14.9 C
Vancouver
Saturday, May 30, 2026

ਬੀਸੀ ਦੇ ਬਜ਼ੁਰਗਾਂ ਵਿੱਚ ਵੱਧ ਰਹੀ ਦਾਰੂ ਪੀਣ ਦੀ ਆਦਤ, ਸਿਹਤ ਵਿਭਾਗ ਨੇ ਜਤਾਈ ਚਿੰਤਾ

ਸਰੀ, (ਏਕਜੋਤ ਸਿੰਘ): ਬੀਸੀ ਦੇ ਬਜ਼ੁਰਗ ਪੁਰਸ਼ਾਂ ਵਿੱਚ ਸਭ ਤੋਂ ਵੱਧ ਪੀਣ ਦੀ ਆਦਤ ਸਾਹਮਣੇ ਆਈ ਹੈ ਅਤੇ ਇਸ ਨੂੰ ਲੈ ਕੇ ਸਿਹਤ ਵਿਭਾਗ ਨੇ ਡੂੰਘੀ ਚਿੰਤਾ ਜਤਾਈ ਹੈ। ਪ੍ਰੋਵਿੰਸ਼ੀਅਲ ਹੈਲਥ ਅਫਸਰ ਦੇ ਦਫਤਰ ਵੱਲੋਂ ਜਾਰੀ ਕੀਤੀ ਗਈ ਇੱਕ ਤਾਜ਼ਾ ਰਿਪੋਰਟ ਵਿੱਚ ਇਹ ਅਹਿਮ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਸੂਬੇ ਵਿੱਚ ਸਭ ਤੋਂ ਵੱਧ ਅਲਕੋਹਲ ਦੀ ਖਪਤ ਬਜ਼ੁਰਗ ਪੁਰਸ਼ਾਂ ਦੁਆਰਾ ਕੀਤੀ ਜਾਂਦੀ ਹੈ ਜੋ ਹਫਤੇ ਵਿੱਚ ਔਸਤਨ 15 ਡਰਿੰਕਸ ਲੈਂਦੇ ਹਨ। ਇਸੇ ਕਾਰਨ ਇਸ ਉਮਰ ਵਰਗ ਵਿੱਚ ਅਲਕੋਹਲ ਕਾਰਨ ਹੋਣ ਵਾਲੀਆਂ ਮੌਤਾਂ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਦਰ ਬਾਕੀ ਆਬਾਦੀ ਨਾਲੋਂ ਕਾਫੀ ਜ਼ਿਆਦਾ ਦਰਜ ਕੀਤੀ ਗਈ ਹੈ।
ਭਾਵੇਂ ਬਜ਼ੁਰਗਾਂ ਵਿੱਚ ਅੰਕੜੇ ਚਿੰਤਾਜਨਕ ਹਨ ਪਰ ਸਮੁੱਚੇ ਤੌਰ ‘ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਲੋਕਾਂ ਦੁਆਰਾ ਅਲਕੋਹਲ ਦੀ ਖਪਤ ਵਿੱਚ ਕਮੀ ਆਈ ਹੈ। ਇਸਦੇ ਬਾਵਜੂਦ ਇਹ ਅਜੇ ਵੀ ਰਾਸ਼ਟਰੀ ਔਸਤ ਨਾਲੋਂ ਕੁੱਝ ਜ਼ਿਆਦਾ ਬਣੀ ਹੋਈ ਹੈ। ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ ਸਾਲ 2023 ਤੱਕ ਬੀਸੀ ਵਿੱਚ ਇੱਕ ਵਿਅਕਤੀ ਔਸਤਨ ਹਫਤੇ ਵਿੱਚ 8.8 ਸਟੈਂਡਰਡ ਡਰਿੰਕਸ ਦੀ ਖਪਤ ਕਰ ਰਿਹਾ ਹੈ ਜਦਕਿ ਕੈਨੇਡਾ ਦੀ ਰਾਸ਼ਟਰੀ ਔਸਤ 8.2 ਡਰਿੰਕਸ ਪ੍ਰਤੀ ਹਫਤਾ ਹੈ। ਕੈਨੇਡਾ ਦੇ ਸਿਹਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਦੇ ਜੋਖਮਾਂ ਤੋਂ ਬਚਣ ਲਈ ਹਫਤੇ ਵਿੱਚ ਸਿਰਫ਼ 1 ਤੋਂ 2 ਡਰਿੰਕਸ ਦੀ ਹੀ ਸਿਫਾਰਸ਼ ਕੀਤੀ ਜਾਂਦੀ ਹੈ।
