11.4 C
Vancouver
Sunday, May 10, 2026

ਕੈਲਗਰੀ ਦੀ ਮਹੋਗਨੀ ਝੀਲ ‘ਚ ਡੁੱਬਣ ਕਾਰਨ 12 ਸਾਲਾ ਬੱਚੇ ਦੀ ਮੌਤ

ਸਰੀ, (ਏਕਜੋਤਸਿੰਘ): ਕੈਲਗਰੀ ਦੀ ਮਹੋਗਨੀ ਝੀਲ ਵਿੱਚ ਡੁੱਬਣ ਕਾਰਨ ਜਾਨ ਗੁਆਉਣ ਵਾਲੇ 12 ਸਾਲਾ ਬੱਚੇ ਦਮਿਲੋਲਾ ਖਾਲਿਦ ਅਫੋਲਾਬੀ ਨੂੰ ਬੁੱਧਵਾਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ। ਇਹ ਪਰਿਵਾਰ ਇਸੇ ਸਾਲ ਮਾਰਚ ਵਿੱਚ ਘਾਨਾ ਤੋਂ ਕੈਨੇਡਾ ਆਇਆ ਸੀ। ਅੰਤਿਮ ਸਸਕਾਰ ਮੌਕੇ ਬੱਚੇ ਦੇ ਪਿਤਾ ਜੁਬਰੀਲ ਬਾਬਾਤੁੰਡੇ ਅਫੋਲਾਬੀ ਬੇਹੱਦ ਭਾਵੁਕ ਦਿਖਾਈ ਦਿੱਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਕੈਨੇਡਾ ਆ ਕੇ ਬਹੁਤ ਖੁਸ਼ ਸੀ ਅਤੇ ਉਸਨੇ ਇੱਥੇ ਨਵੀਂ ਜ਼ਿੰਦਗੀ ਲਈ ਬਹੁਤ ਉਮੀਦਾਂ ਜਤਾਈਆਂ ਸਨ। ਪਰਿਵਾਰ ਅਨੁਸਾਰ ਐਤਵਾਰ ਨੂੰ ਉਹ ਬਾਸਕਟਬਾਲ ਖੇਡ ਰਿਹਾ ਸੀ, ਜਿਸ ਤੋਂ ਬਾਅਦ ਉਹ ਮਹੋਗਨੀ ਝੀਲ ਵਿੱਚ ਕੁੱਦ ਗਿਆ ਅਤੇ ਲਗਭਗ 40 ਮਿੰਟ ਦੀ ਜੱਦੋ-ਜਹਿਦ ਤੋਂ ਬਾਅਦ ਬਚਾਅ ਟੀਮਾਂ ਨੂੰ ਉਸਦੀ ਦੇਹ ਮਿਲੀ। ਇਸ ਦੁਖਦਾਈ ਘਟਨਾ ਤੋਂ ਬਾਅਦ ਭਾਈਚਾਰੇ ਦੇ ਲੋਕਾਂ ਵਿੱਚ ਭਾਰੀ ਰੋਸ ਹੈ ਅਤੇ ਪ੍ਰਾਈਵੇਟ ਝੀਲਾਂ ‘ਤੇ ਸੁਰੱਖਿਆ ਨਿਯਮਾਂ ਨੂੰ ਸਖ਼ਤ ਕਰਨ ਦੀ ਮੰਗ ਉੱਠ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਝੀਲਾਂ ਵਿੱਚ ਦਾਖਲ ਹੋਣ ਲਈ ਉਮਰ ਦੀ ਘੱਟੋ-ਘੱਟ ਹੱਦ ਵਧਾਈ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਵੀ ਇਸੇ ਝੀਲ ਵਿੱਚ ਦੋ 20 ਸਾਲਾ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਮਹੋਗਨੀ ਲੇਕ ਐਸੋਸੀਏਸ਼ਨ ਨੇ ਇਸ ਘਟਨਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਾਦਸੇ ਤੋਂ ਬਾਅਦ ਬੀਚ ਨੂੰ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ, ਜਿਸ ਨੂੰ ਮੰਗਲਵਾਰ ਸਵੇਰੇ 9 ਵਜੇ ਮੁੜ ਖੋਲ੍ਹਿਆ ਗਿਆ। ਪਰਿਵਾਰ ਦੀ ਮਦਦ ਲਈ ਹੁਣ ਫੰਡ ਵੀ ਇਕੱਠਾ ਕੀਤਾ ਜਾ ਰਿਹਾ ਹੈ।

ਰੁਝਾਨ ਖਬਰਾਂ