14.9 C
Vancouver
Saturday, May 30, 2026

ਐਬਟਸਫੋਰਡ ’ਚ ਪੁਲਿਸ ਡਰੱਗ ਲੈਬ ਦਾ ਪਰਦਾਫਾਸ਼

ਸਰੀ, (ਏਕਜੋਤ ਸਿੰਘ): ਐਬਟਸਫੋਰਡ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਇੱਕ ਸਾਂਝੀ ਕਾਰਵਾਈ ਕਰਦਿਆਂ ਪਿਛਲੇ ਹਫਤੇ ਇੱਕ ਗੈਰ ਕਾਨੂੰਨੀ ਡਰੱਗ ਲੈਬ ਦਾ ਪਰਦਾਫਾਸ਼ ਕੀਤਾ ਹੈ। ਇਸ ਛਾਪੇਮਾਰੀ ਦੌਰਾਨ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਗੈਰ ਕਾਨੂੰਨੀ ਹਥਿਆਰਾਂ ਦਾ ਜ਼ਖੀਰਾ ਵੀ ਬਰਾਮਦ ਕੀਤਾ ਗਿਆ ਹੈ। ਕੰਬਾਈਂਡ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਆਫ ਬ੍ਰਿਟਿਸ਼ ਕੋਲੰਬੀਆ ਵੱਲੋਂ ਜਾਰੀ ਕੀਤੀ ਗਈ ਪ੍ਰੈਸ ਰਿਲੀਜ਼ ਅਨੁਸਾਰ ਉਨ੍ਹਾਂ ਦੀ ਗੈਰ ਕਾਨੂੰਨੀ ਹਥਿਆਰਾਂ ਦੀ ਇਨਫੋਰਸਮੈਂਟ ਟੀਮ ਨੇ 21 ਮਈ ਦਿਨ ਵੀਰਵਾਰ ਨੂੰ ਬ੍ਰੈਡਨਰ ਰੋਡ ਖੇਤਰ ਵਿੱਚ ਇੱਕ ਸਰਚ ਵਾਰੰਟ ਤਾਮੀਲ ਕੀਤਾ ਸੀ।
ਨਸ਼ਿਆਂ ਅਤੇ ਹਥਿਆਰਾਂ ਦੀ ਚੱਲ ਰਹੀ ਇਸ ਡੂੰਘੀ ਜਾਂਚ ਤਹਿਤ ਲੋਅਰ ਮੇਨਲੈਂਡ ਇੰਟੀਗ੍ਰੇਟਿਡ ਐਮਰਜੈਂਸੀ ਰਿਸਪਾਂਸ ਟੀਮ, ਆਰਸੀਐਮਪੀ ਦੀ ਲੈਬ ਇਨਫੋਰਸਮੈਂਟ ਟੀਮ ਅਤੇ ਐਬਟਸਫੋਰਡ ਪੁਲਿਸ ਵਿਭਾਗ ਨੇ ਮਿਲ ਕੇ ਇਹ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਏਜੰਸੀਆਂ ਵੱਲੋਂ ਇਸ ਕਾਰਵਾਈ ਨੂੰ ਬਹੁਤ ਹੀ ਰਣਨੀਤਕ ਅਤੇ ਤਾਲਮੇਲ ਵਾਲੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਹੋਵੇ। ਯੂਨਿਟ ਦੀ ਮੀਡੀਆ ਰਿਲੇਸ਼ਨ ਅਫਸਰ ਸਾਰਜੈਂਟ ਸਰਬਜੀਤ ਕੌਰ ਸੰਘਾ ਨੇ ਦੱਸਿਆ ਕਿ ਅਜਿਹੇ ਆਪਰੇਸ਼ਨ ਸਥਾਨਕ ਵਸਨੀਕਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦੇ ਹਨ ਪਰ ਪੁਲਿਸ ਦੀ ਮੁੱਖ ਤਰਜੀਹ ਹਮੇਸ਼ਾ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੁੰਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਜਿਹੀਆਂ ਗੈਰ ਕਾਨੂੰਨੀ ਡਰੱਗ ਲੈਬਾਂ ਦੀ ਖੋਜ ਅਤੇ ਉਨ੍ਹਾਂ ਨੂੰ ਬੰਦ ਕਰਨ ਨਾਲ ਆਸ ਪਾਸ ਦੇ ਇਲਾਕਿਆਂ ਵਿੱਚ ਖਤਰਨਾਕ ਪਦਾਰਥਾਂ ਅਤੇ ਸੰਗਠਿਤ ਅਪਰਾਧਾਂ ਦੇ ਖਤਰੇ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਸ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਤੱਕ ਪਹੁੰਚ ਕੀਤੀ ਜਾ ਸਕੇ। ਇਸ ਸਫਲ ਕਾਰਵਾਈ ਨੇ ਸ਼ਹਿਰ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