ਸਰੀ, (ੲੇਕਜੋਤ ਿਸੰਘ): ਕਵੇਸਨੇਲ ਸ਼ਹਿਰ ਦੇ ਮੇਅਰ ਰੌਨ ਪੌਲ ਦੀ ਪਤਨੀ ਪੈਟ ਮੋਰਟਨ ਵੱਲੋਂ ਸਿਟੀ ਕੌਂਸਲਰ ਲੌਰੀ ਐਨ ਰੂਡਨਬਰਗ ਖਿਲਾਫ ਦਾਇਰ ਕੀਤੇ ਗਏ ਮਾਣਹਾਨੀ ਦੇ ਮੁਕੱਦਮੇ ਵਿੱਚ ਨਵਾਂ ਮੋੜ ਆਇਆ ਹੈ। ਕੌਂਸਲਰ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਹੈ ਕਿ ਇਸ ਮੁਕੱਦਮੇ ਨੂੰ ਤੁਰੰਤ ਰੱਦ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਸ ਦਾ ਅਸਲ ਮਕਸਦ ਸਿਆਸੀ ਪ੍ਰਗਟਾਵੇ ਨੂੰ ਦਬਾਉਣਾ ਅਤੇ ਸਜ਼ਾ ਦੇਣਾ ਹੈ। 12 ਮਈ ਨੂੰ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਜਸਟਿਸ ਰੋਨਾਲਡ ਟਿੰਡੇਲ ਦੇ ਸਾਹਮਣੇ ਪੇਸ਼ ਹੁੰਦਿਆਂ ਵਕੀਲ ਅੰਜਾ ਨੇਲ ਨੇ ਕਿਹਾ ਕਿ ਕੌਂਸਲਰ ਰੂਡਨਬਰਗ ਵੱਲੋਂ ਪ੍ਰਗਟਾਏ ਗਏ ਵਿਚਾਰ ਜਨਤਕ ਹਿੱਤ ਵਿੱਚ ਸਨ। ਉਨ੍ਹਾਂ ਮੁਤਾਬਕ ਜਨਤਕ ਹਿੱਤਾਂ ਦੀ ਅਹਿਮੀਅਤ ਮੋਰਟਨ ਦੇ ਮੁਕੱਦਮੇ ਨੂੰ ਜਾਰੀ ਰੱਖਣ ਦੀ ਇਜਾਜ਼ਤ ਦੇਣ ਨਾਲੋਂ ਕਿਤੇ ਭਾਰੀ ਹੈ। ਵਕੀਲ ਨੇ ਸਪੱਸ਼ਟ ਕੀਤਾ ਕਿ ਮੁਦਈ ਦਾ ਦਾਅਵਾ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਨਹੀਂ ਹੈ ਬਲਕਿ ਇਹ ਭਾਈਚਾਰੇ ਵਿੱਚ ਉਠਾਈਆਂ ਗਈਆਂ ਚਿੰਤਾਵਾਂ ਨੂੰ ਕੰਟਰੋਲ ਕਰਨ ਦਾ ਇੱਕ ਯਤਨ ਹੈ।
ਇਹ ਸਾਰਾ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਪੈਟ ਮੋਰਟਨ ਨੇ ਇੱਕ ਕਿਤਾਬ ਦੀਆਂ ਕਾਪੀਆਂ ਵੰਡੀਆਂ ਜਿਸ ਦਾ ਨਾਮ ‘ਗ੍ਰੇਵ ਐਰਰ: ਹਾਓ ਦਿ ਮੀਡੀਆ ਮਿਸਲੈੱਡ ਅਸ’ ਹੈ। ਇਹ ਕਿਤਾਬ 2015 ਦੇ ਟਰੁੱਥ ਐਂਡ ਰੀਕੌਂਸਿਲੀਏਸ਼ਨ ਕਮਿਸ਼ਨ ਦੀ ਰਿਪੋਰਟ ਅਤੇ 2021 ਵਿੱਚ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਖੇ 215 ਬੱਚਿਆਂ ਦੀਆਂ ਕਬਰਾਂ ਦੇ ਦਾਅਵਿਆਂ ‘ਤੇ ਸਵਾਲ ਚੁੱਕਦੀ ਹੈ। ਕੌਂਸਲਰ ਰੂਡਨਬਰਗ ਨੇ ਇਸ ਕਿਤਾਬ ਦੀ ਵੰਡ ‘ਤੇ ਸਖਤ ਇਤਰਾਜ਼ ਜਤਾਇਆ ਸੀ। ਰੂਡਨਬਰਗ ਸਿਟੀ ਕੌਂਸਲ ਵਿੱਚ ਮੂਲਵਾਸੀ ਸਬੰਧਾਂ ਦੀ ਨੁਮਾਇੰਦਗੀ ਕਰਦੇ ਹਨ। ਉਨ੍ਹਾਂ ਦੇ ਵਕੀਲ ਨੇਲ ਨੇ ਕਿਹਾ ਕਿ ਕੌਂਸਲਰ ਨੇ ਕੈਨੇਡਾ ਵਿੱਚ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਕਾਰਨ ਮੂਲਵਾਸੀ ਲੋਕਾਂ ਨੂੰ ਹੋਏ ਦੁੱਖਾਂ ਬਾਰੇ ਬੋਲਣ ਦਾ ਆਪਣਾ ਫਰਜ਼ ਨਿਭਾਇਆ ਹੈ। ਪਿਛਲੇ ਸਾਲ ਮਈ ਵਿੱਚ ਮੋਰਟਨ ਨੇ ਰੂਡਨਬਰਗ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਵਤੀਰਾ ਮਾਣਹਾਨੀ ਵਾਲਾ ਅਤੇ ਰਾਜਨੀਤਿਕ ਤੌਰ ‘ਤੇ ਪ੍ਰੇਰਿਤ ਸੀ। ਦੂਜੇ ਪਾਸੇ ਨੇਲ ਨੇ ਅਦਾਲਤ ਨੂੰ ਦੱਸਿਆ ਕਿ ਮੋਰਟਨ ਇਹ ਸਾਬਤ ਕਰਨ ਵਿੱਚ ਅਸਫਲ ਰਹੇ ਹਨ ਕਿ ਰੂਡਨਬਰਗ ਦੇ ਬਿਆਨਾਂ ਨਾਲ ਉਨ੍ਹਾਂ ਨੂੰ ਕੋਈ ਨੁਕਸਾਨ ਹੋਇਆ ਹੈ। ਅਦਾਲਤ ਵਿੱਚ ਸਿਟੀ ਕੌਂਸਲ ਦੀ ਮੀਟਿੰਗ ਦੀ ਰਿਕਾਰਡਿੰਗ ਵੀ ਚਲਾਈ ਗਈ ਜਿੱਥੇ ਮੇਅਰ ਰੌਨ ਪੌਲ ਨੇ ਖੁਦ ਕਿਹਾ ਸੀ ਕਿ ਉਹ ਆਪਣੀ ਪਤਨੀ ਦੀਆਂ ਕਾਰਵਾਈਆਂ ਨਾਲ ਸਹਿਮਤ ਨਹੀਂ ਹਨ।
ਕੌਂਸਲਰ ਰੂਡਨਬਰਗ ਖ਼ਿਲਾਫ਼ ਦਾਇਰ ਮੁਕੱਦਮਾ ਰੱਦ ਕਰਨ ਦੀ ਮੰਗ

