Tuesday, May 14, 2024
13.6 C
Vancouver

ਕਿੰਨਾ ਮਹੱਤਵਪੂਰਨ ਹੈ ਤੁਹਾਡਾ ਅੱਜ ਦਾ ਦਿਨ

ਅਮਰਜੀਤ ਬਰਾੜ
ਬੀਤ ਚੁੱਕੇ ਸਮੇਂ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਕਾਰਨ ਅਕਸਰ ਅਸੀਂ ਆਪਣੇ ਵਰਤਮਾਨ ਦੀਆਂ ਖੁਸ਼ੀਆਂ ਤੋਂ ਵਾਂਝੇ ਹੋ ਜਾਂਦੇ ਹਾਂ। ਪੁਰਾਣੀਆਂ ਦੁੱਖਦਾਈ ਘਟਨਾਵਾਂ ਨੂੰ ਯਾਦ ਕਰਦੇ ਰਹਿਣਾ ਆਪਣੇ-ਆਪ ਵਿਚ ਉਨ੍ਹਾਂ ਗੱਲਾਂ ਦੀ ਗੁਲਾਮੀ ਕਰਨਾ ਹੈ, ਜਿਸ ਨਾਲ ਅਸੀਂ ਆਪਣੀਆਂ ਛੋਟੀਆਂ-ਛੋਟੀਆਂ ਖੁਸ਼ੀਆਂ ਲਈ ਦਰਵਾਜ਼ੇ ਆਪ ਹੀ ਬੰਦ ਕਰ ਲੈਂਦੇ ਹਾਂ। ਬੀਤੇ ਦੇ ਪਛਤਾਵੇ ਅਤੇ ਭਵਿੱਖ ਦੀ ਚਿੰਤਾ ਕਾਰਨ ਅਸੀਂ ਵਰਤਮਾਨ ਜ਼ਿੰਦਗੀ ਵਿਚ ਜਿਊਣਾ ਹੀ ਭੁੱਲ ਗਏ ਹਾਂ। ਤੁਹਾਡੇ ਲਈ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਅੱਜ ਦਾ ਦਿਨ ਹੈ। ਅੱਜ ਦੇ ਦਿਨ ਦੀ ਮਿਹਨਤ ਭਵਿੱਖ ਦਾ ਰਸਤਾ ਪੱਧਰਾ ਕਰਦੀ ਹੈ। ਅੱਜ ਦੇ ਦਿਨ ਦੀ ਖੁਸ਼ੀ ਭਵਿੱਖ ਦੀ ਖੁਸ਼ਹਾਲੀ ਬਣਦੀ ਹੈ। ਅੱਜ ਦੇ ਦਿਨ ਦਾ ਵਰਤਾਓ ਤੁਹਾਡੇ ਭਵਿੱਖ ਦਾ ਚਰਿੱਤਰ ਬਣਦਾ ਹੈ। ਅੱਜ ਦੇ ਦਿਨ ਦੀ ਉਸਾਰੂ ਸੋਚ ਤੁਹਾਡੇ ਭਵਿੱਖ ਦੀ ਕਿਸਮਤ ਬਣਦੀ ਹੈ। ਭਵਿੱਖ ਵਿਚ ਕਿਸੇ ਵੱਡੇ ਟੀਚੇ ਦੀ ਪ੍ਰਾਪਤੀ ਹੀ ਸਿਰਫ ਤੁਹਾਡੀ ਖੁਸ਼ੀ ਨਹੀਂ ਹੈ, ਬਲਕਿ ਖੁਸ਼ੀ ਤਾਂ ਹਮੇਸ਼ਾ ਹੀ ਛੋਟੇ-ਛੋਟੇ ਵਰਤਮਾਨ ਦੇ ਅਮਲਾਂ ਵਿਚੋਂ ਹੀ ਪੈਦਾ ਹੁੰਦੀ ਹੈ। ਜੇਕਰ ਤੁਹਾਡੇ ਅੰਦਰ ਕਿਸੇ ਦੇ ਕੰਮ ਆਉਣ ਦਾ ਚਾਅ ਨਹੀਂ ਹੈ ਤਾਂ ਸਮਝੋ ਤੁਸੀਂ ਕੁਦਰਤ ਦੇ ਉਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋ, ਜਿਸ ਨਾਲ ਤੁਸੀਂ ਆਪਣੀ ਜ਼ਿੰਦਗੀ ਵਿਚ ਅਸਲ ਖੁਸ਼ੀ ਦੇ ਮੌਕੇ ਗੁਆ ਰਹੇ ਹੋ।
