Tuesday, May 14, 2024
9.9 C
Vancouver

ਮੌਨਸੂਨ ਵਿਚ ਕਰੋ ਪੈਰਾਂ ਦੀ ਦੇਖਭਾਲ

ਮੌਨਸੂਨ ਦੇ ਦਿਨਾਂ ਦੀ ਸਭ ਤੋਂ ਵੱਡੀ ਮਾਰ ਤੁਹਾਡੇ ਪੈਰਾਂ ਨੂੰ ਝੱਲਣੀ ਪੈਂਦੀ ਹੈ, ਜਦੋਂ ਚਿੱਕੜ ਨਾਲ ਭਰੇ ਰਾਹਾਂ, ਪਾਣੀ ਨਾਲ ਤਾਲੋਤਾਲ ਗਲੀਆਂ, ਨਮੀ ਨਾਲ ਭਰੇ ਠੰਢੇ ਵਾਤਾਵਰਨ ਅਤੇ ਸਿੱਲ੍ਹ ਵਿਚ ਚੱਲਣ ਨਾਲ ਜੁੱਤੀਆਂ ਚਿਪਚਿਪੀਆਂ ਹੋ ਜਾਂਦੀਆਂ ਹਨ ਅਤੇ ਪੈਰਾਂ ਵਿਚੋਂ ਬਦਬੂਦਾਰ ਪਸੀਨਾ ਨਿਕਲਣਾ ਸ਼ੁਰੂ ਹੁੰਦਾ ਹੈ, ਜਿਸ ਨਾਲ ਪੈਰਾਂ ਵਿਚ ਦਾਦ, ਖਾਜ, ਖੁਜਲੀ ਅਤੇ ਲਾਲ ਨਿਸ਼ਾਨ ਪੈ ਜਾਂਦੇ ਹਨ।
ਮੌਨਸੂਨ ਦੇ ਦਿਨਾਂ ਵਿਚ ਪੈਰਾਂ ਦੀ ਦੇਖਭਾਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ। ਇਸ ਮੌਸਮ ਵਿਚ ਪੈਰਾਂ ਦੇ ਨੇੜੇ-ਤੇੜੇ ਦੇ ਭਾਗ ਵਿਚ ਸੰਕ੍ਰਮਣ ਪੈਦਾ ਹੁੰਦਾ ਹੈ, ਜਿਸ ਵਿਚੋਂ ਬਦਬੂ ਪੈਦਾ ਹੁੰਦੀ ਹੈ।
ਪਸੀਨੇ ਦੇ ਨਾਲ ਨਿਕਲਣ ਵਾਲੇ ਗੰਦੇ ਦ੍ਰਵਾਂ ਨੂੰ ਹਰ ਰੋਜ਼ ਧੋ ਕੇ ਸਾਫ਼ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਬਦਬੂ ਨੂੰ ਰੋਕਿਆ ਜਾ ਸਕੇ ਅਤੇ ਪੈਰ ਤਾਜ਼ਗੀ ਅਤੇ ਸ਼ੁੱਧਤਾ ਦਾ ਅਹਿਸਾਸ ਕਰ ਸਕਣ। ਸਵੇਰੇ ਨਹਾਉਂਦੇ ਸਮੇਂ ਆਪਣੇ ਪੈਰਾਂ ਦੀ ਸ਼ੁੱਧਤਾ ‘ਤੇ ਵਿਸ਼ੇਸ਼ ਧਿਆਨ ਦਿਓ, ਪੈਰਾਂ ਨੂੰ ਧੋਣ ਤੋਂ ਬਾਅਦ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੁੱਕਣ ਦਿਓ ਅਤੇ ਉਸ ਤੋਂ ਬਾਅਦ ਪੈਰਾਂ ਅਤੇ ਉਂਗਲੀਆਂ ਦੇ ਵਿਚ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਜੇ ਤੁਸੀਂ ਬੰਦ ਜੁੱਤੀ ਪਹਿਨਦੇ ਹੋ ਤਾਂ ਜੁੱਤੀ ਦੇ ਅੰਦਰ ਟੈਲਕਮ ਪਾਊਡਰ ਦਾ ਛਿੜਕਾਅ ਕਰੋ। ਬਰਸਾਤ ਦੇ ਮੌਸਮ ਦੌਰਾਨ ਸਲਿਪਰ ਅਤੇ ਖੁੱਲ੍ਹੇ ਸੈਂਡਲ ਪਹਿਨਣੇ ਜ਼ਿਆਦਾ ਫਾਇਦੇਮੰਦ ਸਾਬਤ ਹੁੰਦੇ ਹਨ, ਕਿਉਂਕਿ ਇਸ ਨਾਲ ਪੈਰਾਂ ਵਿਚ ਹਵਾ ਦਾ ਵੱਧ ਤੋਂ ਵੱਧ ਸੰਚਾਲਨ ਹੁੰਦਾ ਹੈ ਅਤੇ ਪਸੀਨੇ ਨੂੰ ਸੁਕਾਉਣ ਵਿਚ ਵੀ ਮਦਦ ਮਿਲਦੀ ਹੈ ਪਰ ਖੁੱਲ੍ਹੀਆਂ ਜੁੱਤੀਆਂ ਦੀ ਵਜ੍ਹਾ ਨਾਲ ਪੈਰਾਂ ‘ਤੇ ਗੰਦਗੀ ਅਤੇ ਧੂੜ ਜੰਮ ਜਾਂਦੀ ਹੈ, ਜਿਸ ਨਾਲ ਪੈਰਾਂ ਦੀ ਸਫ਼ਾਈ ‘ਤੇ ਅਸਰ ਪੈਂਦਾ ਹੈ। ਦਿਨ ਭਰ ਥਕਾਨ ਤੋਂ ਬਾਅਦ ਘਰ ਪਹੁੰਚਣ ‘ਤੇ ਠੰਢੇ ਪਾਣੀ ਵਿਚ ਥੋੜ੍ਹਾ ਜਿਹਾ ਨਮਕ ਪਾ ਕੇ ਪੈਰਾਂ ਨੂੰ ਚੰਗੀ ਤਰ੍ਹਾਂ ਭਿਉਂਵੋ ਅਤੇ ਉਸ ਤੋਂ ਬਾਅਦ ਪੈਰਾਂ ਨੂੰ ਖੁੱਲ੍ਹੀ ਜਗ੍ਹਾ ਵਿਚ ਸੁੱਕਣ ਦਿਓ। ਇਸ ਮੌਸਮ ਵਿਚ ਜੁਰਾਬਾਂ ਪਹਿਨਣ ਤੋਂ ਪ੍ਰਹੇਜ਼ ਕਰਦੇ ਹੋਏ ਖੁੱਲ੍ਹੀ ਜੁੱਤੀ ਪਹਿਨੋ, ਟੈਲਕਮ ਪਾਊਡਰ ਦੀ ਵਰਤੋਂ ਕਰੋ ਅਤੇ ਪੈਰਾਂ ਨੂੰ ਵੱਧ ਤੋਂ ਵੱਧ ਖੁਸ਼ਕ ਰੱਖੋ। ਜੇ ਜੁਰਾਬਾਂ ਪਹਿਨਣੀਆਂ ਜ਼ਰੂਰੀ ਹੋਣ ਤਾਂ ਸੂਤੀ ਜੁਰਾਬਾਂ ਹੀ ਪਹਿਨੋ। ਅਸਲ ਵਿਚ ਗਰਮ, ਨਮੀ ਭਰੇ ਮੌਸਮ ਵਿਚ ਪੈਰਾਂ ਨੂੰ ਵੱਧ ਤੋਂ ਵੱਧ ਸਮੇਂ ਤੱਕ ਖੁੱਲ੍ਹਾ ਰੱਖਣਾ ਚਾਹੀਦਾ ਹੈ। ਮੌਨਸੂਨ ਵਿਚ ਪੈਰਾਂ ਦੀ ਦੇਖਭਾਲ ਲਈ ਕੁਝ ਹੇਠ ਲਿਖੇ ਘਰੇਲੂ ਇਲਾਜ ਵੀ ਅਪਣਾਏ ਜਾ ਸਕਦੇ ਹਨ-
