13 C
Vancouver
Monday, May 25, 2026

ਕੈਨੇਡਾ ਵਿੱਚ ਐਮਰਜੈਂਸੀ ਸੇਵਾਵਾਂ ‘ਤੇ ਸਵਾਲ, 911 ਆਪਰੇਟਰਾਂ ‘ਤੇ ਮਦਦ ਦੀ ਬਜਾਏ ਫ਼ੋਨ ਕੱਟਣ ਦੇ ਇਲਜ਼ਾਮ

ਸੁਰੱਖਿਆ ਦੇ ਨਾਂ ‘ਤੇ ਸਿਰਫ਼ ਖਾਨਾਪੂਰਤੀ? ਜਦੋਂ ਅਪਰਾਧੀ ਚੜ੍ਹਿਆ ਬਿਲਡਿੰਗ ਦੀ ਛੱਤ ‘ਤੇ, ਤਾਂ 911 ਨੇ ਕਿਹਾ ‘ਨਾਨ-ਐਮਰਜੈਂਸੀ ਨੰਬਰ ‘ਤੇ ਫ਼ੋਨ ਕਰੋ’
ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿੱਚ ਇੱਕ ਸਥਾਨਕ ਕਾਰੋਬਾਰੀ ਨੇ ਐਮਰਜੈਂਸੀ ਸੇਵਾਵਾਂ (911) ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਬਲੈਂਸ਼ਰਡ ਸਟ੍ਰੀਟ ‘ਤੇ ‘ਵਨ ਅਵਰ ਡਰਾਈ ਕਲੀਨਰਜ਼’ (One Hour Dry Cleaners) ਦੇ ਮਾਲਕ ਪੀਟਰ ਕੁਆਕਨਬੁਸ਼ ਨੇ ਆਪਣੀ ਨਿਰਾਸ਼ਾ ਜ਼ਾਹਿਰ ਕਰਦਿਆਂ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਜਦੋਂ ਵੀ ਉਨ੍ਹਾਂ ਨੇ ਕਿਸੇ ਮੁਸੀਬਤ ਵੇਲੇ 911 ‘ਤੇ ਕਾਲ ਕੀਤੀ, ਤਾਂ ਉਨ੍ਹਾਂ ਨੂੰ ਜਾਂ ਤਾਂ ਉਡੀਕ ਵਿੱਚ ਰੱਖਿਆ ਗਿਆ, ਜਾਂ ਫ਼ੋਨ ਕੱਟ ਦਿੱਤਾ ਗਿਆ ਅਤੇ ਕਈ ਵਾਰ ਉਨ੍ਹਾਂ ਨੂੰ ਗੈਰ-ਐਮਰਜੈਂਸੀ (non-emergency) ਲਾਈਨ ‘ਤੇ ਸੰਪਰਕ ਕਰਨ ਲਈ ਕਹਿ ਕੇ ਪੱਲਾ ਝਾੜ ਲਿਆ ਗਿਆ।
ਕੁਆਕਨਬੁਸ਼ ਅਨੁਸਾਰ, ਪਿਛਲੇ ਹਫ਼ਤੇ ਵਾਪਰੀ ਇੱਕ ਘਟਨਾ ਨੇ ਉਨ੍ਹਾਂ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ। ਇੱਕ ਗਾਹਕ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਇੱਕ ਅਣਪਛਾਤਾ ਵਿਅਕਤੀ ਉਨ੍ਹਾਂ ਦੀ ਇਮਾਰਤ ਦੀ ਸ਼ੀਸ਼ੇ ਵਾਲੀ ਕੰਧ ਰਾਹੀਂ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਉਸ ਦੇ ਹੱਥ ਵਿੱਚ ਇੱਕ ਲੰਬੀ ਸੋਟੀ ਸੀ। ਜਦੋਂ ਕੁਆਕਨਬੁਸ਼ ਸਥਿਤੀ ਨੂੰ ਖੁਦ ਸੰਭਾਲਣ ਵਿੱਚ ਅਸਫਲ ਰਹੇ, ਤਾਂ ਉਨ੍ਹਾਂ ਨੇ ਤੁਰੰਤ 911 ਨੂੰ ਫ਼ੋਨ ਕੀਤਾ। ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਆਪਰੇਟਰ ਨੇ ਮਦਦ ਭੇਜਣ ਦੀ ਬਜਾਏ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ “ਕਿਉਂਕਿ ਉਹ ਵਿਅਕਤੀ ਸਟੋਰ ਦੇ ਅੰਦਰ ਨਹੀਂ ਹੈ ਅਤੇ ਉਸ ਕੋਲ ਕੋਈ ਬੰਦੂਕ ਜਾਂ ਚਾਕੂ ਨਹੀਂ ਹੈ ਜਿਸ ਨਾਲ ਉਹ ਤੁਹਾਨੂੰ ਸਿੱਧੀ ਧਮਕੀ ਦੇ ਰਿਹਾ ਹੋਵੇ, ਇਸ ਲਈ ਤੁਸੀਂ ਨਾਨ-ਐਮਰਜੈਂਸੀ ਨੰਬਰ ‘ਤੇ ਗੱਲ ਕਰੋ।”
ਪੀਟਰ ਕੁਆਕਨਬੁਸ਼ ਨੇ ਦੱਸਿਆ ਕਿ ਵਿਕਟੋਰੀਆ ਪੁਲਿਸ ਵਿਭਾਗ ਦਾ ਦਫ਼ਤਰ ਉਨ੍ਹਾਂ ਦੇ ਕਾਰੋਬਾਰ ਤੋਂ ਸਿਰਫ਼ ਇੱਕ ਬਲਾਕ ਦੀ ਦੂਰੀ ‘ਤੇ ਹੈ, ਪਰ ਪੁਲਿਸ ਉਦੋਂ ਤੱਕ ਨਹੀਂ ਆ ਸਕਦੀ ਜਦੋਂ ਤੱਕ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੁਨੇਹਾ ਨਹੀਂ ਮਿਲਦਾ। ਉਨ੍ਹਾਂ ਕਿਹਾ, “ਇਹ ਬਹੁਤ ਹੀ ਮੰਦਭਾਗਾ ਹੈ ਕਿ ਮੈਨੂੰ ਇੱਕ 911 ਆਪਰੇਟਰ ਨਾਲ ਮਦਦ ਲਈ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਪੁਲਿਸ ਨੂੰ ਬੁਲਾਉਣਾ ਮੇਰਾ ਹੱਕ ਹੈ, ਨਾ ਕਿ ਕੋਈ ਸੌਦੇਬਾਜ਼ੀ।” ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਟੋਰ ਵਿੱਚ ਕਈ ਵਾਰ ਅਣਪਛਾਤੇ ਲੋਕ ਵੜ ਕੇ ਇਸ਼ਨਾਨ ਕਰਨ ਲੱਗ ਪਏ ਸਨ ਅਤੇ ਕਰਮਚਾਰੀਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ ਸਨ, ਪਰ ਹਰ ਵਾਰ ਮਦਦ ਮਿਲਣੀ ਮੁਸ਼ਕਲ ਰਹੀ।
ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ 911 ਸੇਵਾਵਾਂ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ‘ਈ-ਕਾਮ’ (E-Comm) ਨੇ ਆਪਣੀ ਗਲਤੀ ਸਵੀਕਾਰ ਕੀਤੀ ਹੈ। ਸੰਸਥਾ ਨੇ ਮੰਨਿਆ ਕਿ ਪੀਟਰ ਦੀ ਕਾਲ ਨੂੰ ਨਿਰਧਾਰਤ ਨੀਤੀ ਅਨੁਸਾਰ ਨਹੀਂ ਨਿਪਟਾਇਆ ਗਿਆ ਅਤੇ ਉਸ ਸਮੇਂ ਪੁਲਿਸ ਨੂੰ ਤੁਰੰਤ ਮੌਕੇ ‘ਤੇ ਭੇਜਿਆ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸਟਾਫ਼ ਲਈ ‘ਟ੍ਰੇਨਿੰਗ ਪੁਆਇੰਟਸ’ ਦੀ ਪਛਾਣ ਕੀਤੀ ਗਈ ਹੈ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਗਲਤੀਆਂ ਨਾ ਹੋਣ। ਸੰਸਥਾ ਨੇ ਕਾਰੋਬਾਰੀ ਨੂੰ ਹੋਈ ਪਰੇਸ਼ਾਨੀ ਲਈ ਅਫ਼ਸੋਸ ਜਤਾਇਆ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਐਮਰਜੈਂਸੀ ਵੇਲੇ ਨਿਡਰ ਹੋ ਕੇ 911 ‘ਤੇ ਕਾਲ ਕਰਨ।
ਦੂਜੇ ਪਾਸੇ, ‘ਗ੍ਰੇਟਰ ਵਿਕਟੋਰੀਆ ਚੈਂਬਰ ਆਫ ਕਾਮਰਸ’ ਦੇ ਸੀਈਓ ਜੌਨ ਵਿਲਸਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਕਿਹਾ ਕਿ ‘ਈ-ਕਾਮ’ ਦੇ ਕੰਮ ਕਰਨ ਦੇ ਤਰੀਕੇ ਅਤੇ ਢਾਂਚੇ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਵਿਲਸਨ ਅਨੁਸਾਰ, ਬਹੁਤ ਸਾਰੀਆਂ ਨਗਰਪਾਲਿਕਾਵਾਂ ਇਨ੍ਹਾਂ ਸੇਵਾਵਾਂ ਲਈ ਭਾਰੀ ਖਰਚਾ ਅਦਾ ਕਰਦੀਆਂ ਹਨ, ਇਸ ਲਈ ਜਨਤਾ ਦਾ ਉੱਚ ਪੱਧਰੀ ਸੇਵਾ ਦੀ ਉਮੀਦ ਕਰਨਾ ਜਾਇਜ਼ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਪ੍ਰਸ਼ਾਸਨ ‘ਤੇ ਦਬਾਅ ਪਾਇਆ ਜਾਵੇਗਾ ਤਾਂ ਜੋ ਸੇਵਾਵਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਪੀਟਰ ਕੁਆਕਨਬੁਸ਼ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਸਿਸਟਮ ਵਿੱਚ ਬਦਲਾਅ ਨਾ ਕੀਤਾ ਗਿਆ, ਤਾਂ ਕੋਈ ਵੱਡੀ ਦੁਰਘਟਨਾ ਵਾਪਰ ਸਕਦੀ ਹੈ। ਉਨ੍ਹਾਂ ਕਿਹਾ, “ਮੈਂ ਨਹੀਂ ਚਾਹੁੰਦਾ ਕਿ ਕਿਸੇ ਦੀ ਲਾਪਰਵਾਹੀ ਕਾਰਨ ਮੇਰੇ ਕਰਮਚਾਰੀ, ਮੇਰਾ ਪਰਿਵਾਰ ਜਾਂ ਕੋਈ ਗਾਹਕ ਜ਼ਖ਼ਮੀ ਹੋਵੇ। ਸਾਨੂੰ ਅਪਰਾਧੀਆਂ ਤੋਂ ਬਚਾਉਣ ਲਈ ਬਣਾਇਆ ਗਿਆ ਸਿਸਟਮ ਜੇਕਰ ਖੁਦ ਹੀ ਕੰਮ ਨਹੀਂ ਕਰੇਗਾ, ਤਾਂ ਆਮ ਨਾਗਰਿਕ ਕਿੱਥੇ ਜਾਣਗੇ?” ਵਿਕਟੋਰੀਆ ਦੇ ਕਾਰੋਬਾਰੀ ਭਾਈਚਾਰੇ ਨੇ ਹੁਣ ਇਸ ਮੁੱਦੇ ‘ਤੇ ਇੱਕਜੁੱਟ ਹੋ ਕੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