ ਜਾਣਦੇ ਵੀ ਨਹੀਂ ਹਨ। ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਸਿੱਖੀ ਦੇ ਅਸਲੀ ਅਨਮੋਲ ਰਤਨ ਸਨ, ਉਨ੍ਹਾਂ ਨੂੰ ਸਿੱਖਾਂ ਨੇ ਹੀ ਭੁਲਾ ਦਿਤਾ। ਸਿੰਘ ਸਭਾ ਲਹਿਰ ਚਲਾ ਕੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਪਰਵਾਹ ਨਾ ਕਰਦਿਆਂ ਸਿੱਖੀ ਦਾ ਬੇੜਾ ਬਚਾਇਆ ਸੀ, ਉਨ੍ਹਾਂ ਅਣਮੁੱਲੇ ਰਤਨਾਂ ਦੀ ਕੌਮ ਨੇ ਕੋਈ ਕਦਰ ਨਾ ਕੀਤੀ। ਪੰਥ ਰਤਨ ਗਿਆਨੀ ਦਿੱਤ ਸਿੰਘ ਸਮੇਤ ਇਹ ਸਾਰੇ ਉਹ ਯੋਧੇ ਹੋਏ ਨੇ ਜਿਨ੍ਹਾਂ ਨੇ ਸਿੱਖੀ ਨੂੰ ਮਨੂਵਾਦ ਅਤੇ ਬਿਪਰਵਾਦ ਦੇ ਦਲਦਲ ਵਿੱਚ ਧਸਣ ਤੋਂ ਬਚਾਇਆ ਸੀ, ਅੱਜ ਅਸੀਂ ਇਹਨਾਂ ਅਣਮੁਲੇ ਹੀਰਿਆਂ ਨੂੰ ਵਿਸਾਰ ਦਿਤਾ ਹੈ।
ਡੇਢ ਸੌ ਸਾਲ ਪਹਿਲਾਂ ਪੈਦਾ ਹੋਈ ਸਿੰਘ ਸਭਾ ਲਹਿਰ ਰਾਹੀਂ ਗਿਆਨੀ ਦਿੱਤ ਸਿੰਘ ਨੇ ਆਪਣੇ ਸਮਿਆਂ ਵਿਚ ਈਸਾਈ ਮਿਸ਼ਨਰੀਆਂ ਅਤੇ ਆਰੀਆ ਸਮਾਜੀਆਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ, ਸਿੱਖਾਂ ਨੂੰ ਆਪਣੇ ਇਤਿਹਾਸ, ਵਿਰਸੇ ਅਤੇ ਗੁਰਬਾਣੀ ਨਾਲ ਜੁੜਨ ਲਈ ਉਤਸ਼ਾਹਤ ਕੀਤਾ। ਆਉ! ਉਹਨਾਂ ਦੇ ਜਨਮ ਦਿਹਾੜੇ ‘ਤੇ ਸਿੰਘ ਸਭਾ ਲਹਿਰ ਦੀ ਪੁਨਰ-ਸੁਰਜੀਤੀ ਲਈ ਲਾਮਬੰਦ ਹੋਈਏ ਅਤੇ ਸਿੱਖੀ ਪ੍ਰਚਾਰ ਪ੍ਰਸਾਰ ਪੰਜਾਬੀ ਬੋਲੀ ਦੀ ਤਰੱਕੀ ਲਈ ਵਚਨਬੱਧ ਹੋਈਏ। ਗਿਆਨੀ ਦਿੱਤ ਜੀ ਦੇ ਜਨਮ ਦਿਨ ਦੀਆਂ ਗਿਆਨੀ ਦਿੱਤ ਸਿੰਘ ਸਾਹਿਤ ਸਭਾ ਕੈਨੇਡਾ ਵੱਲੋਂ ਬਹੁਤ ਮੁਬਾਰਕਾਂ। ਇਸ ਤੋਂ ਇਲਾਵਾ ਮਨੂਵਾਦੀ ਵਿਰੋਧੀ ਫਰੰਟ ਕੈਨੇਡਾ ਵੱਲੋਂ ਗਿਆਨੀ ਜੀ ਦੇ ਉੱਚ ਜਾਤੀਆਂ ਦੀ ਨਫਰਤ ਵਿਰੋਧੀ ਸੰਘਰਸ਼ ਨੂੰ ਵਾਰ- ਵਾਰ ਪ੍ਰਣਾਮ। ਭਾਈ ਦਿੱਤ ਸਿੰਘ ਗਿਆਨੀ ਜੀ ਬਾਰੇ ਮਾਨਯੋਗ ਪਿਤਾ ਜੀ ਭਾਈ ਹਰਪਾਲ ਸਿੰਘ ਲੱਖਾ ਵੱਲੋਂ ਲਿਖੀ ਇਹ ਕਵਿਤਾ ਅੱਜ ਇਸ ਮੌਕੇ ‘ਤੇ ਸਾਂਝੀ ਕਰਦੇ ਹਾਂ :
”ਸਿੱਖੀ ਸੋਚ ਫੈਲਾਉਣ ਲਈ, ਬਹਿ ਮਤਾ ਪਕਾਇਆ।
ਸਿੰਘ ਸਭਾ ਬਣਾਉਣ ਦਾ, ਫੁਰਮਾਨ ਅਲਾਇਆ।
ਗੁਰਬਾਣੀ ਨੂੰ ਸਮਝਣਾ, ਇਤਿਹਾਸ ਵੀ ਲਿਖਣਾ।
ਮਨਮਤਿ ਕਿਵੇਂ ਤਿਆਗਣੀ, ਗੁਰੂਆਂ ਤੋਂ ਸਿੱਖਣਾ।
ਡੇਢ ਸਦੀ ਪਹਿਲਾਂ ਤਦੇ, ਸਿੰਘ ਅੱਗੇ ਆਏ।
ਲਹਿਰ ਚਲਾਈ ਸਿੰਘ ਸਭਾ, ਸਭ ਵੈਰ ਮੁਕਾਏ।
‘ਮਹਾਂ-ਗਿਆਨੀ’ ਦਿੱਤ ਸਿੰਘ, ਸੰਵਾਦ ਰਚਾਏ।
ਵਹਿਮ ਪਖੰਡ ਮਿਟਾਉਣ ਲਈ, ਲੱਖ ਕਸ਼ਟ ਉਠਾਏ।
‘ਸਾਧੂ’ ਦਿਆ ਨੰਦ ਜਦ, ਪੰਜਾਬ ਸੀ ਆਇਆ।
ਸਿੱਖਾਂ ਨੂੰ ਭਰਮਾਉਣ ਲਈ, ਉਸ ਝੂਠ ਫੈਲਾਇਆ।
ਧਨੀ ਕਲਮ ਦਾ ਦਿੱਤ ਸਿੰਘ, ਤਦ ਅੱਗੇ ਆਇਆ।
‘ਵਿਪਰ ਨਹੀਂ’, ਅਸੀਂ ਸਿੱਖ ਹਾਂ’,
ਇਹ ਸੱਚ ਸੁਣਾਇਆ।
‘ਸਾਧੂ’ ਨੂੰ ਵੰਗਾਰ ਕੇ, ਛੱਡਿਆ ਜੈਕਾਰਾ।
ਸਾਡਾ ਗੁਰੂ ਗ੍ਰੰਥ ਸਾਹਿਬ, ਤਾਰੇ ਸੰਸਾਰਾ।
”ਨਿੰਦਿਆ ਕਰੇਂ ਤੂੰ ਗੁਰੂ ਦੀ, ਊਂ ਰਿਸ਼ੀ ਕਹਾਵੇਂ।
ਘੜ ਸ਼ੁੱਧੀ ਦੀਆਂ ਸਾਜਿਸ਼ਾਂ, ਜਨਤਾ ਭਰਮਾਵੇਂ।
ਕਰ ਮੇਰੇ ਨਾਲ ਗੋਸ਼ਟੀ, ਜੇ ਸੱਚਾ ਸਾਧੂ।
ਛੱਡ ਭੜਕਾਉਣਾ ਨਹੀਂ ਤਾਂ, ਰੱਖ ਮੂੰਹ ‘ਤੇ ਕਾਬੂ।”
ਰੀਸ ਗਿਆਨੀ ‘ਹੰਸ’ ਦੀ, ਕੀ ਕਰੂ ‘ਟਟੀਹਰੀ’।
ਗਿੱਦੜ ਅਤੇ ਸ਼ੇਰ ਦੀ, ਨਾ ਹੋਏ ਸਕੀਰੀ।
ਦਿਆ ਨੰਦ ਦੀ ਸੋਚ ਸੀ, ਬੱਸ ਰੌਲਾ-ਗੌਲਾ।
ਦੋ ਲਫਜ਼ਾਂ ਵਿੱਚ ਸਿੰਘ ਨੇ, ਕਰ ਦਿੱਤਾ ਹੌਲਾ।
ਦਿੱਤ ਸਿੰਘ ਜੀ ਤਿੰਨ ਦਫਾ, ਕਰ ਗੋਸ਼ਟਿ ਜਿੱਤੇ।
‘ਸਤਿਆਰਥ’ ਦੇ ਕੁਫ਼ਰ ਸਭ, ਪਾ ਦਿੱਤੇ ਛਿੱਥੇ।
ਸਿੰਘ ਸਭੀਆਂ’ ਦੀ ਲੋੜ ਹੈ, ਅੱਜ ਮੁੜਕੇ ਭਾਈ।
ਜਿਹਨਾਂ ਗਾਫਲਿ ਨੀਂਦਰੋਂ, ਸਿੱਖ ਕੌਮ ਜਗਾਈ।”
(ਭਾਈ ਹਰਪਾਲ ਸਿੰਘ ਲੱਖਾ)