ਵੈਨਕੂਵਰ : ਕੈਨੇਡਾ ਦੀ ਧਰਤੀ ‘ਤੇ ਸੱਤ ਸਾਲ ਪਹਿਲਾਂ ‘ਇੱਕ ਰਾਸ਼ਟਰ ਇੱਕ ਭਾਸ਼ਾ’ ਦੇ ਬਿਆਨ ਅਤੇ ‘ਅਪਮਾਨਜਨਕ ਟਿੱਪਣੀਆਂ’ ਕਾਰਨ ਪੈਦਾ ਹੋਏ ਵਿਵਾਦ ਮਗਰੋਂ, ਹਾਲ ਹੀ ਵਿੱਚ ਗਾਇਕ ਗੁਰਦਾਸ ਮਾਨ ਦੇ ਟੋਰੰਟੋ, ਕੈਲਗਰੀ ਤੇ ਐਡਮਿੰਟਨ ਵਿਚਲੇ ਸ਼ੋਆਂ ਖਿਲਾਫ ਪੰਜਾਬੀਆਂ ਨੇ ਰੋਸ ਪ੍ਰਦਰਸ਼ਨਾਂ ਮਗਰੋਂ, ਇੱਕ ਵੱਡਾ ਰੋਸ ਮੁਜ਼ਾਹਰਾ ਵੈਨਕੂਵਰ ‘ਚ ਹੋਇਆ, ਜਿਸ ਵਿੱਚ ਬਜ਼ੁਰਗਾਂ ਅਤੇ ਨੌਜਵਾਨਾਂ ਤੋਂ ਇਲਾਵਾ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਹੋਏ। ਇਸ ਵਿੱਚ ਸਿੱਖਾਂ ਤੇ ਪੰਜਾਬੀਆਂ ਨੇ ਇਕੱਠਿਆਂ ਹੋ ਕੇ, ਗੁਰਦਾਸ ਮਾਨ ਦੇ ਫਾਸ਼ੀਵਾਦੀ ਇੰਡੀਅਨ ਸਟੇਟ ਦੇ ‘ਟਰਾਂਸ ਨੈਸ਼ਨਲ ਕਲਚਰਲ ਰਿਪਰੈਸ਼ਨ’ ਅਤੇ ‘ਇੱਕ ਰਾਸ਼ਟਰ ਇੱਕ ਬੋਲੀ’ ਵਰਗੇ ਖਤਰਨਾਕ ਅਜੰਡਿਆ ਸਮੇਤ, ਮਾਨ ਦੀ ਅਪਸ਼ਬਦਾਵਲੀ ਅਤੇ ਡੇਰੇਵਾਦੀ ਨਸ਼ੇੜੀ ਪ੍ਰਚਾਰ ਦਾ ਸਖਤ ਵਿਰੋਧ ਕੀਤਾ।
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਲੈ ਕੇ ਓਂਟਾਰੀਓ ਤੱਕ ਦੀਆਂ ਪੰਜਾਬੀ ਅਤੇ ਸਿੱਖ ਸੰਸਥਾਵਾਂ ਵੱਲੋਂ ਗੁਰਦਾਸ ਮਾਨ ਦੇ ਸ਼ੋਅ ਦੇ ਬਾਈਕਾਟ ਦਾ ਸੱਦਾ ਪਹਿਲਾਂ ਹੀ ਦਿੱਤਾ ਗਿਆ ਸੀ। ਵਿਸ਼ੇਸ਼ ਤੌਰ ‘ਤੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਦੇ ਸਹਿਯੋਗੀ ਰਹੇ ਸਿੱਖ ਐਕਟਵਿਸਟਾਂ ਵੱਲੋਂ, ਗੁਰਦਾਸ ਮਾਨ ਖਿਲਾਫ਼ ਵੱਡੇ ਪੋਸਟਰ ਅਤੇ ਝੰਡੇ ਲੈ ਕੇ, ਉਸ ਨੂੰ ‘ਸਰਕਾਰੀ ਏਜੰਟ’ ਦੱਸਿਆ ਗਿਆ, ਜਿਸ ਨੂੰ ਕੈਨੇਡਾ ਵਿੱਚ ਸਿੱਖਾਂ ਅਤੇ ਪੰਜਾਬੀਆਂ ਵਿਚਕਾਰ ਨਫਰਤ ਪੈਦਾ ਕਰਨ ਅਤੇ ਭਾਈਚਾਰੇ ਨੂੰ ਵੰਡਣ ਲਈ, ਭਾਰਤ ਸਰਕਾਰ ਵੱਲੋਂ ਖਾਸ ਹਦਾਇਤਾਂ ਅਧੀਨ ਭੇਜਿਆ ਗਿਆ ਸੀ।
