ਵਿਪਿਨ ਕੁਮਾਰ
ਆਪਣੀ ਸਿਹਤ ਨੂੰ ਲੰਮੇ ਸਮੇਂ ਤੱਕ ਕਾਇਮ ਰੱਖਣ ਅਤੇ ਕਿਸੇ ਕਾਰਨ ਸਿਹਤ ਨੂੰ ਹੋਏ ਨੁਕਸਾਨ ਦੀ ਪੂਰਤੀ ਕਰਨ ਲਈ ਕੀਤੀਆਂ ਜਾਣ ਵਾਲੀਆਂ ਅਨੇਕਾਂ ਕਸਰਤਾਂ ਵਿਚੋਂ ਟਹਿਲਣਾ ਸਭ ਤੋਂ ਵੱਧ ਮਹੱਤਵਪੂਰਨ ਹੈ। ਇਹ ਸਰੀਰਕ ਪੱਖੋਂ ਓਨਾ ਹੀ ਲਾਭਦਾਇਕ ਹੈ, ਜਿੰਨਾ ਮਾਨਸਿਕ ਪੱਖੋਂ।
* ਬ੍ਰਹਾ-ਮਹੂਰਤ ਨੂੰ ਟਹਿਲਣ ਦਾ ਸਭ ਤੋਂ ਵਧੀਆ ਸਮਾਂ ਦੱਸਿਆ ਗਿਆ ਹੈ। ਕਾਰਨ ਕਿ ਵਿਦਵਾਨਾਂ ਅਨੁਸਾਰ ਇਸ ਸਮੇਂ ਪ੍ਰਾਣਵਾਯੂ ਦੀ ਵਾਤਾਵਰਨ ਵਿਚ ਬਹੁਤਾਤ ਹੁੰਦੀ ਹੈ। ਸਵੇਰੇ ਹਵਾ ਦੀ ਸ਼ੁੱਧਤਾ, ਸ਼ੀਤਲਤਾ ਅਤੇ ਤਾਜ਼ਗੀ ਦਾ ਪਾਨ ਕਰਕੇ ਵਿਅਕਤੀ ਪੂਰਾ ਤਰੋਤਾਜ਼ਾ ਹੋ ਜਾਂਦਾ ਹੈ।
* ਪੈਦਲ ਚੱਲਣਾ ਸਿਰਫ ਟਹਿਲਣਾ ਨਹੀਂ ਹੈ। ਟਹਿਲਣ ਦੇ ਨਾਲ-ਨਾਲ ਜਦੋਂ ਆਰੋਗਵਰਧਕ ਮਾਨਤਾ ਜੁੜੀ ਹੁੰਦੀ ਹੈ ਤਾਂ ਇਸ ਦਾ ਸਰਬੋਤਮ ਲਾਭ ਮਿਲਦਾ ਹੈ। ਕੋਸ਼ਿਸ਼ ਅਤੇ ਭਾਵਨਾ ਦਾ ਮਿਸ਼ਰਣ ਹੀ ਟਹਿਲਣ ਵਾਲੇ ਨੂੰ ਸ਼ਕਤੀ ਦਿੰਦਾ ਹੈ। ਮਨ ਵਿਚ ਆਰੋਗ ਵਾਤਾਵਰਨ ਦੀ ਕਾਮਨਾ ਭਰ ਕੇ ਸਵੇਰ ਵੇਲੇ ਟਹਿਲਣ ਨਾਲ ਸ਼ਕਤੀਹੀਣ ਅਤੇ ਰੋਗੀ ਵਿਅਕਤੀ ਆਪਣੀ ਤੰਦਰੁਸਤੀ ਨੂੰ ਮੁੜ ਲਿਆ ਸਕਦਾ ਹੈ। ਟਹਿਲਣ ਵਿਚ ਇਕ ਨਿਯਮਤ ਯਤਨ, ਸਰਲਤਾ, ਕ੍ਰਮਬੱਧਤਾ ਤੇਜ਼ੀ, ਉਤਸ਼ਾਹ ਅਤੇ ਸਾਵਧਾਨੀ ਜ਼ਰੂਰੀ ਹੈ।
