18.1 C
Vancouver
Sunday, April 19, 2026

ਖਾਲਸੇ ਦਾ ਦਿਵਸ ਵਿਸਾਖੀ

ਲੇਖਕ : ਡਾ. ਪੂਰਨ ਸਿੰਘ
ਖਤ੍ਰੀ ਬ੍ਰਾਹਮਣ ਸੂਦ ਵੈਸ
ਉਪਦੇਸੁ ਚਹੁ ਵਰਨਾ ਕਉ ਸਾਝਾ ॥
1699 ਦੀ ਵੈਸਾਖੀ, ਇਤਿਹਾਸ ਅੰਦਰ ਇੱਕ ਅਦੁੱਤੀ ਕਾਰਨਾਮਾ ਹੈ, ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਿ ਕੀਨੀ ਖਾਲਸਾ, ਦਾ ਐਲਾਨ ਕੀਤਾ । ਖਾਲਸਾ ਪੰਥ ਨੂੰ ਸੰਪੂਰਨ ਮੰਨਕੇ ਗੁਰਿਆਈ ਬਖਸ਼ ਦਿੱਤੀ । ਖਾਲਸਾ ਪੰਥ ਦੀ ਸਥਾਪਨਾ ਕੋਈ ਝਟ-ਪਟ ਕੀਤਾ ਫੈਸਲਾ ਨਹੀਂ ਸੀ, ਇਹ ਬਹੁਤ ਹੀ ਯੋਜਨਾ ਬਧ ਤਰੀਕੇ ਨਾਲ ਸ਼ੁਰੂ ਕਰਕੇ 1699 ਦੀ ਵੈਸਾਖੀ ਨੂੰ ਸੰਪੂਰਨ ਹੋਇਆ । ਭਾਵੇਂ ਜਦੋਂ ਵੀ ਖਾਲਸੇ ਦੀ ਵੈਸਾਖੀ ਦੀ ਗੱਲ ਹੁੰਦੀ ਹੈ ਤਾਂ ਆਖਿਆ ਜਾਂਦਾ ਹੈ ਕਿ ਪੰਜਾਬ ਅੰਦਰ ਵੈਸਾਖੀ ਵੇਲੇ ਫਸਲਾਂ ਪੱਕਣ ਦੀ ਰੁੱਤ ਹੋਣ ਕਰਕੇ ਕਿਸਾਨਾਂ ਨੂੰ ਅਤਿ ਖੁਸ਼ੀ ਹੁੰਦੀ ਹੈ । ਇਸ ਖੁਸ਼ੀ ਦਾ ਪ੍ਰਗਟਾਵਾ ਕਰਨ ਲਈ ਉਹ ਭੰਗੜੇ ਪਾਉਂਦੇ ਹਨ। ਅਸੀਂ ਪੰਜਾਬ ਵਿਚ ਰਹੇ ਹਾਂ ਪਰ ਕਿਸਾਨਾਂ ਨੂੰ ਖੁਸ਼ੀਆਂ ਪ੍ਰਗਟਾਉਣ ਲਈ ਕਦੀ ਵੀ ਭੰਗੜੇ ਪਾਉਂਦੇ ਨਹੀਂ ਦੇਖਿਆ ।
ਇਹ ਕਿਹਾ ਜਾਂਦਾ ਹੈ ਕਿ ਮੌਸਮੀ ਤਿਉਹਾਰ ਨੂੰ ਇਸ ਲਈ ਚੁਣਿਆ ਗਿਆ ਕਿ ਇਸ ਸਮੇਂ ਫੱਸਲਾਂ ਪੱਕ ਜਾਂਦੀਆਂ ਹਨ ਅਤੇ ਦੋ ਸਦੀਆਂ ਤੋਂ ਉਪਰ ਸਮਾਂ ਲਗਾਕੇ ਸੰਗਤਿ ਨੂੰ ਖਾਲਸਾ ਕੌਮ ਬਣਾ ਦਿੱਤਾ। ਕੁੱਝ ਸਮਾਂ ਪਹਿਲਾਂ ਵੈਸਾਖੀ ਨੂੰ ਖਾਲਸੇ ਦਾ ਜਨਮ ਦਿਨ ਆਖਿਆ ਜਾਂਦਾ ਸੀ, ਅਤੇ ਇਸ ਦੀ ਥਾਂ ਹੁਣ ਖਾਲਸੇ ਦਾ ਸਿਰਜਣਾ ਜਾਂ ਸਾਜਣਾ ਦਿਵਸ ਆਖਣ ਦੀ ਪਿਰਤ ਸ਼ੁਰੂ ਹੋ ਗਈ ਹੈ। ਇਹ ਸ਼ਬਦ ਭਾਵੇੱ ਢੁਕਵੇੱ ਲਗਦੇ ਹਨ, ਪਰ ਅਸਲ ਵਿਚ ਜੇ ਇੰਜ ਵੀ ਆਖ ਲਈਏ ਕਿ ਇਸ ਦਿਨ ਖਾਲਸੇ ਦੀ ਸੰਪੂਰਨਤਾ ਹੋਈ ਸੀ, ਤਾਂ ਸਿਧਾਂਤਕ ਪੱਖੋਂ ਠੀਕ ਜਾਪਦਾ ਹੈ । ਹੁਣ ਇਹ ਸਵਾਲ ਵੀ ਉਠ ਸਕਦਾ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ , ਤਾਂ ਫਿਰ ਗੁਰੂ ਨਾਨਕ ਦੇਵ ਜੀ ਦਾ ਮਿਸ਼ਨ ਕੋਈ ਹੋਰ ਸੀ? ਦੂਸਰਾ ਵਿਰੋਧੀ ਧਿਰਾਂ ਵਲੋੱ ਮੁੱਢ ਤੋੱ ਹੀ ਜਤਨ ਹੁੰਦੇ ਰਹੇ ਕਿ ਗੁਰੂਆਂ ਵਲੋੱ ਗੁਰਮਤਿ ਸਿਧਾਂਤਾਂ ਨੂੰ ਵੱਖ ਵੱਖ ਦਸਿਆ ਜਾਵੇ । ਕੁੱਝ ਡੇਰੇਦਾਰਾਂ ਵਲੋੱ ਇਹ ਵੀ ਪ੍ਰਚਾਰਿਆ ਜਾਂਦਾ ਕਿ ਪਹਿਲੇ ਗੁਰੂ ਤੋੱ ਲੈ ਕੇ ਪੰਜਵੇੱ ਗੁਰੂ ਅਰਜਨ ਦੇਵ ਜੀ ਤੱਕ ਸਰਬ-ਪ੍ਰਵਾਨਤ ਸਿਧਾਂਤ ਸਨ, ਪਰ ਛੇਵੇੱ ਗੁਰੂ ਵਲੋੱ ਤਲਵਾਰ ਚੁਕਣਾ ਪਹਿਲੇ ਗੁਰੂਆਂ ਦੇ ਸਿਧਾਂਤਾਂ ਦੇ ਵਿਪਰੀਤ ਸੀ। ਇੰਜ ਅਗਿਆਨਤਾ ਵਸ ਲੋਕ ਸਮਝਦੇ ਸਨ ਕਿ ਪਹਿਲੇ ਪੰਜ ਗੁਰੂਆਂ ਨੇ ਬਾਣੀ ਰਚੀ ਤੇ ਛੇਵੇੱ ਗੁਰਾਂ ਨੇ ਬਾਣੀ ਰੱਚਣ ਦੀ ਥਾਂ ਤਲਵਾਰ ਉਠਾ ਲਈ ਤੇ ਰਾਜਿਆਂ ਮਹਾਰਾਜਿਆਂ ਵਾਂਗੂੰ ਸ਼ਿਕਾਰ ਖੇਡਦਾ ਸ਼ੁਰੂ ਕਰ ਦਿੱਤਾ। ਇਸ ਭੁਲੇਖੇ ਨੂੰ ਦੁਰ ਕਰਨ ਲਈ ਭਾਈ ਗੁਰਦਾਸ ਨੇ ਵਾਰ ਵੀ ਰੱਚੀ ਤੇ ਸੰਗਤਾਂ ਨੂੰ ਸਪਸ਼ਟ ਕੀਤਾ ।
ਆਮ ਤੌਰ ਤੇ ਇਹ ਮੰਨਿਆ ਜਾਂਦਾ ਹੈ ਕਿ ਮੀਰੀ-ਪੀਰੀ ਸਿਧਾਂਤ ਗੁਰੂ ਹਰਿਗੋਬਿੰਦ ਜੀ ਨੇ ਪ੍ਰਚਲਤ ਕੀਤਾ। ਇਸ ਤੱਥ ਵਿਚ ਸਚਾਈ ਨਹੀਂ ਹੈ । ਅਸਲ ਵਿਚ ਤਲਵਾਰ ਫੜਣ ਜਾਂ ਮੀਰੀ-ਪੀਰੀ ਦਾ ਸੰਕਲਪ ਗੁਰੂ ਨਾਨਕ ਦੇਵ ਜੀ ਨੇ ਸਥਾਪਤ ਕਰ ਦਿੱਤਾ ਸੀ। ਭਾਈ ਗੁਰਦਾਸ ਜੀ ਦੇ ਬਚਨ ਅਨੁਸਾਰ ‘’ਮਾਰਿਆ ਸਿਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ ।’’ ਕੀ ਇਹ ਮੀਰੀ-ਪੀਰੀ ਨਹੀਂ ਸੀ, ਜਦੋੱ ਗੁਰੂ ਨਾਨਕ ਦੇਵ ਜੀ ਉਸ ਸਮੇੱ ਦੇ ਰਾਜਿਆਂ ਤੇ ਧਾਰਮਕ ਆਗੂਆਂ ਦੀਆਂ ਗਲਤ ਨੀਤੀਆਂ ਨੂੰ ਭੰਡਿਆਂ ,
ਕਾਦੀ ਕੂੜੁ ਬੋਲਿ ਮਲੁ ਖਾਇ॥
ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੂ॥
