12.4 C
Vancouver
Wednesday, May 20, 2026

ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ ਵੱਲੋਂ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ 4 ਭਾਗ (ਸੰਪਾ. ਪ੍ਰੋ ਗੁਰਮੀਤ ਸਿੰਘ ਟਿਵਾਣਾ) ਪੁਸਤਕਾਂ ਲੋਕ ਅਰਪਣ

-ਪ੍ਰੋ ਕਿਸ਼ਨ ਸਿੰਘ ਨੂੰ ਪੰਜਾਬੀ ਸਹਿਤ ਜਗਤ ‘ਚ ਅਣਗੌਲਿਆ ਕੀਤਾ ਜਾਣਾ ਮੰਦਭਾਗਾ”- ਡਾ ਗੁਰਵਿੰਦਰ ਸਿੰਘ
ਐਬਟਸਫੋਰਡ, (ਬਰਾੜ-ਭਗਤਾ ਭਾਈ ਕਾ) ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਟਸਫੋਰਡ, ਬੀਸੀ, ਕੈਨੇਡਾ ਵੱਲੋਂ 13 ਦਸੰਬਰ ਦਿਨ, ਸ਼ਨੀਵਾਰ ਨੂੰ 4 ਪੁਸਤਕਾਂ ‘ਪ੍ਰੋ. ਕਿਸ਼ਨ ਸਿੰਘ ਰਚਨਾਵਲੀ’ 4 ਭਾਗ (ਸੰਪਾ. ਪ੍ਰੋ. ਗੁਰਮੀਤ ਸਿੰਘ ਟਿਵਾਣਾ) ਰਿਲੀਜ਼ ਕੀਤੀਆਂ ਗਈਆਂ। ਪੁਸਤਕ ਰਿਲੀਜ਼ ਸਮਾਰੋਹ ਖਾਲਸਾ ਦੀਵਾਨ ਸੁਸਾਇਟੀ (ਹੈਰੀਟੇਜ ਗੁਰਦੁਆਰਾ ਸਾਹਿਬ) ਸਾਊਥ ਫਰੇਜ਼ਰ ਵੇਅ, ਐਬਸਫੋਰਡ ਵਿਖੇ ਉਲੀਕਿਆ ਗਿਆ। ਇਸ ਮੌਕੇ ‘ਤੇ ਸਮੂਹ ਸਾਹਿਤਕ ਸੰਸਥਾਵਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਆਉਣ ਲਈ ਖੁੱਲਾ ਸੱਦਾ ਦਿੱਤਾ ਗਿਆ ਸੀ। ਸਮਾਗਮ ਵਿੱਚ 2025 ਦੌਰਾਨ ਅਕਾਲ ਚਲਾਣਾ ਕਰ ਗਈਆਂ, ਪੰਜਾਬੀ ਸਾਹਿਤ ਸਭਾ ਮੁਢਲੀ ਨਾਲ ਸਬੰਧਤ ਸਤਿਕਾਰਤ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨਾਂ ਵਿੱਚ ਪ੍ਰੋ. ਗੁਰਮੀਤ ਸਿੰਘ ਟਿਵਾਣਾ, ਭਾਈ ਹਰਪਾਲ ਸਿੰਘ ਲੱਖਾ, ਬੀਬੀ ਗੁਰਬਚਨ ਕੌਰ ਢਿੱਲੋਂ ਅਤੇ ਮੁਲਖ ਰਾਜ ਬਜਾਜ ਦੇ ਨੌਜਵਾਨ ਸਪੁੱਤਰ ਅਸ਼ੋਕ ਕੁਮਾਰ ਬਜਾਜ ਸ਼ਾਮਿਲ ਸਨ।