ਕਿਸਾਨ ਸੰਘਰਸ਼ ਦੌਰਾਨ ਨੌਜਵਾਨਾਂ ਵੱਲੋਂ ਸਟੇਜ ਤੇ ਚੜਨ ਤੋਂ ਰੋਕੇ ਜਾਣ ਅਤੇ ਥਾਂ ਥਾਂ ਤੇ ਵਿਰੋਧ ਦਾ ਸਾਹਮਣਾ ਕਰਨ ਵਾਲੇ ਗੁਰਦਾਸ ਮਾਨ ਵੱਲੋਂ, ਪੰਜਾਬੀਆਂ ਖਿਲਾਫ ਬੱਤੀ ਲੈਣ ਵਰਗੀ ਮੰਦੀ ਸ਼ਬਦਾਵਲੀ ਵਰਤਣ, ਗੁਰੂ ਸਾਹਿਬਾਨ ਦੀ ਤੁਲਨਾ ਭੰਗੀ ਅਤੇ ਨਸੇੜੀ ਨਾਲ ਕਰਨ, ਬੁਚੜ ਕੇ ਪੀਐਸ ਗਿੱਲ ਨਾਲ ਸਾਂਝਾ ਕਾਇਮ ਕਰਨ ਤੋਂ ਇਲਾਵਾ ਟਰਾਂਸ ਨੈਸ਼ਨਲ ਕਲਚਰਲ ਤਸ਼ਦਦ ਦੇ ਏਜੰਡੇ ਵਿਰੁੱਧ ਤੇ ਪੰਜਾਬੀ ਭਾਸ਼ਾ ਨੂੰ ਹਾਸ਼ੀਏ ‘ਤੇ ਧੱਕਣ ਕਾਰਨ, ਵੈਨਕੂਵਰ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਬੱਤੀਮਾਨ ਦਾ ਸਖਤ ਵਿਰੋਧ ਕੀਤਾ ਗਿਆ।
ਇਸ ਦੌਰਾਨ ਉਹਨਾਂ ਜਾਗਰੂਕ ਨੌਜਵਾਨਾਂ ਦਾ ਵੀ ਪ੍ਰਦਰਸ਼ਨਕਾਰੀਆਂ ਨੇ ਵਿਸ਼ੇਸ਼ ਧੰਨਵਾਦ ਕੀਤਾ, ਜਿਹੜੇ ਸ਼ੋਅ ਦੇਖਣ ਆਏ ਸਨ, ਪਰ ਅਸਲੀਅਤ ਜਾਨਣ ਮਗਰੋਂ ਸੁਹਿਰਦ ਰੋਸ ਮੁਜ਼ਾਹਰਾਕਾਰੀਆਂ ਨਾਲ ਜਾ ਖੜੋਤੇ ਅਤੇ ਗੁਰਦਾਸ ਮਾਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਵੱਡੀ ਗਿਣਤੀ ‘ਚ ਹਾਜ਼ਰ ਪ੍ਰਦਰਸ਼ਨਕਾਰੀਆਂ ਵੱਲੋਂ, ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਧੰਨਵਾਦ ਕੀਤਾ ਗਿਆ ।
ਵੈਨਕੂਵਰ ’ਚ ਗੁਰਦਾਸ ਮਾਨ ਖਿਲਾਫ ਰੋਸ ਮੁਜ਼ਾਹਰਾ

