ਸਰੀ, (ਏਕਜੋਤ ਸਿੰਘ): ਚਿਲੀਵੈਕ ਪੁਲਿਸ ਵੱਲੋਂ ਸ਼ਹਿਰ ਦੇ ਇੱਕ ਨਾਈਟ ਕਲੱਬ ਵਿੱਚ ਹੋਏ ਗੰਭੀਰ ਹਮਲੇ ਦੇ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਦੀ ਭਾਲ ਲਈ ਸੁਰੱਖਿਆ ਕੈਮਰਿਆਂ ਦੀ ਫੁਟੇਜ ਜਾਰੀ ਕੀਤੀ ਗਈ ਹੈ। ਆਰਸੀਐਮਪੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਤਸਵੀਰ ਰਾਹੀਂ ਮੁਲਜ਼ਮ ਦੀ ਪਛਾਣ ਕਰਨ ਵਿੱਚ ਮਦਦ ਮਿਲੇਗੀ। ਇਹ ਹਮਲਾ 7 ਮਈ ਦੀ ਰਾਤ ਨੂੰ ਲਗਭਗ 11:45 ਵਜੇ ਮੇਨ ਸਟਰੀਟ ‘ਤੇ ਸਥਿਤ ਇੱਕ ਨਾਈਟ ਕਲੱਬ ਵਿੱਚ ਹੋਇਆ ਸੀ। ਚਿਲੀਵੈਕ ਆਰਸੀਐਮਪੀ ਨੇ 25 ਮਈ ਨੂੰ ਜਾਰੀ ਕੀਤੀ ਆਪਣੀ ਪ੍ਰੈਸ ਰਿਲੀਜ਼ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ 8 ਮਈ ਨੂੰ ਸੂਚਿਤ ਕੀਤਾ ਗਿਆ ਸੀ।
ਕਾਰਪੋਰਲ ਕਾਰਮੇਨ ਕੀਨਰ ਨੇ ਦੱਸਿਆ ਕਿ ਇਸ ਘਟਨਾ ਵਿੱਚ ਪੀੜਤ ਵਿਅਕਤੀ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਕਾਰਨ ਪੁਲਿਸ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਜਾਂਚ ਕਰਤਾਵਾਂ ਵੱਲੋਂ ਮੌਕੇ ਦੇ ਵੀਡੀਓ ਨਿਗਰਾਨੀ ਕੈਮਰਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਗਈ ਹੈ। ਹੁਣ ਪੁਲਿਸ ਤਸਵੀਰ ਵਿੱਚ ਦਿਖਾਈ ਦੇ ਰਹੇ ਉਸ ਵਿਅਕਤੀ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਜੋ ਇਸ ਜਾਂਚ ਨੂੰ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਫੁਟੇਜ ਵਿੱਚ ਦਿਖਾਈ ਦੇ ਰਹੇ ਵਿਅਕਤੀ ਦੀ ਉਮਰ ਲਗਭਗ 19 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਅਤੇ ਉਸਦਾ ਸਰੀਰਕ ਢਾਂਚਾ ਦਰਮਿਆਨਾ ਹੈ। ਤਸਵੀਰ ਵਿੱਚ ਉਸਨੇ ਕਾਲੇ ਰੰਗ ਦੀ ਟੀ ਸ਼ਰਟ, ਕਾਲੀ ਪੈਂਟ ਅਤੇ ਕਾਲੇ ਚਿੱਟੇ ਰੰਗ ਦੇ ਜੁੱਤੇ ਪਹਿਨੇ ਹੋਏ ਹਨ। ਉਸਨੇ ਆਪਣੇ ਸਿਰ ਦੇ ਉੱਪਰ ਕਾਲੇ ਰੰਗ ਦੀ ਐਨਕ ਵੀ ਲਗਾਈ ਹੋਈ ਹੈ। ਉਸਦੀ ਖੱਬੀ ਬਾਂਹ ਅਤੇ ਖੱਬੇ ਬਾਈਸੈਪ ਦੇ ਪਿਛਲੇ ਹਿੱਸੇ ‘ਤੇ ਟੈਟੂ ਵੀ ਸਾਫ ਦਿਖਾਈ ਦੇ ਰਹੇ ਹਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵੀ ਇਸ ਵਿਅਕਤੀ ਨੂੰ ਪਛਾਣਦਾ ਹੈ ਜਾਂ ਇਸ ਘਟਨਾ ਬਾਰੇ ਕੋਈ ਜਾਣਕਾਰੀ ਰੱਖਦਾ ਹੈ ਤਾਂ ਉਹ ਤੁਰੰਤ ਆਰਸੀਐਮਪੀ ਨਾਲ ਸੰਪਰਕ ਕਰੇ। This report was written by Ekjot Singh as part of the Local Journalism Initiative.
ਚਿਲੀਵੈਕ ਦੇ ਨਾਈਟ ਕਲੱਬ ਵਿੱਚ ਹਮਲੇ ਦਾ ਮਾਮਲਾ, ਪੁਲਿਸ ਵੱਲੋਂ ਸ਼ੱਕੀ ਦੀ ਭਾਲ