ਤੁਹਾਡੀ ਤਸੱਲੀ ਦਾ ਕੱਦ ਕਦੇ ਛੋਟਾ ਨਹੀਂ ਹੋਣਾ ਚਾਹੀਦਾ। ਲੰਘ ਚੁੱਕਾ ਸਮਾਂ ਕਦੇ ਵਾਪਸ ਨਹੀਂ ਆਉਂਦਾ ਅਤੇ ਭਵਿੱਖ ਦੀ ਉਸਾਰੀ ਵਰਤਮਾਨ ਨੇ ਕਰਨੀ ਹੁੰਦੀ ਹੈ। ਤੁਸੀਂ ਅੱਜ ਦੇ ਦਿਨ ਨੂੰ ਮਾਣਨਯੋਗ ਬਣਾਓ, ਕਿਉਂਕਿ ਸਿਰਫ ਵਰਤਮਾਨ ਹੀ ਹੈ, ਜਿਸ ਨੂੰ ਤੁਸੀਂ ਚੰਗੀ ਤਰ੍ਹਾਂ ਵਰਤ ਸਕਦੇ ਹੋ। ਇਕ ਚੰਗੀ ਸ਼ੁਰੂਆਤ ਤੁਹਾਨੂੰ ਕੱਲ੍ਹ ਦੀ ਚਿੰਤਾ ਤੋਂ ਮੁਕਤ ਕਰਦੀ ਹੈ। ਜਿਸ ਤੀਰ ਨੇ ਸਹੀ ਨਿਸ਼ਾਨੇ ‘ਤੇ ਵੱਜਣਾ ਹੈ, ਉਸ ਤੀਰ ਦਾ ਕਮਾਨ ਵਿਚੋਂ ਸਹੀ ਤਰੀਕੇ ਨਾਲ ਨਿਕਲਣਾ ਲਾਜ਼ਮੀ ਹੈ। ਜੇਕਰ ਤੁਸੀਂ ਸਮੇਂ ਦੀ ਪ੍ਰਵਾਹ ਨਹੀਂ ਕਰੋਗੇ ਤਾਂ ਸਮਾਂ ਵੀ ਤੁਹਾਡੀ ਪ੍ਰਵਾਹ ਨਹੀਂ ਕਰੇਗਾ। ਕੁਝ ਨਵਾਂ ਸਿੱਖਣਾ ਹੈ ਤਾਂ ਉਸ ਦੀ ਸ਼ੁਰੂਆਤ ਅੱਜ ਤੋਂ ਕਰੋ। ਕੱਲ੍ਹ ਬੀਤ ਚੁੱਕਾ ਹੈ ਅਤੇ ਭਵਿੱਖ ਅਜੇ ਆਉਣਾ ਹੈ ਪਰ ਅੱਜ ਹਕੀਕਤ ਹੈ। ਅਸੀਂ ਜੋ ਕੁਝ ਸੋਚਦੇ ਹਾਂ, ਉਹ ਸਾਡਾ ਨਜ਼ਰੀਆ ਹੈ ਅਤੇ ਅਸੀਂ ਜੋ ਕੁਝ ਕਰਦੇ ਹਾਂ, ਉਹ ਸਾਡਾ ਚਰਿੱਤਰ ਹੈ। ਬਹੁਤੇ ਸੁਪਨੇ ਲੈਣ ਦੀ ਬਜਾਇ ਅਸਲ ਜ਼ਿੰਦਗੀ ਵਿਚ ਰਹਿਣਾ ਸਿੱਖੋ। ਇਕ ਉਸਾਰੂ ਸੋਚ ਉਹ ਹੈ ਜਿਸ ਦਾ ਅਮਲ ਅੱਜ ਤੋਂ ਹੀ ਆਰੰਭ ਹੁੰਦਾ ਹੈ। ਸੁਆਰਥੀ ਵਿਅਕਤੀ ਦਾ ਆਪਣੇ ਸੁਆਰਥ ਤੋਂ ਬਿਨਾਂ ਕੋਈ ਟੀਚਾ ਨਹੀਂ ਹੁੰਦਾ। ਜਲਦੀ ਕਰਕੇ ਨਾ ਪਹੁੰਚਣ ਨਾਲੋਂ ਦੇਰ ਨਾਲ ਪਹੁੰਚਣਾ ਜ਼ਿਆਦਾ ਚੰਗਾ ਹੈ। ਥਕਾਵਟ ਵਿਚ ਆਰਾਮ ਕਰਨਾ ਸਮਾਂ ਗੁਆਉਣਾ ਨਹੀਂ ਹੁੰਦਾ। ਕੁਦਰਤ ਆਪਣੇ ਨਿਯਮਾਂ ਅਨੁਸਾਰ ਚਲਦੀ ਹੈ, ਇਸ ਲਈ ਤੁਹਾਡੀ ਜ਼ਿੰਦਗੀ ਦੇ ਵੀ ਕੁਝ ਨਿਯਮ ਤੇ ਅਸੂਲ ਹੋਣੇ ਚਾਹੀਦੇ ਹਨ। ਤੁਹਾਡੀ ਜ਼ਿੰਦਗੀ ਲਈ ਤੁਹਾਡਾ ਅੱਜ ਦਾ ਦਿਨ ਤੁਹਾਡੀ ਸਭ ਤੋਂ ਵੱਡੀ ਦੌਲਤ ਹੈ। ਇਹ ਦੌਲਤ ਅਜਿਹੀ ਹੈ, ਜਿਹੜੀ ਸਿਰਫ ਅੱਜ ਹੀ ਤੁਹਾਡੀ ਜੇਬ ਵਿਚ ਹੈ। ਨਿੱਜੀ ਸੁਆਰਥ ਅਤੇ ਲਾਲਚ ਵਿਚੋਂ ਹੀ ਚਿੰਤਾ ਦਾ ਜਨਮ ਹੁੰਦਾ ਹੈ।
