Tuesday, May 14, 2024
16.1 C
Vancouver

… ਤਾਂ ਜੋ ਬੱਚੇ ਬਣਨ ਆਤਮਵਿਸ਼ਵਾਸੀ

ਨਰਿੰਦਰ ਪਾਲ ਕੌਰ

ਮਾਪਿਆਂ ਦੀ ਪਰਵਰਿਸ਼ ਬੱਚਿਆਂ ਦੀ ਸ਼ਖ਼ਸੀਅਤ ਵਿਚੋਂ ਸਾਫ਼ ਝਲਕਦੀ ਹੈ। ਵੈਸੇ ਤਾਂ ਹਰ ਇਕ ਮਾਂ-ਪਿਓ ਆਪਣੇ ਬੱਚੇ ਨੂੰ ਚੰਗੇ ਸੰਸਕਾਰ ਹੀ ਦੇਣਾ ਚਾਹੁੰਦਾ ਹੈ ਅਤੇ ਦੇਣ ਦੀ ਪੂਰੀ ਕੋਸ਼ਿਸ਼ ਵੀ ਕਰਦਾ ਹੈ, ਫਿਰ ਵੀ ਕਈ ਵਾਰ ਬੱਚੇ ਸਾਡੀ ਉਮੀਦ ‘ਤੇ ਜਾਂ ਕਹਿ ਲਓ ਸਮਾਜਿਕ ਉਮੀਦ ‘ਤੇ ਖਰੇ ਨਹੀਂ ਉਤਰਦੇ। ਬੱਚਿਆਂ ਲਈ ਕੁਝ ਮਾਪੇ ਬਹੁਤ ਜ਼ਿਆਦਾ ਸਖਤ ਅਤੇ ਕੁਝ ਬਹੁਤ ਜ਼ਿਆਦਾ ਨਰਮ ਰੁਖ਼ ਰੱਖਦੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਅਸੀਂ ਵਿਚ ਦਾ ਰਸਤਾ ਅਪਣਾਈਏ।

