17 C
Vancouver
Saturday, May 30, 2026

ਗਰਮੀਆਂ ਵਿੱਚ ਪਾਣੀ ਦੀ ਵਰਤੋਂ ਲਈ ਸਰੀ ਕੌਂਸਲ ਵੱਲੋਂ ਨਵੇਂ ਨਿਯਮ ਜਾਰੀ, ਉਲੰਘਣਾ ਕਰਨ ‘ਤੇ ਹੋਵੇਗਾ ਜੁਰਮਾਨਾ

ਸਰੀ, (ਏਕਜੋਤ ਸਿੰਘ): ਸੋਮਵਾਰ ਨੂੰ ਸਰੀ ਸਿਟੀ ਕੌਂਸਲ ਨੇ ਪੀਣ ਵਾਲੇ ਪਾਣੀ ਦੀ ਸੰਭਾਲ ਯੋਜਨਾ ਸਬੰਧੀ ਬਾਇਲਾਅ ਵਿੱਚ ਸੋਧਾਂ ਮਨਜ਼ੂਰ ਕੀਤੀਆਂ ਹਨ। ਇਸ ਦਾ ਮਕਸਦ ਪਾਣੀ ਸੰਭਾਲ ਉਪਾਅ ਲਾਗੂ ਕਰਨ ਵਿੱਚ ਲਚਕਤਾ ਲਿਆਉਣਾ ਅਤੇ ਕਮਿਊਨਿਟੀ ਦੀਆਂ ਲੋੜਾਂ ਤੇ ਸਥਿਤੀਆਂ ਦਾ ਸੰਤੁਲਨ ਬਣਾਉਣਾ ਹੈ। ਇਹ ਅੱਪਡੇਟ ਗਰੇਟਰ ਵੈਨਕੂਵਰ ਵਾਟਰ ਡਿਸਟ੍ਰਿਕਟ ਦੇ ਖੇਤਰੀ ਪਾਣੀ ਸੰਭਾਲ ਫਰੇਮਵਰਕ ਨਾਲ ਇਕਸਾਰਤਾ ਬਣਾਈ ਰੱਖਣਗੇ। ਇਸ ਦੇ ਨਾਲ ਹੀ ਸ਼ਹਿਰ ਦੀ ਵਧੇਰੇ ਪਾਣੀ ਦੀ ਮੰਗ ਸਮੇਂ ਸਥਾਨਕ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਧੀਆ ਤਰੀਕੇ ਨਾਲ ਜਵਾਬ ਦੇਣ ਦੀ ਆਗਿਆ ਵੀ ਦੇਣਗੇ। ਮੇਅਰ ਬਰੈਂਡਾ ਲੌਕ ਨੇ ਕਿਹਾ ਕਿ ਇਸ ਸਾਲ ਖੇਤਰ ਭਰ ਵਿੱਚ ਸਟੇਜ 2 ਦੀਆਂ ਪਾਣੀ ਪਾਬੰਦੀਆਂ ਆਮ ਨਾਲੋਂ ਪਹਿਲਾਂ ਲਾਗੂ ਕੀਤੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਨਿਵਾਸੀਆਂ ਅਤੇ ਕਾਰੋਬਾਰ ਮਾਲਕਾਂ ਦੀ ਮੰਗ ਸੀ ਕਿ ਗਰਮੀ ਦੇ ਸ਼ੁਰੂਆਤੀ ਮੌਸਮ ਦੌਰਾਨ ਜਨਤਕ ਗਤੀਵਿਧੀਆਂ ਅਤੇ ਪਾਣੀ ਸੰਭਾਲ ਵਿਚਕਾਰ ਸੰਤੁਲਨ ਬਣਾਉਣ ਲਈ ਲਚਕਤਾ ਅਹਿਮ ਹੈ। ਇਹ ਅੱਪਡੇਟ ਯਕੀਨੀ ਬਣਾਉਂਦੇ ਹਨ ਕਿ ਸਥਾਨਕ ਹਾਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿੰਮੇਵਾਰੀ ਨਾਲ ਪਾਣੀ ਦਾ ਪ੍ਰਬੰਧ ਜਾਰੀ ਰੱਖਿਆ ਜਾ ਸਕੇ। ਬਾਇਲਾਅ ਵਿੱਚ ਕੀਤੀਆਂ ਗਈਆਂ ਮੁੱਖ ਸੋਧਾਂ ਤਹਿਤ ਸਟੇਜ 1 ਦੌਰਾਨ ਰਿਹਾਇਸ਼ੀ ਲਾਅਨ ਨੂੰ ਪਾਣੀ ਦੇਣ ਦਾ ਸਮਾਂ ਸਵੇਰੇ 5 ਵਜੇ ਤੋਂ 7 ਵਜੇ ਦੀ ਬਜਾਏ ਸਵੇਰੇ 5 ਵਜੇ ਤੋਂ 8 ਵਜੇ ਤੱਕ ਕਰ ਦਿੱਤਾ ਗਿਆ ਹੈ। ਸਟੇਜ 2 ਦੌਰਾਨ ਖ਼ਾਸ ਸਪ੍ਰਿੰਕਲਿੰਗ ਪਰਮਿਟ ਦੀ ਆਗਿਆ ਦਿੱਤੀ ਗਈ ਹੈ ਅਤੇ ਸਟੇਜ 3 ਵਿੱਚ ਉਨ੍ਹਾਂ ਦੀ ਮਿਆਦ ਵਧਾਉਣ ਦੀ ਮਨਜ਼ੂਰੀ ਹੋਵੇਗੀ। ਇਸੇ ਤਰ੍ਹਾਂ ਸਟੇਜ 3 ਦੌਰਾਨ 5000 ਲੀਟਰ ਤੱਕ ਵਾਲੇ ਛੋਟੇ ਰਿਹਾਇਸ਼ੀ ਪੂਲਾਂ ਨੂੰ ਭਰਨ ਦੀ ਆਗਿਆ ਵੀ ਦਿੱਤੀ ਗਈ ਹੈ। ਹਰ ਸਟੇਜ ਵਿੱਚ ਠੰਢਕ ਦੇ ਸਾਧਨਾਂ ਜਿਵੇਂ ਕਿ ਸਪਰੇਅ ਪਾਰਕ, ਮਿਸਟਿੰਗ ਸਟੇਸ਼ਨ ਅਤੇ ਨਗਰਪਾਲਿਕਾ ਪੂਲਾਂ ਤੱਕ ਲੋਕਾਂ ਦੀ ਪਹੁੰਚ ਕਾਇਮ ਰਹੇਗੀ। ਸਟੇਜ 1, 2 ਅਤੇ 3 ਦੌਰਾਨ ਨਗਰਪਾਲਿਕਾ ਦੇ ਕੰਮਕਾਜ ਅਤੇ ਨਿਰਮਾਣ ਗਤੀਵਿਧੀਆਂ ਲਈ ਛੋਟਾਂ ਨੂੰ ਵੀ ਸਪੱਸ਼ਟ ਕੀਤਾ ਗਿਆ ਹੈ। ਅੱਪਡੇਟ ਕੀਤੇ ਬਾਇਲਾਅ ਵਿੱਚ ਇਹ ਵੀ ਸਾਫ ਕੀਤਾ ਗਿਆ ਹੈ ਕਿ ਸ਼ਹਿਰ ਕੋਲ ਸਥਾਨਕ ਹਾਲਤਾਂ ਅਨੁਸਾਰ ਪਾਣੀ ਦੀਆਂ ਪਾਬੰਦੀਆਂ ਦੇ ਸਟੇਜ ਲਾਗੂ ਕਰਨ ਦਾ ਪੂਰਾ ਅਧਿਕਾਰ ਹੈ। ਸਿਟੀ ਵੱਲੋਂ ਵਸਨੀਕਾਂ ਅਤੇ ਕਾਰੋਬਾਰਾਂ ਨੂੰ ਪਾਣੀ ਦੀਆਂ ਪਾਬੰਦੀਆਂ ਬਾਰੇ ਲਗਾਤਾਰ ਸੂਚਿਤ ਕਰਨਾ ਜਾਰੀ ਰੱਖਿਆ ਜਾਵੇਗਾ। ਜੇਕਰ ਸਰੀ ਦੀਆਂ ਪਾਬੰਦੀਆਂ ਖੇਤਰੀ ਨਿਯਮਾਂ ਤੋਂ ਵੱਖਰੀਆਂ ਹੋਣਗੀਆਂ ਤਾਂ ਸਿਟੀ ਵਾਧੂ ਜਾਣਕਾਰੀ ਸਾਂਝੀ ਕਰੇਗਾ। ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਚੇਤਾਵਨੀਆਂ ਦਿੱਤੀਆਂ ਜਾਣਗੀਆਂ ਅਤੇ ਵਾਰ ਵਾਰ ਉਲੰਘਣਾ ਕਰਨ ਵਾਲਿਆਂ ਨੂੰ ਸਥਾਪਿਤ ਪ੍ਰਕਿਰਿਆਵਾਂ ਅਨੁਸਾਰ ਜੁਰਮਾਨੇ ਜਾਰੀ ਕੀਤੇ ਜਾਣਗੇ ਤਾਂ ਜੋ ਅੱਗ ਬੁਝਾਉਣ ਸਮੇਤ ਜ਼ਰੂਰੀ ਵਰਤੋਂ ਲਈ ਪਾਣੀ ਬਚਾਇਆ ਜਾ ਸਕੇ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