ਪੈਰਾਂ ਨੂੰ ਧੋਣਾ
ਬਾਲਟੀ ਵਿਚ ਇਕ-ਚੌਥਾਈ ਗਰਮ ਪਾਣੀ, ਅੱਧਾ ਕੱਪ ਖੁਰਖੁਰਾ ਨਮਕ, 10 ਬੂੰਦਾਂ ਨਿੰਬੂ ਰਸ ਜਾਂ ਸੰਤਰੇ ਦਾ ਸੁਗੰਧਿਤ ਤੇਲ ਪਾਓ। ਇਸ ਮਿਸ਼ਰਣ ਵਿਚ 10-15 ਮਿੰਟ ਤੱਕ ਪੈਰਾਂ ਨੂੰ ਭਿਉਂ ਕੇ ਬਾਅਦ ਵਿਚ ਸੁਕਾ ਲਓ।
ਪੈਰਾਂ ਲਈ ਲੋਸ਼ਨ
3 ਚਮਚ ਗੁਲਾਬ ਜਲ, 2 ਚਮਚ ਨਿੰਬੂ ਰਸ ਅਤੇ ਇਕ ਚਮਚ ਸ਼ੁੱਧ ਗਲਿਸਰੀਨ ਦਾ ਮਿਸ਼ਰਣ ਤਿਆਰ ਕਰਕੇ ਇਸ ਨੂੰ ਪੈਰਾਂ ‘ਤੇ ਅੱਧੇ ਘੰਟੇ ਤੱਕ ਲਗਾਉਣ ਤੋਂ ਬਾਅਦ ਪੈਰਾਂ ਨੂੰ ਤਾਜ਼ੇ-ਸਾਫ਼ ਪਾਣੀ ਨਾਲ ਧੋਣ ਤੋਂ ਬਾਅਦ ਸੁਕਾ ਲਓ।
ਖੁਸ਼ਕ ਪੈਰਾਂ ਦੀ ਦੇਖਭਾਲ
ਇਕ ਬਾਲਟੀ ਦੇ ਚੌਥਾਈ ਹਿੱਸੇ ਤੱਕ ਠੰਢਾ ਪਾਣੀ ਭਰੋ ਅਤੇ ਇਸ ਪਾਣੀ ਵਿਚ ਦੋ ਚਮਚ ਸ਼ਹਿਦ, ਇਕ ਚਮਚ ਹਰਬਲ ਸ਼ੈਂਪੂ, ਇਕ ਚਮਚ ਬਦਾਮ ਤੇਲ ਮਿਲਾ ਕੇ ਇਸ ਮਿਸ਼ਰਣ ਵਿਚ 20 ਮਿੰਟ ਤੱਕ ਪੈਰ ਭਿਉਂਵੋ ਅਤੇ ਬਾਅਦ ਵਿਚ ਪੈਰਾਂ ਨੂੰ ਤਾਜ਼ੇ ਸ਼ੁੱਧ ਪਾਣੀ ਨਾਲ ਧੋ ਕੇ ਸੁਕਾ ਲਓ।
ਠੰਢਾ ਮਾਲਿਸ਼ ਤੇਲ
100 ਮਿ: ਲੀ: ਜੈਤੂਨ ਤੇਲ, 2 ਬੂੰਦਾਂ ਨੀਲਗਿਰੀ ਤੇਲ, 2 ਚਮਚ ਰੋਜਮੇਰੀ ਤੇਲ, 3 ਚਮਚ ਖਸ ਜਾਂ ਗੁਲਾਬ ਦਾ ਤੇਲ ਮਿਲਾ ਕੇ ਇਸ ਮਿਸ਼ਰਣ ਨੂੰ ਹਵਾਬੰਦ ਗਿਲਾਸ ਜਾਰ ਵਿਚ ਪਾ ਲਓ। ਇਸ ਮਿਸ਼ਰਣ ਨੂੰ ਹਰ ਰੋਜ਼ ਪੈਰਾਂ ਦੀ ਮਸਾਜ ਲਈ ਵਰਤੋ। ਇਸ ਨਾਲ ਪੈਰਾਂ ਨੂੰ ਠੰਢਕ ਮਿਲੇਗੀ ਅਤੇ ਇਹ ਚਮੜੀ ਨੂੰ ਸੁਰੱਖਿਆ ਪ੍ਰਦਾਨ ਕਰਕੇ ਇਸ ਨੂੰ ਸਿਹਤਮੰਦ ਰੱਖੇਗਾ।