17 C
Vancouver
Saturday, May 30, 2026

ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ: ਮਾਰਗੇਜ ਕਿਸ਼ਤਾਂ ਭਰਨ ਤੋਂ ਅਸਮਰੱਥ ਹੋ ਰਹੇ ਕੈਨੇਡੀਅਨ

ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਕਾਰਨ ਲੋਕਾਂ ਦਾ ਬੁਰਾ ਹਾਲ ਹੈ ਅਤੇ ਬੇਰੁਜ਼ਗਾਰੀ ਦੀ ਦਰ ਵਿੱਚ ਵੀ ਚਿੰਤਾਜਨਕ ਇਜ਼ਾਫਾ ਹੋ ਰਿਹਾ ਹੈ। ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਔਖੀਆਂ ਹੋਣ ਕਾਰਨ ਕਾਫੀ ਗਿਣਤੀ ਵਿੱਚ ਲੋਕ ਆਪਣੀਆਂ ਮਾਰਗੇਜ ਕਿਸ਼ਤਾਂ ਭਰਨ ਵਿੱਚ ਅਸਮਰੱਥ ਹੋ ਰਹੇ ਹਨ। ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਸ ਨੇ ਬੈਂਕਾਂ ਦੀਆਂ ਚਿੰਤਾਵਾਂ ਵਿੱਚ ਹੋਰ ਇਜ਼ਾਫਾ ਕਰ ਦਿੱਤਾ ਹੈ। ਇਕੁਈਫੈਕਸ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਮਾਰਗੇਜ ਦੀਆਂ ਕਿਸ਼ਤਾਂ ਨਾ ਭਰਨ ਵਾਲੇ ਮਕਾਨ ਮਾਲਕਾਂ ਦੀ ਗਿਣਤੀ ਤੇਜ਼ੀ ਨਾਲ ਉੱਪਰ ਗਈ ਹੈ। ਅੰਕੜਿਆਂ ਮੁਤਾਬਕ ਓਨਟਾਰੀਓ ਵਿੱਚ ਇਹ ਅੰਕੜਾ ਸਾਲਾਨਾ ਆਧਾਰ ‘ਤੇ 52 ਫੀਸਦੀ ਅਤੇ ਬੀਸੀ ਵਿੱਚ 36 ਫੀਸਦੀ ਦਰਜ ਕੀਤਾ ਗਿਆ ਹੈ। ਅਪ੍ਰੈਲ ਮਹੀਨੇ ਵਿੱਚ ਕੈਨੇਡਾ ਵਿੱਚ ਬੇਰੁਜ਼ਗਾਰੀ ਦੀ ਦਰ 6.9 ਫੀਸਦੀ ਦਰਜ ਕੀਤੀ ਗਈ ਅਤੇ ਵੱਡੀ ਿਗਣਤੀ ’ਚ ਨੌਕਰੀਆਂ ਖ਼ਤਮ ਹੋਈਆਂ ਸਨ, ਜਿਸ ਨਾਲ ਆਮ ਲੋਕਾਂ ਦੀਆਂ ਜੇਬਾਂ ‘ਤੇ ਭਾਰੀ ਅਸਰ ਪਿਆ ਹੈ।
ਇਸ ਆਰਥਿਕ ਦਬਾਅ ਕਾਰਨ ਕੈਨੇਡਾ ਦੇ ਪ੍ਰਮੁੱਖ ਨਿੱਜੀ ਬੈਂਕਾਂ ਨੇ ਲੋਨ ਡਿਫਾਲਟ ਨਾਲ ਨਜਿੱਠਣ ਲਈ ਆਪਣੇ ਫੰਡਾਂ ਵਿੱਚ ਇਜ਼ਾਫਾ ਕਰ ਦਿੱਤਾ ਹੈ। ਇਸ ਹਫਤੇ ਜਾਰੀ ਹੋ ਰਹੀਆਂ ਤਿਮਾਹੀ ਕਮਾਈ ਦੀਆਂ ਰਿਪੋਰਟਾਂ ਤੋਂ ਸੰਕੇਤ ਮਿਲਦੇ ਹਨ ਕਿ ਬੈਂਕ ਭਵਿੱਖ ਵਿੱਚ ਮਾਰਗੇਜ ਡਿਫਾਲਟ ਦੇ ਖਤਰੇ ਨੂੰ ਦੇਖਦਿਆਂ ਵਾਧੂ ਫੰਡ ਸੁਰੱਖਿਅਤ ਰੱਖ ਰਹੇ ਹਨ। ਬੈਂਕ ਆਫ਼ ਮਾਂਟਰੀਅਲ ਦੇ ਚੀਫ਼ ਰਿਸਕ ਅਫ਼ਸਰ ਪੀਯੂਸ਼ ਅਗਰਵਾਲ ਨੇ ਵਿਸ਼ਲੇਸ਼ਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਦੇਸ਼ ਅਧਿਕਾਰਤ ਤੌਰ ‘ਤੇ ਮੰਦੀ ਵਿੱਚ ਨਹੀਂ ਹੈ, ਪਰ ਉਹ ਗਾਹਕਾਂ ਦੀ ਮਦਦ ਕਰਨ ਅਤੇ ਜੋਖਮ ਨੂੰ ਘਟਾਉਣ ਲਈ ਇਸਨੂੰ ਮੰਦੀ ਵਾਂਗ ਹੀ ਮੰਨ ਕੇ ਚੱਲ ਰਹੇ ਹਨ।
ਇਹ ਸਥਿਤੀ ਉਸ ਸਮੇਂ ਬਣੀ ਹੈ ਜਦੋਂ ਮਿਡਲ ਈਸਟ ਵਿੱਚ ਚੱਲ ਰਹੀ ਜੰਗ ਕਾਰਨ ਤੇਲ ਦੀਆਂ ਕੀਮਤਾਂ ਉੱਪਰ ਜਾਣ ਦਾ ਖਦਸ਼ਾ ਹੈ, ਜੋ ਦੇਸ਼ ਵਿੱਚ ਮਹਿੰਗਾਈ ਨੂੰ ਹੋਰ ਤੇਜ਼ ਕਰ ਸਕਦਾ ਹੈ। ਬੈਂਕ ਆਫ਼ ਮਾਂਟਰੀਅਲ ਨੇ ਇਸ ਤਿਮਾਹੀ ਦੌਰਾਨ ਸੰਭਾਵਿਤ ਨੁਕਸਾਨ ਨੂੰ ਕਵਰ ਕਰਨ ਲਈ 739 ਮਿਲੀਅਨ ਡਾਲਰ ਦਾ ਵਾਧੂ ਫੰਡ ਰੱਖਿਆ ਹੈ। ਬੈਂਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਗਾਹਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਬਣਾਈ ਰੱਖਣ ਲਈ ਹੱਲ ਲੱਭ ਰਹੇ ਹਨ ਅਤੇ 10 ਵਿੱਚੋਂ 9 ਡਿਫਾਲਟ ਗਾਹਕ ਹਾਲਾਤ ਨੂੰ ਖੁਦ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਕ ਦੇ ਸੀਈਓ ਸਕੌਟ ਥਾਮਸਨ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਵਿੱਤੀ ਦਬਾਅ ਸਿਰਫ਼ ਘਰਾਂ ਤੱਕ ਸੀਮਤ ਨਹੀਂ ਹੈ, ਸਗੋਂ ਵਪਾਰਕ ਲੋਨ ਲੈਣ ਵਾਲੀਆਂ ਕੰਪਨੀਆਂ ‘ਤੇ ਵੀ ਮਾੜਾ ਅਸਰ ਪਾ ਰਿਹਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