ਸਰੀ, (ਏਕਜੋਤ ਸਿੰਘ): ਵੈਨਕੂਵਰ -ਅਧਾਰਿਤ ਪ੍ਰਸਿੱਧ ਫੈਸ਼ਨ ਬ੍ਰਾਂਡ ਅਰਿਤਜ਼ੀਆ (Aritzia) ਆਪਣੇ ਗ੍ਰਹਿ-ਸ਼ਹਿਰ ਵਿੱਚ ਵੱਡੀ ਤੌਰ ‘ਤੇ ਪ੍ਰਵਾਨ ਚੜ੍ਹਨ ਲਈ ਤਿਆਰ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਉਹ ਸ਼ਹਿਰ ਦੇ ਸਭ ਤੋਂ ਮਹੱਤਵਪੂਰਨ ਰਿਟੇਲ ਹੱਬ-ਪੈਸਿਫਿਕ ਸੈਂਟਰਔਵਿੱਚ ਇੱਕ ਨਵਾਂ ਫਲੈਗਸ਼ਿਪ ਬੂਟੀਕ ਸਟੋਰ ਖੋਲ੍ਹਣ ਜਾ ਰਹੀ ਹੈ। ਇਹ ਸਟੋਰ ਡਾਊਨਟਾਊਨ ਵੈਨਕੂਵਰ ਦੇ ਰੌਬਸਨ ਅਤੇ ਹਾਵ ਸਟਰੀਟ ਦੇ ਕੌਨੇ ‘ਤੇ, ਉਸੀ ਸਥਾਨ ‘ਤੇ ਬਣੇਗਾ ਜਿੱਥੇ ਪਹਿਲਾਂ ਨਾਰਡਸਟਰਮ (Nordstrom) ਨੇ ਆਪਣਾ ਵੱਡਾ ਸਟੋਰ ਚਲਾਇਆ ਸੀ।
ਨਾਰਡਸਟਰਮ ਨੇ ਦੋ ਸਾਲ ਪਹਿਲਾਂ ਵੈਂਕੂਵਰ ਅਤੇ ਕੈਨੇਡਾ ਦੀ ਮਾਰਕੀਟ ਤੋਂ ਮੁਕੰਮਲ ਤੌਰ ‘ਤੇ ਨਿਕਾਸੀ ਕਰ ਲਈ ਸੀ। ਉਸ ਤੋਂ ਬਾਅਦ ਇਹ ਚਾਰ-ਮੰਜਲਿਾ ਇਮਾਰਤ ਖਾਲੀ ਪਈ ਸੀ, ਜਿਸਨੂੰ ਹੁਣ ਅਰਿਤਜ਼ੀਆ ਇੱਕ ਨਵੇਂ ਰੂਪ ਵਿੱਚ ਬਦਲਣ ਜਾ ਰਿਹਾ ਹੈ।
ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਨਵਾਂ ਫਲੈਗਸਪਿ ਸਟੋਰ ਚਾਰ ਪੂਰੇ ਫਲੋਰਾਂ ‘ਤੇ ਫੈਲਿਆ ਹੋਇਆ ਹੋਵੇਗਾ ਅਤੇ ਇਹ ਅਰਿਤਜ਼ੀਆ ਵੱਲੋਂ ਖੋਲ੍ਹਿਆ ਜਾ ਰਿਹਾ ਸਭ ਤੋਂ ਵੱਡਾ ਸਟੋਰ ਹੋਵੇਗਾ। ਸਿਰਫ਼ ਫੈਸ਼ਨ ਅਤੇ ਲਾਈਫਸਟਾਈਲ ਉਤਪਾਦ ਨਹੀਂ, ਸਟੋਰ ਵਿੱਚ ਇੱਕ ”ਕੈਜ਼ੁਅਲ ਪਰ ਐਲੀਵੇਟਡ” ਡਾਇਨਿੰਗ ਕੌਂਸੈਪਟ ਵੀ ਸ਼ਾਮਲ ਕਰਨ ਦੀ ਯੋਜਨਾ ਹੈ-ਜਿਸ ਨਾਲ ਖਰੀਦਦਾਰੀ ਦੇ ਨਾਲ-ਨਾਲ ਇੱਕ ਉੱਚ-ਪੱਧਰੀ ਭੋਜਨ ਅਨੁਭਵ ਵੀ ਮਿਲੇਗਾ। ਇਸ ਨਵੀਂ ਜਗ੍ਹਾ ਨਾਲ ਅਰਿਤਜ਼ੀਆ ਸਿਰਫ਼ ਆਪਣੀ ਬ੍ਰਾਂਡ ਮੌਜੂਦਗੀ ਨੂੰ ਮਜ਼ਬੂਤ ਨਹੀਂ ਕਰੇਗੀ, ਬਲਕਿ ਡਾਊਨਟਾਊਨ ਵੈਂਕੂਵਰ ਦੇ ਰਿਟੇਲ ਖੇਤਰ ਨੂੰ ਵੀ ਇੱਕ ਵੱਡਾ ਉਤਸ਼ਾਹ ਮਿਲੇਗਾ। ਨਾਰਡਸਟਰਮ ਦੇ ਨਿਕਾਸੀ ਤੋਂ ਬਾਅਦ ਖਾਲੀ ਪਈ ਇਹ ਇਮਾਰਤ ਕਾਰੋਬਾਰੀ ਹਲਕਿਆਂ ਵਿੱਚ ਚਿੰਤਾ ਦਾ ਕਾਰਣ ਬਣੀ ਹੋਈ ਸੀ। ਹੁਣ ਅਰਿਤਜ਼ੀਆ ਦੇ ਆਉਣ ਨਾਲ ਨਾ ਸਿਰਫ਼ ਇਹ ਸਥਾਨ ਮੁੜ ਜਿੰਦਾ ਹੋਵੇਗਾ, ਬਲਕਿ ਸ਼ਹਿਰ ਦੀਆਂ ਮੁੱਖ ਖਰੀਦਦਾਰੀ ਗਲੀਆਂ ਵਿੱਚ ਨਵੀਂ ਰੌਣਕ ਆਵੇਗੀ।
ਇਹ ਸਟੋਰ ਵੈਨਕੂਵਰ ਦੇ ਸਭ ਤੋਂ ਵਿਅਸਤ ਸ਼ਾਪਿੰਗ ਕੋਰੀਡੋਰ-ਰੌਬਸਨ ਸਟਰੀਟ ‘ਤੇ ਹੋਣ ਕਾਰਨ, ਸਥਾਨਕ ਨਿਵਾਸੀਆਂ, ਸੈਲਾਨੀਆਂ ਅਤੇ ਵਿਸ਼ੇਸ਼ ਤੌਰ ‘ਤੇ ਫੈਸ਼ਨ-ਪ੍ਰੇਮੀਆਂ ਲਈ ਵੱਡਾ ਆਕਰਸ਼ਣ ਬਣੇਗਾ।
ਕੰਪਨੀ ਦੇ ਮੁਤਾਬਕ, ਨਵਾਂ ਸਟੋਰ 2027 ਵਿੱਚ ਖੋਲ੍ਹਣ ਦੀ ਯੋਜਨਾ ਹੈ, ਹਾਲਾਂਕਿ ਇਹ ਤਾਰੀਖ਼ ਤਬਦੀਲ ਹੋ ਸਕਦੀ ਹੈ ਕਿਉਂਕਿ ਨਵੀਨੀਕਰਨ, ਅੰਦਰੂਨੀ ਡਿਜ਼ਾਈਨ ਅਤੇ ਡਾਇਨਿੰਗ ਸਪੇਸ ਤਿਆਰ ਕਰਨ ਵਿੱਚ ਕਾਫ਼ੀ ਸਮਾਂ ਲੱਗ ਸਕਦਾ ਹੈ। This report was written by Ekjot Singh as part of the Local Journalism Initiative.
ਪੈਸਿਫਿਕ ਸੈਂਟਰ ਵਿੱਚ 4-ਮੰਜ਼ਿਲਾ ਅਰਿਤਜ਼ੀਆ ਸਟੋਰ, 2027 ਵਿੱਚ ਖੁੱਲੇਗਾ