ਬੀਸੀ ਦੀ ਮੁੱਖ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਰਿਪੋਰਟ ਜਾਰੀ ਕਰਦਿਆਂ ਸਪੱਸ਼ਟ ਕੀਤਾ ਕਿ ਸਿਹਤ ਦੇ ਲਿਹਾਜ਼ ਨਾਲ ਜਿੰਨਾ ਘੱਟ ਪੀਤਾ ਜਾਵੇ ਉੱਨਾ ਹੀ ਬਿਹਤਰ ਹੁੰਦਾ ਹੈ। ਉਹਨਾਂ ਕਿਹਾ ਕਿ ਖੋਜਾਂ ਤੋਂ ਸਿੱਧ ਹੋ ਚੁੱਕਾ ਹੈ ਕਿ ਘੱਟ ਉਪਭੋਗ ਸਰੀਰਕ ਸਿਹਤ ਨੂੰ ਲੰਬੇ ਸਮੇਂ ਤੱਕ ਠੀਕ ਰੱਖਦਾ ਹੈ। ਕੋਵਿਡ-19 ਮਹਾਮਾਰੀ ਦੌਰਾਨ ਇਸ ਖਪਤ ਵਿੱਚ ਇੱਕ ਵਾਰ ਭਾਰੀ ਉਛਾਲ ਦੇਖਣ ਨੂੰ ਮਿਲਿਆ ਸੀ ਪਰ ਹੁਣ ਇਹ ਬੀਸੀ ਵਿੱਚ ਪਿਛਲੇ 20 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈ ਹੈ। ਨੌਜਵਾਨਾਂ ਵਿੱਚ ਵੀ ਇਸਦੀ ਵਰਤੋਂ ਘਟੀ ਹੈ ਹਾਲਾਂਕਿ 12 ਤੋਂ 19 ਸਾਲ ਦੀ ਉਮਰ ਦੇ 38 ਫੀਸਦੀ ਨੌਜਵਾਨਾਂ ਨੇ ਮੰਨਿਆ ਕਿ ਉਹਨਾਂ ਨੇ ਕਦੇ ਨਾ ਕਦੇ ਇਸਦਾ ਸੇਵਨ ਜ਼ਰੂਰ ਕੀਤਾ ਹੈ।
ਅੰਕੜਿਆਂ ਮੁਤਾਬਕ ਸੂਬੇ ਦੇ ਇੰਟੀਰੀਅਰ ਨੌਰਦਰਨ ਅਤੇ ਆਈਲੈਂਡ ਹੈਲਥ ਖੇਤਰਾਂ ਵਿੱਚ ਪ੍ਰਤੀ ਵਿਅਕਤੀ ਪੀਣ ਦੀ ਦਰ ਸਭ ਤੋਂ ਵੱਧ ਦਰਜ ਕੀਤੀ ਗਈ ਹੈ। ਹੈਲਥ ਅਫਸਰ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਹੈ ਕਿ ਉਹ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਸਖ਼ਤ ਨੀਤੀਆਂ ਬਣਾਉਣ ਵੱਲ ਧਿਆਨ ਦੇਵੇ। ਇਹਨਾਂ ਸਿਫਾਰਸ਼ਾਂ ਵਿੱਚ ਪੈਕੇਜਿੰਗ ‘ਤੇ ਚੇਤਾਵਨੀ ਲੇਬਲ ਲਗਾਉਣਾ ਅਤੇ ਅਲਕੋਹਲ ਦੀਆਂ ਕੀਮਤਾਂ ਨੂੰ ਉਸਦੀ ਮਾਤਰਾ ਦੀ ਬਜਾਏ ਉਸ ਵਿੱਚ ਮੌਜੂਦ ਨਸ਼ੇ ਦੇ ਫੀਸਦੀ ਦੇ ਆਧਾਰ ‘ਤੇ ਤੈਅ ਕਰਨਾ ਸ਼ਾਮਲ ਕੀਤਾ ਗਿਆ ਹੈ। ਇਹਨਾਂ ਕਦਮਾਂ ਨਾਲ ਲੋਕਾਂ ਨੂੰ ਸੂਚਿਤ ਅਤੇ ਸਹੀ ਫੈਸਲੇ ਲੈਣ ਵਿੱਚ ਕਾਫੀ ਮਦਦ ਮਿਲ ਸਕੇਗੀ।

ਰੁਝਾਨ ਖਬਰਾਂ