ਸਰੀ, (ੲੇਕਜੋਤਸਿੰਘ): ਉਦਯੋਗ ਮੰਤਰੀ ਮੇਲਾਨੀ ਜੋਲੀ ਦੇ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੋਂਡਾ ਮੋਟਰ ਕੰਪਨੀ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਹ ਬਿਆਨ ਇੱਕ ਜਪਾਨੀ ਰਿਪੋਰਟ ਤੋਂ ਬਾਅਦ ਆਇਆ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਹੋਂਡਾ ਕੈਨੇਡਾ ਵਿੱਚ ਆਪਣੀ 15 ਬਿਲੀਅਨ ਡਾਲਰ ਦੀ ਇਲੈਕਟ੍ਰਿਕ ਵਾਹਨ (EV) ਨਿਰਮਾਣ ਸਹੂਲਤ ਦੀ ਯੋਜਨਾ ਨੂੰ ਰੋਕ ਰਿਹਾ ਹੈ। ਹਾਲਾਂਕਿ, ਹੋਂਡਾ ਕੈਨੇਡਾ ਦੇ ਬੁਲਾਰੇ ਨੇ ਕਿਹਾ ਹੈ ਕਿ ਕੰਪਨੀ ਵੱਲੋਂ ਅਜਿਹੀ ਕੋਈ ਰਿਪੋਰਟ ਅਧਿਕਾਰਤ ਤੌਰ ‘ਤੇ ਜਾਰੀ ਨਹੀਂ ਕੀਤੀ ਗਈ ਅਤੇ ਫਿਲਹਾਲ ਸਾਂਝੀ ਕਰਨ ਲਈ ਕੋਈ ਨਵੀਂ ਜਾਣਕਾਰੀ ਨਹੀਂ ਹੈ। ਮੰਤਰੀ ਦੇ ਦਫ਼ਤਰ ਅਨੁਸਾਰ ਅਮਰੀਕੀ ਟੈਰਿਫ ਅਤੇ ਅਮਰੀਕਾ ਦੀਆਂ ਘਰੇਲੂ ਨੀਤੀਆਂ ਵਿੱਚ ਬਦਲਾਅ ਕਾਰਨ ਆਟੋ ਨਿਰਮਾਤਾਵਾਂ ‘ਤੇ ਦਬਾਅ ਵਧ ਰਿਹਾ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਵੀ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਸਾਰੀਆਂ ਵੱਡੀਆਂ ਆਟੋ ਕੰਪਨੀਆਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਆਟੋ ਸੈਕਟਰ ਵਿੱਚ ਅਮਰੀਕੀ ਟੈਰਿਫ ਇੱਕ ਵੱਡੀ ਚੁਣੌਤੀ ਬਣ ਕੇ ਉੱਭਰੇ ਹਨ ਜੋ ਕਿ ਗੈਰ-ਵਾਜਬ ਹਨ। ਦੂਜੇ ਪਾਸੇ, ਕੰਜ਼ਰਵੇਟਿਵ ਵਪਾਰਕ ਆਲੋਚਕ ਐਡਮ ਚੈਂਬਰਜ਼ ਨੇ ਸਰਕਾਰ ਦੀ ਆਟੋ ਨੀਤੀ ਦੀ ਨਿਖੇਧੀ ਕਰਦਿਆਂ ਇਸ ਨੂੰ ਸਰਕਾਰ ਦੀਆਂ ਨੀਤੀਆਂ ਦੀ ਨਾਕਾਮੀ ਦੱਸਿਆ ਹੈ। ਉਨ੍ਹਾਂ ਅਨੁਸਾਰ ਸਬਸਿਡੀਆਂ ਦੇ ਕੇ ਕੰਪਨੀਆਂ ਨੂੰ ਭਰਮਾਉਣ ਦੀ ਨੀਤੀ ਕਾਰਨ ਕੁਝ ਨਿਰਮਾਤਾ ਆਪਣਾ ਉਤਪਾਦਨ ਕੈਨੇਡਾ ਤੋਂ ਬਾਹਰ ਲਿਜਾਣ ਲਈ ਮਜਬੂਰ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਸਾਲ 2024 ਵਿੱਚ ਐਲਾਨਿਆ ਗਿਆ ਸੀ ਅਤੇ 2028 ਤੱਕ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਸੀ। ‘ਨਿੱਕੇਈ ਏਸ਼ੀਆ’ ਦੀ ਰਿਪੋਰਟ ਅਨੁਸਾਰ ਅਮਰੀਕਾ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਘੱਟਦੀ ਮੰਗ ਕਾਰਨ ਹੋਂਡਾ ਇਸ ਪ੍ਰੋਜੈਕਟ ਨੂੰ ਫ੍ਰੀਜ਼ ਕਰਨ ਬਾਰੇ ਵਿਚਾਰ ਕਰ ਰਿਹਾ ਹੈ। ਸਾਲ 2025 ਵਿੱਚ ਵੀ ਮਾਰਕੀਟ ਦੀ ਸੁਸਤੀ ਕਾਰਨ ਇਸ ਵਿੱਚ ਦੋ ਸਾਲ ਦੀ ਦੇਰੀ ਹੋਈ ਸੀ। ਜੇਕਰ ਇਹ ਪ੍ਰੋਜੈਕਟ ਰੱਦ ਹੁੰਦਾ ਹੈ ਤਾਂ ਇਸ ਨਾਲ 1,000 ਨਵੀਆਂ ਨੌਕਰੀਆਂ ਪੈਦਾ ਹੋਣ ਦੀ ਉਮੀਦ ਖਤਮ ਹੋ ਸਕਦੀ ਹੈ। ਫਿਲਹਾਲ ਸਰਕਾਰ ਨੇ ਕਿਹਾ ਹੈ ਕਿ ਉਹ ਮੌਜੂਦਾ ਆਟੋ ਸਹੂਲਤਾਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕਦੀ ਰਹੇਗੀ। This report was written by Ekjot Singh as part of the Local Journalism Initiative.
ਕੈਨੇਡਾ ਵਿੱਚ ਹੋਂਡਾ ਦੇ 15 ਬਿਲੀਅਨ ਡਾਲਰ ਦੇ ਈਵੀ ਪ੍ਰੋਜੈਕਟ ’ਤੇ ਸੰਕਟ ਦੇ ਬੱਦਲ

