Saturday, November 23, 2024
10.8 C
Vancouver

ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਸਾਕੇ ਨੂੰ ਯਾਦ ਕਰਦਿਆਂ

ਕੈਨੇਡਾ ਦੇ ਇਤਿਹਾਸ ‘ਚ ਗੁਰੂ ਨਾਨਕ ਜਹਾਜ਼ ਦੀ ਘਟਨਾ ਵਿਸ਼ੇਸ਼ ਸਥਾਨ ਰੱਖਦੀ ਹੈ ਜਦੋਂ ਬਾਬਾ ਗੁਰਦਿੱਤ ਸਿੰਘ ਜੀ ਦੀ ਰਹਿਨੁਮਾਈ ਹੇਠ ਜਹਾਜ਼ 21 ਮਈ ਨੂੰ ਕੈਨੇਡਾ ਦੇ  ਪਾਣੀਆਂ ‘ਚ ਪਹੁੰਚਿਆ ਅਤੇ 23 ਮਈ ਨੂੰ 1914 ਨੂੰ ਵੈਨਕੂਵਰ ਦੀ ਬੰਦਰਗਾਹ ‘ਤੇ 376 ਮੁਸਾਫ਼ਰਾਂ ਨੂੰ ਲੈ ਕੇ ਅਪੜਿਆ ਸੀ ਜਿਥੇ 24 ਮੁਸਾਫ਼ਰਾਂ ਨੂੰ ਕੈਨੇਡਾ ‘ਚ ਦਾਖਣ ਹੋਣ ਦਿੱਤਾ ਗਿਆ, ਬਾਕੀ 352 ਮੁਸਾਫ਼ਰਾਂ ਨੂੰ ਉਤਰਨ ਨਹੀਂ ਦਿੱਤਾ ਗਿਆ ਅਤੇ 24 ਜੁਲਾਈ ਨੂੰ ਵਾਪਸ ਭੇਜ ਦਿੱਤਾ ਗਿਆ। 29 ਸਤੰਬਰ ਨੂੰ ਜਦੋਂ ਗੁਰੂ ਨਾਨਕ ਜਹਾਜ਼ ਕੱਲਕੱਤੇ ਦੀ ਬਜਬਜ ਘਾਟ ‘ਤੇ ਪਹੁੰਚਿਆ ਤਾਂ ਉਦੋਂ ਜਹਾਜ਼ ‘ਤੇ 321 ਮੁਸਾਫ਼ਰ ਮੌਜੂਦ ਸਨ, ਜਿਥੇ ਪੁਲਿਸ ਨੇ ਤਸ਼ੱਦਦ ਕਰਦਿਆਂ ਉਨ੍ਹਾਂ ਤੇ ਗੋਲੀਆਂ ਚਲਾਈਆਂ ਅਤੇ 15 ਮੁਸਾਫ਼ਰਾਂ ਨੂੰ ਮਾਰ ਦਿੱਤਾ ਅਤੇ ਬਾਕੀ ਮੁਸਾਫ਼ਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਗੁਰੂ ਨਾਨਕ ਜਹਾਜ਼ ਦੀ ਅਗਵਾਈ ਮਹਾਨ ਇਨਕਲਾਬੀ ਬਾਬਾ ਗੁਰਦਿੱਤ ਸਿੰਘ ਜੀ (25 ਅਗਸਤ 1860 – 24 ਜੁਲਾਈ 1954) ਵਲੋਂ ਕੀਤੀ ਗਈ ਸੀ, ਜਿਨ੍ਹਾਂ ਨੇ ਉਸ ਸਮੇਂ ਦੀਆਂ ਹਕੂਮਤਾਂ ਵਲੋਂ ਕਰਵਾਈ ਜਾਂਦੀ ਜ਼ਬਰੀ ਮਜ਼ਦੂਰੀ ਦੇ ਵਿਰੁੱਧ ਆਵਾਜ਼ ਚੁੱਕੀ ਅਤੇ ਆਜ਼ਾਦੀ ਲਹਿਰ ’ਚ ਵੱਡਮੁੱਲਾ ਯੋਗਦਾਨ ਪਾਇਆ। ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ’ਚ 376 ਮੁਸਾਫਿਰਾਂ (ਜਿੰਨ੍ਹਾਂ ਵਿਚੋਂ 351 ਪੰਜਾਬੀ ਸਿੱਖ ਅਤੇ 21 ਪੰਜਾਬੀ ਮੁਸਲਮਾਨ ਸਨ) ਨੂੰ ਲੈ ਕੇ ਗੁਰੂ ਨਾਨਕ ਜਹਾਜ਼ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਉੱਪਰ ਪਹੁੰਚਿਆ ਸੀ।  ਪਰ ਸਮੇਂ ਦੀ ਸਰਕਾਰ ਨੇ ਜਹਾਜ਼ ਨੂੰ ਬੰਦਰਗਾਹ ’ਤੇ ਲਾਉਣ ਦੀ ਇਜਾਜ਼ਤ ਨਾ ਦਿਤੀ ਗਈ ਤੇ ਵਾਪਸ ਪਰਤਣ ਲਈ ਮਜ਼ਬੂਰ ਕੀਤਾ ਗਿਆ। 24 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ ਕੈਨੇਡਾ ਤੋਂ ਵਾਪਸ ਜਾਣ ਲਈ ਤੁਰਿਆ ਸੀ ਅਤੇ 24 ਜੁਲਾਈ 1954 ਨੂੰ ਮਹਾਨ ਇਨਕਲਾਬੀ ਬਾਬਾ ਗੁਰਦਿੱਤ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ। ਕੈਨੇਡਾ ਸਰਕਾਰ ਵਲੋਂ ਗੁਰੂ ਨਾਨਕ ਜਹਾਜ਼ ਦੀ ਸ਼ਤਾਬਦੀ ਨੂੰ ਸਮਰਪਿਤ ਜਾਰੀ ਕੀਤੀ ਗਈ ਡਾਕ ਟਿਕਟ ਵੀ ਉਨ੍ਹਾਂ ਦੇ ਸੰਘਰਸ਼ ਭਰੇ ਜੀਵਨ ਦੀ ਗਵਾਹ ਹੈ।

ਅਦਾਰਾ ‘ਇੰਟਰਨੈਸ਼ਨਲ ਪੰਜਾਬੀ ਟ੍ਰਿਿਬਊਨ’ ਬਾਬਾ ਗੁਰਦਿੱਤ ਸਿੰਘ ਜੀ ਨੂੰ ਉਨ੍ਹਾਂ ਦੇ ਅਕਾਲ ਚਲਾਣਾ ਦਿਵਸ ‘ਤੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਾ ਹੈ।  ਸਿੱਖ ਇਤਿਹਾਸ ਦੇ ਮਹਾਨ ਇਨਕਲਾਬੀ ਬਾਬਾ ਗੁਰਦਿੱਤ ਸਿੰਘ, ਜਿਨ੍ਹਾਂ ਦਾ ਜਨਮ 25 ਅਗਸਤ 1860 ਪਿੰਡ ਸਰਿਹਾਲੀ, ਜ਼ਿਲ੍ਹਾ ਤਰਨਤਾਰਨ ਵਿਖੇ ਇਕ ਸਾਧਾਰਨ ਕਿਸਾਨ ਹੁਕਮ ਸਿੰਘ ਦੇ ਘਰ ਹੋਇਆ ਸੀ। ਗੁਰਦਿੱਤ ਸਿੰਘ ਨੇ ਅਪਣੇ ਬਚਪਨ ਵਿਚ ਬਹੁਤ ਥੋੜੀ ਸਿੱਖਿਆ ਹਾਸਲ ਕੀਤੀ ਸੀ ਪਰ ਫਿਰ ਵੀ ਪੰਜਾਬੀ ਚੰਗੀ ਪੜ੍ਹ ਲਿਖ ਲੈਂਦੇ ਸਨ। ਸਾਲ 1911 ਵਿਚ ਉਨ੍ਹਾਂ ਨੇ ਜ਼ਬਰੀ ਮਜ਼ਦੂਰੀ ਦੇ ਵਿਰੁਧ ਆਵਾਜ਼ ਚੁੱਕੀ। ਸਾਲ 1914 ਵਿਚ ਗੁਰਦਿੱਤ ਸਿੰਘ ਨੇ ਇਕ ਜਾਪਾਨੀ ਜਹਾਜ਼ ‘ਗੁਰੂ ਨਾਨਕ ਜਹਾਜ਼’ ਕਿਰਾਏ ‘ਤੇ ਲੈ ਲਿਆ ਅਤੇ ਉਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਸੀ। ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਾਪਾਨ ਵਿਚੋਂ ਲੰਘਦਿਆਂ ਹੋਇਆ ਵੈਨਕੂਵਰ, ਬ੍ਰਿਿਟਸ਼ ਕੋਲੰਬੀਆ ਦੀ ਬੰਦਰਗਾਹ ‘ਤੇ ਪਹੰਚੇ। ਇਸ ’ਚ 372 ਮੁਸਾਫ਼ਰਾਂ ਸਨ, ਜਿੰਨ੍ਹਾਂ ਵਿਚੋਂ 351 ਪੰਜਾਬੀ ਸਿੱਖ ਅਤੇ 21 ਪੰਜਾਬੀ ਮੁਸਲਮਾਨ ਸਨ। ਕੈਨੇਡਾ ਦੀ ਸਰਕਾਰ ਨੇ ਮੁਸਾਫ਼ਰਾਂ ਨੂੰ ਜਹਾਜ਼ ਤੋਂ ਉਤਰਨ ਨਾ ਦਿੱਤਾ ਅਤੇ ਵਾਪਸ ਭੇਜ ਦਿੱਤਾ ਗਿਆ। ਇਕ ਸਦੀ ਪਹਿਲਾਂ ਕੈਨੇਡਾ ਦੀ ਧਰਤੀ ਉੱਪਰ ਹੋਏ ਇਸ ਨਸਲੀ ਵਿਤਕਰੇ ਦੀ ਖਿਮਾ ਯਾਚਨਾ ਕਰਦਿਆਂ ਕੈਨੇਡਾ ਸਰਕਾਰ ਨੇ ਵਲੋਂ ‘ਗੁਰੂ ਨਾਨਕ ਜਹਾਜ਼’ ਦੀ ਸ਼ਤਾਬਦੀ ਨੂੰ ਸਮਰਪਿਤ ਡਾਕ ਟਿਕਟ ਵੀ ਜਾਰੀ ਕੀਤੀ ਹੈ। ਢਾਈ ਡਾਲਰ ਦੀ ਕੀਮਤ ਵਾਲੀ ਇਸ ਡਾਕ ਟਿਕਟ ਉੱਪਰ ‘ਗੁਰੂ ਨਾਨਕ ਜਹਾਜ਼’ ਸਮੁੰਦਰੀ ਜਹਾਜ਼ ਅਤੇ ਬਾਬਾ ਗੁਰਦਿੱਤ ਸਿੰਘ ਦੀ ਤਸਵੀਰ ਅੰਕਿਤ ਹੈ। ਇਹ ਡਾਕ ਟਿਕਟ ਓਟਾਵਾ ‘ਚ ਪਾਰਲੀਮੈਂਟ ਹਿੱਲ ਵਿਖੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਬਹੁਸੱਭਿਆਚਾਰਕ ਮਾਮਲਿਆਂ ਦੇ ਸਾਬਕਾ ਮੰਤਰੀ ਜੇਸਨ ਕੇਨੀ ਨੇ ਜਾਰੀ ਕੀਤੀ ਸੀ। ਆਜ਼ਾਦੀ ਦੇ ਸੰਘਰਸ਼ ’ਚ ਬਾਬਾ ਗੁਰਦਿੱਤ ਸਿੰਘ ਦੀ ਨਿਰੰਤਰ ਕੋਸ਼ਿਸ਼ ਨਾਲ ਪਹਿਲੀ ਜਨਵਰੀ 1952 ਨੂੰ ਬਜਬਜ ਘਾਟ ਵਿਖੇ ਗੁਰੂ ਨਾਨਕ ਜਹਾਜ਼’ ਜਹਾਜ਼ ਦੇ ਸ਼ਹੀਦ ਮੁਸਾਫ਼ਰਾਂ ਦੀ ਯਾਦਗਾਰ ਸਥਾਪਤ ਹੋਈ। ਮਹਾਨ ਇਨਕਲਾਬੀ ਬਾਬਾ ਗੁਰਦਿੱਤ ਸਿੰਘ 24 ਜੁਲਾਈ 1954 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹੋ ਗਈ।