  • ਜਦੋਂ ਬੱਚੇ ਵੱਡੇ ਹੋਣ ਲਗਦੇ ਹਨ ਤਾਂ ਛੋਟੇ-ਛੋਟੇ ਫੈਸਲਿਆਂ ਵਿਚ ਉਨ੍ਹਾਂ ਦੀ ਮਦਦ ਜ਼ਰੂਰ ਕਰੀਏ ਪਰ ਧੱਕਾ ਨਹੀਂ। ਉਨ੍ਹਾਂ ਦੀ ਸਮਰੱਥਾ, ਪਸੰਦ-ਨਾਪਸੰਦ ਮੁਤਾਬਿਕ ਹੀ ਉਮੀਦ ਰੱਖੀਏ। ਸਹੀ ਅਤੇ ਗ਼ਲਤ ਬਾਰੇ ਉਸ ਨੂੰ ਵੀ ਸੋਚਣ ਦਾ ਮੌਕਾ ਦੇਈਏ।
  • ਬੱਚਿਆਂ ‘ਤੇ ਏਨਾ ਜ਼ਿਆਦਾ ਡਰ ਹਾਵੀ ਨਾ ਕਰੀਏ ਕਿ ਉਹ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਵੀ ਨਾ ਕਰ ਸਕਣ। ਏਨਾ ਕੁ ਡਰ ਹੀ ਹੋਣਾ ਚਾਹੀਦਾ ਹੈ ਕਿ ਉਹ ਤੁਹਾਡਾ ਸਤਿਕਾਰ ਵੀ ਕਰਨ ਅਤੇ ਆਪਣੇ ਮਨ ਦੀ ਗੱਲ ਖੁੱਲ੍ਹ ਕੇ ਵੀ ਰੱਖ ਸਕਣ। ਨਿਗਰਾਨੀ ਭਰਪੂਰ ਖੁੱਲ੍ਹਾ ਮਾਹੌਲ ਦੇਣ ਨਾਲ ਹੀ ਬੱਚੇ ਆਤਮਵਿਸ਼ਵਾਸੀ ਤੇ ਆਤਮਨਿਰਭਰ ਬਣਦੇ ਹਨ।
  • ਮਾਪੇ ਹਰ ਵਕਤ ਬੱਚੇ ਦੇ ਨਾਲ ਨਹੀਂ ਰਹਿ ਸਕਦੇ। ਜ਼ਿੰਦਗੀ ‘ਚ ਆਉਣ ਵਾਲੀਆਂ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਅਤੇ ਉਲਟ ਹਾਲਾਤ ਦੇ ਮੌਕੇ ਉਸ ਨੂੰ ਖੁਦ ਲੜਨਾ ਸਿਖਾਉਂਦੇ ਹਨ ਅਤੇ ਹਰ ਸਮੇਂ ਉਸ ‘ਤੇ ਆਪਣੀ ਮਰਜ਼ੀ ਨਾ ਥੋਪੀਏ। ਕਦੇ-ਕਦੇ ਗ਼ਲਤੀ ਵੀ ਫਾਇਦੇਮੰਦ ਹੁੰਦੀ ਹੈ। ਆਪਣੀ ਗ਼ਲਤੀ ਦੇ ਅਹਿਸਾਸ ਤੋਂ ਬਾਅਦ ਬੱਚੇ ਅਕਸਰ ਜ਼ਿਆਦਾ ਸਮਝਦਾਰ ਤੇ ਆਤਮਵਿਸ਼ਵਾਸੀ ਹੋ ਜਾਂਦੇ ਹਨ।
  • ਆਪਣੇ ਬੱਚੇ ਦੀ ਤੁਲਨਾ ਕਦੇ ਵੀ ਦੂਜੇ ਬੱਚਿਆਂ ਨਾਲ ਨਾ ਕਰੋ। ਪਰਮਾਤਮਾ ਨੇ ਹਰ ਬੱਚੇ ਨੂੰ ਵੱਖਰੇ ਅਤੇ ਵਿਲੱਖਣ ਗੁਣ ਦੇ ਕੇ ਇਸ ਧਰਤੀ ‘ਤੇ ਭੇਜਿਆ ਹੈ। ਤੁਲਨਾ ਕਰਨ ਨਾਲ ਬੱਚਿਆਂ ਦਾ ਆਤਮਵਿਸ਼ਵਾਸ ਘਟ ਜਾਂਦਾ ਹੈ। ਚੰਗੇ ਕੰਮ ਕਰਨ ਵਾਲੇ ਬੱਚਿਆਂ ਦੀ ਤਾਰੀਫ ਤੁਸੀਂ ਜ਼ਰੂਰ ਆਪਣੇ ਬੱਚੇ ਸਾਹਮਣੇ ਕਰੋ ਪਰ ਤੁਲਨਾ ਭੁੱਲ ਕੇ ਵੀ ਨਹੀਂ।
  • ਬੱਚੇ ਸਾਨੂੰ ਪਿਆਰ ਕਰਨ ਅਤੇ ਸਤਿਕਾਰ ਦੇਣ, ਇਸ ਲਈ ਸਾਨੂੰ ਵੀ ਉਨ੍ਹਾਂ ਨੂੰ ਪਿਆਰ, ਸਤਿਕਾਰ ਦੇਣਾ ਚਾਹੀਦਾ ਹੈ। ਬੱਚਿਆਂ ਦੀ ਹਰ ਜ਼ਰੂਰਤ ਨੂੰ ਪੈਸਾ ਪੂਰਾ ਨਹੀਂ ਕਰ ਸਕਦਾ, ਕੁਝ ਜ਼ਰੂਰਤਾਂ ਪੂਰੀਆਂ ਕਰਨ ਲਈ ਤੁਹਾਨੂੰ ਆਪਣਾ ਕੀਮਤੀ ਸਮਾਂ ਉਨ੍ਹਾਂ ਨੂੰ ਦੇਣਾ ਪਵੇਗਾ, ਅਜੋਕੇ ਸਮੇਂ ਵਿਚ ਮਾਪਿਆਂ ਕੋਲ ਜਿਸ ਦੀ ਬਹੁਤ ਕਮੀ ਹੈ। ਮਾਪਿਆਂ ਦਾ ਬਦਲ ਨੌਕਰ ਜਾਂ ਕੋਈ ਹੋਰ ਨਹੀਂ ਹੋ ਸਕਦਾ।
    ਬੱਚੇ ਨੂੰ ਇਕ ਚੰਗਾ ਇਨਸਾਨ ਬਣਾਉਣ ਦੀ ਪ੍ਰਕਿਰਿਆ ਵਿਚ ਮਾਪਿਆਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਸੋ, ਆਪਣੇ ਬੱਚਿਆਂ ਨੂੰ ਪਿਆਰ ਨਾਲ, ਸਤਿਕਾਰ ਨਾਲ ਅਤੇ ਆਪਣੇ ਕੀਮਤੀ ਸਮੇਂ ਨਾਲ ਇਕ ਚੰਗਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰੀਏ।