Monday, May 13, 2024
16.1 C
Vancouver

ਇਬਾਦਤ

ਦਰ ਮੁਰਸ਼ਦ ਦੇ ਮੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਇਸ ਅੱਲ੍ਹਾ ਚ ਲੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਪਰਦਾ ਅੱਖ ‘ਤੇ ਮਾਇਆ ਦਾ,
ਖੁਦਾ ਦਿਸੇ ਤਾਂ ਕਿੰਝ ਦਿਸੇ?
ਗੁਰੂ ਦਾ ਪਰਦਾ ਚੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਬਿਨਾਂ ਮੁਰਸ਼ਦ ਦੀ ਗੱਲ ਮੰਨਿਆਂ,
ਇਬਾਦਤ ਹੋ ਨਹੀਂ ਸਕਦੀ।
ਗੁਰੂ ਦੀ ਗੱਲ ‘ਤੇ ਢੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਬਿਨਾਂ ਪਾਣੀ ਜਿਵੇਂ ਮਛਲੀ,
ਤੜਪਦੀ ਏ, ਵਿਲਕਦੀ ਏ।
ਬਿਨਾਂ ਗੁਰੂ, ਸਾਹ ਦਾ ਸੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਰਾਹ ਜਿਹੜੇ ਗੁਰੂ ਤੋਰੇ,
ਜ਼ਿੰਦਗੀ ਭਰ ਤੁਰੇ ਰਹਿਣਾ।
ਗੁਰੂ ਰੋਕੇ ਤਾਂ ਰੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ ।
ਮਨੋਂ ਗੱਲਾਂ ਕਰਾਂ ਲੱਖਾਂ,
ਗੁਰੂ ਦੀ ਗੱਲ ਬਰਾਬਰ ਨਾ।
ਗੁਰੂ ਭਾਉਂਦੀ ਕਹਿ ਤੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ ।
ਇਹਦੀ ਰਹਿਮਤ ਬਿਨਾਂ ‘ਸਾਹਿਬ’,
ਲਿਖੇ ਕਿਹੜਾ ਗਾਏ ਕਿਹੜਾ?
ਮਿਲੇ ਇਜ਼ਤ ਤਾਂ ਝੁੱਕ ਜਾਣਾ,
ਇਹੀ ਰੱਬ ਦੀ ਇਬਾਦਤ ਹੈ।
ਲਿਖਤ : ਸਾਹਿਬ ਸੁਰਿੰਦਰ