ਜਦੋਂ ਅਸੀਂ ਕਿਸੇ ਕੰਮ ਨੂੰ ਟਾਲਦੇ ਹਾਂ ਤਾਂ ਉਹੀ ਕੰਮ ਸਾਡੀ ਚਿੰਤਾ ਦਾ ਕਾਰਨ ਬਣਦਾ ਹੈ। ਕਿਸੇ ਵੀ ਕੰਮ ਵਿਚ ਕੀਤੀ ਦੇਰੀ ਹੀ ਸਾਡੇ ਲਈ ਮੁਸ਼ਕਿਲ ਬਣਦੀ ਹੈ। ਰੁੱਸੇ ਹੋਏ ਨੂੰ ਮਨਾਉਣ ਲਈ ਦੇਰੀ ਨਾ ਕਰੋ। ਜੋ ਮੁਆਫ਼ੀ ਦੇ ਯੋਗ ਹੋਵੇ, ਉਸ ਨੂੰ ਮੁਆਫ਼ ਕਰਨ ਲਈ ਸਮਾਂ ਨਾ ਲਗਾਓ। ਸਮਾਂ ਲੰਘੇ ‘ਤੇ ਕੀਤੀ ਗਈ ਪ੍ਰਸੰਸਾ ਚਾਪਲੂਸੀ ਨਜ਼ਰ ਆਉਂਦੀ ਹੈ। ਇਕ ਬਹਾਨੇਬਾਜ਼ ਵਿਅਕਤੀ ਲਈ ਮੌਸਮ ਅਤੇ ਮੂਡ ਹਮੇਸ਼ਾ ਖਰਾਬ ਰਹਿੰਦਾ ਹੈ। ਬਹੁਤ ਜ਼ਿਆਦਾ ਸੋਚਣ ਦੀ ਬਜਾਇ ਥੋੜ੍ਹਾ ਸੋਚੋ ਪਰ ਚੰਗਾ ਸੋਚੋ। ਆਲਸ ਆਸਰਾ ਭਾਲਦੀ ਹੈ ਜਦਕਿ ਮਿਹਨਤ ਦੂਜਿਆਂ ਦਾ ਵੀ ਸਹਾਰਾ ਬਣਦੀ ਹੈ। ਤੁਹਾਡਾ ਅੱਜ ਦਾ ਦਿਨ ਹੀ ਤੁਹਾਡੀ ਜ਼ਿੰਦਗੀ ਦਾ ਸੁਨਹਿਰੀ ਮੌਕਾ ਹੈ। ਤੁਸੀਂ ਕੱਲ੍ਹ ਕੀ ਬਣਨਾ ਹੈ, ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਤੁਸੀਂ ਅੱਜ ਕੀ ਕਰ ਰਹੇ ਹੋ? ਕੰਮ ਕਰਨ ਨਾਲ ਹੀ ਹੁੰਦੇ ਹਨ, ਸੋਚਣ ਨਾਲ ਤਾਂ ਸਿਰਫ ਕੰਮ ਦੀ ਵਿਉਂਤ ਹੁੰਦੀ ਹੈ। ਝੂਠੀ ਤਸੱਲੀ ਕਦੇ ਵੀ ਤੁਹਾਡੀ ਖੁਸ਼ੀ ਨਹੀਂ ਬਣਦੀ। ਅਸੀਂ ਆਪਣੇ-ਆਪ ਕੋਲੋਂ ਹੀ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ। ਹਰ ਕੰਮ ਸਮੇਂ ਅਨੁਸਾਰ ਕੀਤਾ ਜਾਵੇ ਤਾਂ ਫੁਰਸਤ ਦੇ ਪਲ ਵੀ ਮਾਣੇ ਜਾ ਸਕਦੇ ਹਨ। ਕਿਸੇ ਹੋਰ ਸਵਰਗ ਦੀ ਆਸ ਵਿਚ ਤੁਸੀਂ ਆਪਣੀ ਅੱਜ ਦੀ ਜ਼ਿੰਦਗੀ ਨੂੰ ਨਰਕ ਨਾ ਬਣਾਓ। ਆਪਣੀ ਕਿਸਮਤ ਖੁਦ ਸਿਰਜੋ। ਬਹੁਤ ਮਹੱਤਵਪੂਰਨ ਹੈ ਤੁਹਾਡੇ ਲਈ ਤੁਹਾਡਾ ਅੱਜ ਦਾ ਦਿਨ। ਕਿਣਕਾ-ਕਿਣਕਾ ਜੋੜਦਿਆਂ ਹੀ ਖੁਸ਼ੀ ਖੁਸ਼ਹਾਲੀ ਬਣਦੀ ਹੈ।

-ਪਿੰਡ ਗੋਲੇਵਾਲਾ (ਫਰੀਦਕੋਟ)।
ਮੋਬਾ: 94179-49079