ਵੈਨਕੂਵਰ : (ਏਕਜੋਤ ਸਿੰਘ): ਅਲਬਰਟਾ ਸਰਕਾਰ ਵੱਲੋਂ ਸਕੂਲਾਂ ਵਿੱਚ ਜਿਨਸੀ ਤੌਰ ‘ਤੇ ਸਪੱਸ਼ਟ (Sexually Explicit) ਸਮੱਗਰੀ ‘ਤੇ ਲਗਾਈ ਗਈ ਪਾਬੰਦੀ ਇਸ ਹਫ਼ਤੇ ਤੋਂ ਪ੍ਰਭਾਵੀ ਹੋ ਗਈ ਹੈ। ਇਸ ਨਵੀਂ ਨੀਤੀ ਦੀ ਪਾਲਣਾ ਕਰਦਿਆਂ ਸੂਬੇ ਦੇ ਦੋ ਸਭ ਤੋਂ ਵੱਡੇ ਸਕੂਲ ਬੋਰਡਾਂ ਨੇ ਆਪਣੀਆਂ ਲਾਇਬ੍ਰੇਰੀਆਂ ਦੀਆਂ ਸ਼ੈਲਫਾਂ ਤੋਂ ਦਰਜਨਾਂ ਕਿਤਾਬਾਂ ਹਟਾ ਦਿੱਤੀਆਂ ਹਨ। ਹਾਲਾਂਕਿ, ਸਕੂਲ ਬੋਰਡਾਂ ਨੇ ਹਟਾਈਆਂ ਗਈਆਂ ਕਿਤਾਬਾਂ ਦੀ ਸੂਚੀ ਜਨਤਕ ਤੌਰ ‘ਤੇ ਸਾਂਝੀਨਹੀਂ ਕੀਤੀ ਹੈ।
ਐਡਮੰਟਨ ਪਬਲਿਕ ਸਕੂਲ ਬੋਰਡ ਦੀ ਬੁਲਾਰਾ ਕਿਮ ਸਮਿਥ ਨੇ ਦੱਸਿਆ ਕਿ ਸਰਕਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਉਨ੍ਹਾਂ ਨੇ 34 ਕਿਤਾਬਾਂ ਨੂੰ ਹਟਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸੂਚੀ ਅੰਤਿਮ ਨਹੀਂ ਹੈ ਅਤੇ ਇਸ ਨੂੰ ਇੱਕ “ਲਿਵਿੰਗ ਡਾਕੂਮੈਂਟ” ਮੰਨਿਆ ਜਾ ਰਿਹਾ ਹੈ, ਜਿਸਦਾ ਮਤਲਬ ਹੈ ਕਿ ਲੋੜ ਪੈਣ ‘ਤੇ ਇਸ ਸੂਚੀ ਵਿੱਚ ਹੋਰ ਕਿਤਾਬਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ ਜਾਂ ਹਟਾਈਆਂ ਜਾ ਸਕਦੀਆਂ ਹਨ। ਬੋਰਡ ਨੇ ਫਿਲਹਾਲ ਇਨ੍ਹਾਂ ਕਿਤਾਬਾਂ ਦੇ ਨਾਂ ਜਨਤਕ ਨਹੀਂ ਕੀਤੇ ਹਨ। ਦੂਜੇ ਪਾਸੇ, ਕੈਲਗਰੀ ਬੋਰਡ ਆਫ ਐਜੂਕੇਸ਼ਨ (CBE) ਨੇ ਆਪਣੀਆਂ ਲਾਇਬ੍ਰੇਰੀਆਂ ਵਿੱਚੋਂ 44 ਕਿਤਾਬਾਂ ਹਟਾਈਆਂ ਹਨ। ਬੋਰਡ ਦੀ ਬੁਲਾਰਾ ਜੋਏਨ ਐਂਡਰਸਨ ਨੇ ਸਪੱਸ਼ਟ ਕੀਤਾ ਕਿ ਇਹ ਗਿਣਤੀ ਉਨ੍ਹਾਂ ਦੇ ਵਿਸ਼ਾਲ ਭੰਡਾਰ ਦਾ ਬਹੁਤ ਛੋਟਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਕੈਲਗਰੀ ਬੋਰਡ ਦੀ ਲਾਇਬ੍ਰੇਰੀ ਕੁਲੈਕਸ਼ਨ ਵਿੱਚ ਕੁੱਲ 31 ਲੱਖ ਤੋਂ ਵੱਧ ਆਈਟਮਾਂ ਹਨ, ਜਿਨ੍ਹਾਂ ਵਿੱਚ ਲਗਭਗ 7 ਲੱਖ ਵੱਖ-ਵੱਖ ਟਾਈਟਲ (Titles) ਸ਼ਾਮਲ ਹਨ। ਇਸੇ ਤਰ੍ਹਾਂ, ਐਡਮੰਟਨ ਕੈਥੋਲਿਕ ਸਕੂਲ ਡਿਵੀਜ਼ਨ ਨੇ ਵੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੇ 6 ਕਿਤਾਬਾਂ ਨੂੰ ਲਾਇਬ੍ਰੇਰੀਆਂ ਵਿੱਚੋਂ ਬਾਹਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਇਹ ਨੀਤੀ ਪਿਛਲੇ ਸਾਲ ਪਤਝੜ ਵਿੱਚ ਪੇਸ਼ ਕੀਤੀ ਸੀ। ਸ਼ੁਰੂਆਤੀ ਦੌਰ ਵਿੱਚ ਨੀਤੀ ਤਹਿਤ ਲਿਖਤੀ ਰੂਪ ਵਿੱਚ ਮੌਜੂਦ ਜਿਨਸੀ ਸਮੱਗਰੀ ਵਾਲੀਆਂ ਕਿਤਾਬਾਂ ਨੂੰ ਵੀ ਹਟਾਉਣ ਦੀ ਗੱਲ ਕਹੀ ਗਈ ਸੀ। ਪਰ ਜਦੋਂ ਐਡਮੰਟਨ ਪਬਲਿਕ ਸਕੂਲਜ਼ ਨੇ ਚੇਤਾਵਨੀ ਦਿੱਤੀ ਕਿ ਇਸ ਨਿਯਮ ਤਹਿਤ ਮਾਰਗਰੇਟ ਐਟਵੁੱਡ ਦੀ ਮਸ਼ਹੂਰ ਕਿਤਾਬ “ਦਿ ਹੈਂਡਮੇਡਜ਼ ਟੇਲ” (The Handmaid’s Tale) ਵਰਗੇ ਕਲਾਸਿਕ ਸਾਹਿਤ ਨੂੰ ਵੀ ਹਟਾਉਣਾ ਪਵੇਗਾ, ਤਾਂ ਸਰਕਾਰ ਨੇ ਨਿਯਮਾਂ ਵਿੱਚ ਸੋਧ ਕਰ ਦਿੱਤੀ। This report was written by Ekjot Singh as part of the Local Journalism Initiative.
ਅਲਬਰਟਾ ਦੇ ਸਕੂਲਾਂ ‘ਚੋਂ ‘ਇਤਰਾਜ਼ਯੋਗ ਸਮੱਗਰੀ’ ਵਾਲੀਆਂ ਕਿਤਾਬਾਂ ਹਟਾਈਆਂ ਗਈਆਂ

