14.9 C
Vancouver
Saturday, May 30, 2026

ਸਰੀ ਵਿੱਚ ਬੱਚਿਆਂ ਲਈ ਤੈਰਾਕੀ ਸਿੱਖਣਾ ਹੋਵੇਗਾ ਮੁਫ਼ਤ: ਸਿਟੀ ਕੌਂਸਲ ਵੱਲੋਂ ਪ੍ਰਸਤਾਵ ਪਾਸ

ਸਰੀ, (ਏਕਜੋਤ ਸਿੰਘ): ਸੋਮਵਾਰ ਨੂੰ ਸਰੀ ਸਿਟੀ ਕੌਂਸਲ ਨੇ ਮੇਅਰ ਬਰੈਂਡਾ ਲੌਕ ਦੇ 1 ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਸਿਟੀ ਸਟਾਫ਼ ਨੂੰ 1 ਨਵੀਂ ਪਹਿਲ ‘ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸ ਨਵੀਂ ਯੋਜਨਾ ਮੁਤਾਬਕ ਸਰੀ ਦੇ 3 ਤੋਂ 12 ਸਾਲ ਦੇ ਬੱਚਿਆਂ ਲਈ ਸਿਟੀ ਦੀ ਤੈਰਾਕੀ ਸਿਖਲਾਈ ਦੇ ਪਹਿਲੇ 3 ਪੱਧਰ ਮੁਫ਼ਤ ਕੀਤੇ ਜਾਣਗੇ।
ਇਹ ਕਦਮ ਸਰੀ ਵੱਲੋਂ ਤੈਰਨ ਵਾਲੇ ਪੂਲਾਂ, ਮਨੋਰੰਜਨ ਸੇਵਾਵਾਂ, ਪਾਣੀ ਦੀ ਸੁਰੱਖਿਆ ਅਤੇ ਪਰਿਵਾਰ ਕੇਂਦਰਿਤ ਕਿਫ਼ਾਇਤੀ ਉਪਰਾਲਿਆਂ ਵਿੱਚ ਕੀਤੇ ਜਾ ਰਹੇ ਲਗਾਤਾਰ ਨਿਵੇਸ਼ ‘ਤੇ ਆਧਾਰਿਤ ਹੈ। ਇਸ ਦਾ ਮੁੱਖ ਮਕਸਦ ਦਾਖਲਾ ਪੱਧਰ ਦੀਆਂ ਫ਼ੀਸਾਂ ਦੀ ਰੁਕਾਵਟ ਨੂੰ ਦੂਰ ਕਰਨਾ ਹੈ। ਇਸ ਨਾਲ ਵਧੇਰੇ ਬੱਚਿਆਂ ਨੂੰ ਪਾਣੀ ਵਿੱਚ ਅਤੇ ਪਾਣੀ ਦੇ ਆਲੇ ਦੁਆਲੇ ਸੁਰੱਖਿਅਤ ਰਹਿਣ ਲਈ ਲੋੜੀਂਦਾ ਵਿਸ਼ਵਾਸ ਅਤੇ ਹੁਨਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਤੈਰਾਕੀ ਸਿੱਖਣਾ ਕੋਈ ਸ਼ੌਕ ਨਹੀਂ ਬਲਕਿ ਇਹ ਜੀਵਨ ਲਈ 1 ਲਾਜ਼ਮੀ ਹੁਨਰ ਹੈ। ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਵਿੱਚੋਂ 1 ਹੋਣ ਦੇ ਨਾਤੇ ਸਰੀ ਦੀ ਇਹ ਜ਼ਿੰਮੇਵਾਰੀ ਹੈ ਕਿ ਪਰਿਵਾਰਾਂ ਨੂੰ ਉਹ ਮਨੋਰੰਜਨ ਪ੍ਰੋਗਰਾਮ ਉਪਲਬਧ ਹੋਣ ਜੋ ਸੁਰੱਖਿਆ ਅਤੇ ਬੱਚਿਆਂ ਦੇ ਸਿਹਤਮੰਦ ਵਿਕਾਸ ਨੂੰ ਸਮਰਥਨ ਦੇਣ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੈਰਨ ਦੀਆਂ ਕਲਾਸਾਂ ਨੂੰ ਮੁਫ਼ਤ ਕਰਨਾ 1 ਵਿਹਾਰਕ ਕਦਮ ਹੈ ਜੋ ਕਿਫ਼ਾਇਤੀਪਣ ਨੂੰ ਸਮਰਥਨ ਦੇਣ ਦੇ ਨਾਲ ਨਾਲ ਸ਼ਹਿਰ ਵਿੱਚ ਜਨਤਕ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ।
ਇਸ ਪ੍ਰਸਤਾਵ ਤਹਿਤ ਸਟਾਫ਼ ਨੂੰ ਲਾਗੂ ਕਰਨ ਦੇ ਵੇਰਵੇ ‘ਤੇ ਰਿਪੋਰਟ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਵਿੱਚ ਪ੍ਰੋਗਰਾਮ ਦੀ ਭਾਗੀਦਾਰੀ, ਰਜਿਸਟ੍ਰੇਸ਼ਨ ਪ੍ਰਕਿਰਿਆ, ਇੰਸਟਰੱਕਟਰਾਂ ਦੀ ਸਮਰੱਥਾ, ਵੈਟ ਲਿਸਟ ਦੇ ਪ੍ਰਭਾਵ ਅਤੇ ਬਜਟ ਸੰਬੰਧੀ ਵਿਚਾਰ ਸ਼ਾਮਲ ਹਨ। ਇਸ ਪ੍ਰੋਗਰਾਮ ਨੂੰ 1 ਜੁਲਾਈ ਤੋਂ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਦੱਸਣਯੋਗ ਹੈ ਕਿ ਸਿਟੀ ਇਸ ਸਮੇਂ 5 ਇਨਡੋਰ ਪੂਲ ਅਤੇ 8 ਆਊਟਡੋਰ ਪੂਲ ਚਲਾ ਰਿਹਾ ਹੈ। ਇਸ ਤੋਂ ਇਲਾਵਾ 310 ਮਿਲੀਅਨ ਡਾਲਰ ਦੀ ਲਾਗਤ ਨਾਲ ਨਵਾਂ ਨਿਊਟਨ ਕਮਿਊਨਿਟੀ ਸੈਂਟਰ ਬਣਾਇਆ ਜਾ ਰਿਹਾ ਹੈ ਜਿਸ ਵਿੱਚ 1 50 ਮੀਟਰ ਮੁਕਾਬਲਾ ਪੂਲ ਅਤੇ 1 ਮਨੋਰੰਜਨ ਪੂਲ ਸ਼ਾਮਲ ਹੋਵੇਗਾ। ਸਰੀ ਵੱਲੋਂ ਮੌਜੂਦਾ ਅਤੇ ਭਵਿੱਖ ਦੇ ਪ੍ਰੋਗਰਾਮ ਦੀ ਮੰਗ ਨੂੰ ਪੂਰਾ ਕਰਨ ਲਈ ਯੋਗ ਤੈਰਾਕੀ ਇੰਸਟ੍ਰਕਟਰਾਂ ਦੀ ਭਰਤੀ ਅਤੇ ਟਰੇਨਿੰਗ ਦੇਣਾ ਵੀ ਲਗਾਤਾਰ ਜਾਰੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