* ਟਹਿਲਦੇ ਸਮੇਂ ਸਰੀਰ ਸਿੱਧਾ ਰੱਖਣਾ ਚਾਹੀਦਾ ਹੈ। ਮੋਢੇ ਦੱਬੇ ਹੋਏ, ਸੀਨਾ ਉੱਭਰਿਆ ਹੋਇਆ, ਸਿਰ ਥੋੜ੍ਹਾ ਪਿੱਛੇ ਨੂੰ, ਨਿਗ੍ਹਾ ਇਕਦਮ ਸਾਹਮਣੇ ਰਹੇ। ਸਰੀਰ ਦੇ ਅੰਦਰ ਚੁਸਤੀ ਹੋਵੇ ਪਰ ਮਾਸਪੇਸ਼ੀਆਂ ਦੀ ਸਹਿਜਤਾ ਬਣੀ ਰਹਿਣੀ ਚਾਹੀਦੀ ਹੈ।
* ਮੂੰਹ ਬੰਦ ਕਰਕੇ ਡੂੰਘੇ ਸਾਹ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਡੂੰਘੇ ਸਾਹ ਲੈਣ ਨਾਲ ਸੰਪੂਰਨ ਫੇਫੜੇ ਕਿਰਿਆਸ਼ੀਲ ਹੋ ਜਾਂਦੇ ਹਨ। ਡੂੰਘੇ ਸਾਹ ਨਾਲ ਹਰ ਪਲ ਲਾਭਦਾਇਕ ਹੈ ਪਰ ਟਹਿਲਦੇ ਸਮੇਂ ਇਸ ਦਾ ਖਿਆਲ ਵਿਸ਼ੇਸ਼ ਰੂਪ ਨਾਲ ਰੱਖਿਆ ਜਾਣਾ ਚਾਹੀਦਾ ਹੈ।
* ਟਹਿਲਦੇ ਵਕਤ ਸਰੀਰ ‘ਤੇ ਕੱਪੜੇ ਘੱਟ ਅਤੇ ਹਲਕੇ ਰਹਿਣ। ਇਸ ਨਾਲ ਰੋਮਾਂ ਅਤੇ ਪੂਰੀ ਚਮੜੀ ਨੂੰ ਵੀ ਉੱਤਮ ਹਵਾ ਦਾ ਫੁਰਤੀਦਾਇਕ ਸਪਰਸ਼ ਪ੍ਰਾਪਤ ਹੁੰਦਾ ਹੈ।
* ਟਹਿਲਣ ਦੇ ਨਾਲ-ਨਾਲ ਉਸ ਦੀ ਲੰਬਾਈ, ਸਮਾਂ ਅਤੇ ਗਤੀ ਵੀ ਨਿਰਧਾਰਤ ਹੈ। ਤੰਦਰੁਸਤ ਵਿਅਕਤੀ ਪ੍ਰਤੀ ਘੰਟਾ 3 ਤੋਂ 4 ਮੀਲ ਦੇ ਵਿਚ ਚੱਲਣ। ਬਿਮਾਰ, ਕਮਜ਼ੋਰ, ਬਜ਼ੁਰਗ, ਬਾਲਕ ਜਾਂ ਮੋਟੇ ਆਦਮੀ ਅਤੇ ਔਰਤਾਂ ਆਪਣੀ ਸਰੀਰਕ ਸਮਰੱਥਾ ਦਾ ਧਿਆਨ ਰੱਖ ਕੇ ਚਾਲ ਨਿਰਧਾਰਤ ਕਰਨ।
* ਟਹਿਲਣ ਦੀ ਲੋੜ ਪੈਦਲ ਚੱਲਣ ਨਾਲ ਵੀ ਪੂਰੀ ਹੋ ਸਕਦੀ ਹੈ। ਬਹੁਤ ਜ਼ਿਆਦਾ ਰੁੱਝੇ ਰਹਿਣ ਵਾਲੇ ਵਿਅਕਤੀ ਪੈਦਲ ਚਲਦੇ ਸਮੇਂ ਹੀ ਟਹਿਲਣ ਵਰਗੀ ਮਨੋਭੂਮੀ ਬਣਾ ਕੇ ਟਹਿਲਣ ਦਾ ਲਾਭ ਲੈ ਸਕਦੇ ਹਨ।
ਉਪਰੋਕਤ ਨਿਰਦੇਸ਼ਾਂ ਦਾ ਪਾਲਣ ਕਰਕੇ ਕੋਈ ਵੀ ਵਿਅਕਤੀ ਟਹਿਲਣ ਦੇ ਲਾਭ ਪ੍ਰਾਪਤ ਕਰ ਸਕਦਾ ਹੈ।