‘ਪ੍ਰੋਫੈਸਰ ਕਿਸ਼ਨ ਸਿੰਘ ਰਚਨਾਵਲੀ ਚਾਰ ਭਾਗ’ ਪੁਸਤਕ ਸੰਪਾਦਕ (ਪ੍ਰੋ ਗੁਰਮੀਤ ਸਿੰਘ ਟਿਵਾਣਾ) ਦੀ ਲਿਖਤ ਵੱਡੀ ਗਿਣਤੀ ‘ਚ ਹਾਜ਼ਰ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਲੋਕ ਅਰਪਣ ਕੀਤੀ ਗਈ। ਪ੍ਰੋਫੈਸਰ ਕ੍ਰਿਸ਼ਨ ਸਿੰਘ ਰਚਨਾਵਲੀ ਉੱਤੇ ਪਰਚਾ ਡਾ ਗੁਰਵਿੰਦਰ ਸਿੰਘ ਵੱਲੋਂ ਪੜਿਆ ਗਿਆ, ਜਿੰਨਾ ਪ੍ਰੋ ਕਿਸ਼ਨ ਸਿੰਘ ਦੇ ਲਿਖੇ ਸਾਹਿਤ ਦੇ ਸਿਧਾਂਤਕ ਪੱਖ ਅਤੇ ਸਾਹਿਤ ਪ੍ਰਣਾਲੀਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪ੍ਰੋ ਕ੍ਰਿਸ਼ਨ ਸਿੰਘ ਨੂੰ ਪੰਜਾਬੀ ਸਾਹਿਤ ਜਗਤ ਵਿਚ ਅੱਖੋ-ਪਰੋਖੇ ਕੀਤਾ ਗਿਆ, ਜੋ ਕਿ ਬੇਹਦ ਮੰਦਭਾਗੀ ਗੱਲ ਹੈ। ਪ੍ਰੋ ਗੁਰਮੀਤ ਸਿੰਘ ਟਿਵਾਣਾ ਵੱਲੋਂ ਆਪਣੇ ਅਧਿਆਪਕ ਪ੍ਰੋ ਕਿਸ਼ਨ ਸਿੰਘ ਦੇ ਸਮੁੱਚੇ ਸਾਹਿਤ ਨੂੰ ਸੰਪਾਦਨ ਕਰਨ ਦੀ ਸੇਵਾ ਲਈ ਧੰਨਵਾਦ ਕੀਤਾ ਗਿਆ।
ਇਸ ਮੌਕੇ ‘ਤੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨਾਂ ਵਿੱਚ ਪ੍ਰੋਫੈਸਰ ਗੁਰਮੀਤ ਸਿੰਘ ਟਿਵਾਣਾ ਦੇ ਸਪੁੱਤਰ ਗੈਰੀ ਟਿਵਾਣਾ ਜੀ ਅਤੇ ਉਹਨਾਂ ਦੇ ਸੁਪਤਨੀ, ਬੀਬੀ ਗੁਰਬਚਨ ਕੌਰ ਢਿੱਲੋਂ ਦੀ ਪੋਤਰੀ ਹਰਲੀਨ ਕੌਰ ਢਿੱਲੋਂ, ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸੁਖਦੇਵ ਸਿੰਘ ਮਾਨ, ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਵੱਲੋਂ ਗੁਰਦੇਵ ਸਿੰਘ ਬਰਾੜ ਆਲਮਵਾਲਾ, ਬੀਬੀ ਮੱਖਣਜੀਤ ਕੌਰ, ਲੋਕ ਸਾਡਾ ਵਿਰਸਾ ਸਾਡਾ ਗੌਰਵ ਦੇ ਜਸਵੀਰ ਸਿੰਘ ਪੰਨੂ ਅਤੇ ਬਲਵਿੰਦਰ ਸਿੰਘ ਬਰਾੜ ਸ਼ਾਮਿਲ ਸਨ। ਪ੍ਰੋਗਰਾਮ ਦੇ ਆਰੰਭ ਅਤੇ ਅਖੀਰ ਵਿੱਚ ਗਾਇਕ ‘ਸੰਗਤਾਰ ਸੰਤਾਲੀ’ ਨੇ ਬਹੁਤ ਵਧੀਆ ਗੀਤ ਸੁਣਾਇਆ।
ਸਮਾਗਮ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਟਿਵਾਣਾ, ਦਵਿੰਦਰ ਸਿੰਘ ਢਿੱਲੋ, ਸ਼ਰਨਜੀਤ ਕੌਰ ਮੱਲੀ, ਸੁਰਿੰਦਰ ਰੰਧਾਵਾ, ਪਿਆਰਾ ਸਿੰਘ ਚਾਹਲ, ਜਸਦੀਪ ਗਰੇਵਾਲ, ਰੁਪਿੰਦਰ ਸਿੱਧੂ, ਕੁਲਜੀਤ ਟਿਵਾਣਾ, ਮਨਪ੍ਰੀਤ ਗਰੇਵਾਲ, ਜਸਬੀਰ, ਸੁਰਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ, ਲਛਮਣ ਸਿੰਘ ਗਿੱਲ, ਸਾਧੂ ਸਿੰਘ ਗਿੱਲ, ਸੁਖਵਿੰਦਰ ਕੌਰ ਰੰਧਾਵਾ, ਗੁਰਦਰਸ਼ਨ ਸਿੰਘ ਸੰਧੂ ਰਣਬੀਰ ਸਿੰਘ ਮਲੀ ਸਮੇਤ ਕਈ ਸ਼ਖਸੀਅਤਾਂ ਸ਼ਾਮਿਲ ਸਨ। ਪ੍ਰੋਗਰਾਮ ਵਿੱਚ ਕਿਤਾਬ ਰਿਲੀਜ ਸਮਾਰੋਹ ਮੌਕੇ ਪਾਠਕਾਂ ਲਈ ਕਿਤਾਬਾਂ ਵੰਡੀਆਂ ਗਈਆਂ ਅਤੇ ਸਮਾਗਮ ਯਾਦਗਾਰੀ ਹੋ ਨਿਬੜਿਆ। ਪ੍ਰੋ. ਗੁਰਮੀਤ ਸਿੰਘ ਟਿਵਾਣਾ ਵੱਲੋਂ ਪ੍ਰੋ. ‘ਕਿਸ਼ਨ ਸਿੰਘ ਰਚਨਾਵਲੀ’ ਨੂੰ ਚਾਰ ਹਿੱਸਿਆਂ ਵਿੱਚ ਸੰਪਾਦਤ ਕਰਨ ਦੀ ਇਤਿਹਾਸਿਕ ਸੇਵਾ ਕਾਰਜ ਸਿੱਖ ਵਿਦਵਾਨ ਸ. ਅਮਰੀਕ ਸਿੰਘ ਮੁਕਤਸਰ ਅਤੇ ਸਿਰੜੀ ਲਿਖਾਰੀ ਡਾ. ਪਰਮਿੰਦਰ ਸਿੰਘ ਸ਼ੌਂਕੀ ਦੇ ਉਦਮ ਨਾਲ ਨੇਪਰੇ ਚੜਿਆ ਹੈ। ਚਾਰ ਜਿਲਤਾਂ ਵਿੱਚ ਇਹ ਕਿਤਾਬ ਪ੍ਰਕਾਸ਼ਤ ਹੋਈ ਹੈ, ਜਿਸ ਨੂੰ ਬਹੁਤ ਭਾਵਪੂਰਤ ਢੰਗ ਨਾਲ ‘ਰੀਥਿੰਕ ਬੁਕਸ’ (919464346677) ਵੱਲੋਂ ਛਾਪਿਆ ਗਿਆ ਹੈ। ਪ੍ਰੋ. ‘ਕਿਸ਼ਨ ਸਿੰਘ ਦੀ ਸਾਹਿਤਿਕ ਦੇਣ ਹਮੇਸ਼ਾ ਚੇਤੇ ਕੀਤੀ ਜਾਂਦੀ ਰਹੇਗੀ ਅਤੇ ਸਾਹਿਤ ਦੇ ਖੋਜੀ ਵਿਦਵਾਨਾਂ ਲਈ ਉਹ ਸਦਾ ਪ੍ਰੇਰਨਾ-ਸਰੋਤ ਬਣੇ ਰਹਿਣਗੇ।

ਰੁਝਾਨ ਖਬਰਾਂ