ਤੀਨੇ ਉਜਾੜੇ ਕਾ ਬੰਧੁ ॥
(ਰਾਗ਼ ਪੰਨਾ662)
ਬਾਬਰ ਵਰਗੇ ਤਾਕਤਵਰ ਬਾਦਸ਼ਾਹ ਨੂੰ ਜ਼ਾਬਰ ਆਖਦਾ ਤੇ ਉਸਦੀ ਫੌਜ਼ ਨੂੰ ਪਾਪ ਕੀ ਜੰਞ ਕਹਿ ਦੇਣਾ ਬਹੁਤ ਵੱਡੀ ਜ਼ੁਰਅਤ ਸੀ ਤੇ ਇਹ ਉਨ੍ਹਾਂ ਦੀ ਮੀਰੀ-ਪੀਰੀ ਦਾ ਸੰਕੇਤ ਹੈ ।
ਪਾਪ ਕੀ ਜੰਞ ਲੈ ਕਾਬਲਹੁ ਧਾਇਆ,
ਜੋਰੀ ਮੰਗੈ ਦਾਨ ਵੈ ਲਾਲੋ ॥ (ਪੰਨਾ 722)
ਇਸਤੋਂ ਬਿਨ੍ਹਾਂ ਗੁਰੂ ਨਾਨਕ ਦੇਵ ਜੀ ਵਲੋੱ ਸਿੱਖ ਇਨਕਲਾਬ ਵਿੱਚ ਹਿੱਸਾ ਲੈਣ ਵਾਲਿਆਂ ਲਈ ਵਿਸ਼ੇਸ਼ ਸ਼ਰਤ ਰੱਖੀ ਸੀ,
ਜੇਉ ਤਉ ਪ੍ਰੇਮ ਖੇਲਣ ਕਾ ਚਾਉ,
ਸਿਰੁ ਧਰਿ ਤਲੀ ਗਲੀ ਮੇਰੀ ਆਉ ॥ (1412)
ਉਪਰੋਕਤ ਤੱਥ ਨੂੰ ਹੋਰ ਸਪਸ਼ਟ ਕਰਨ ਲਈ ਡਾਕਟਰ ਗੋਕਲ ਚੰਦ ਨਾਰੰਗ ਦੇ ਬਚਨ ਮਹੱਤਤਾ ਪੂਰਨ, ਉਸ ਅਨੁਸਾਰ ‘ਜਿਸ ਖੰਡੇ ਨਾਲ ਖਾਲਸੇ ਦੀ ਸਾਜਣਾ ਕੀਤੀ, ਉਸ ਖੰਡੇ ਦਾ ਸਟੀਲ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ।’’ ਜੋ ਦਰੱਖਤ ਗੁਰੂ ਗੋਬਿੰਦ ਸਿੰਘ ਜੀ ਸਮੇੱ ਪ੍ਰਫੁਲਤ ਹੋਇਆ, ਉਸਦਾ ਬੀਜ ਗੁਰੂ ਨਾਨਕ ਦੇਵ ਜੀ ਬੀਜਿਆ ਅਤੇ ਉਸਦੀ ਪਾਲਣਾ-ਪੋਸ਼ਣ ਹੋਰ ਗੁਰੂਆਂ ਨੇ ਕੀਤੀ । ਗੁਰੂ ਹਰਿਗੋਬਿੰਦ ਸਾਹਿਬ ਤੋੱ ਪਿਛੋੱ ਗੁਰੂ ਹਰਿ ਰਾਇ ਸਾਹਿਬ 2200 ਘੋੜ ਸਵਾਰ ਤਿਆਰ ਬਰ ਤਿਆਰ ਰਹਿੰਦੇ ਸਨ, ਭਾਵੇੱ ਫੌਜ ਦਾ ਪ੍ਰਯੋਗ ਨਹੀਂ ਹੋਇਆ, ਪਰ ਫੌਜ ਰੱਖਣ ਦੀ ਪ੍ਰੰਪਰਾ ਸ਼ੁਰੂ ਕਰ ਦਿੱਤੀ ਸੀ । ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਵਲੋੱ ਸਥਾਪਤ ਗੁਰਮਤਿ ਸਿਧਾਂਤਾਂ ਲਾਂਭੇ ਨਹੀਂ ਹੋਏ । ਉਨ੍ਹਾਂ ਨੇ ਪਹਿਲੇ ਗੁਰੂਆਂ ਦੀ ਰੱਚੀ ਗੁਰਬਾਣੀ ਤੇ ਸੰਪਾਦਤ ਆਦਿ ਗ੍ਰੰਥ ਜੀ ਨੂੰ ਗੁਰੂ ਪੱਦ ਦਿਤਾ ਅਤੇ ਇਹ ਸਿਧਾਂਤ ਵੀ ਪਹਿਲਾਂ ਹੀ ਸਥਾਪਤ ਸੀ । ਗੁਰੂ ਰਾਮ ਦਾਸ ਜੀ ਨੇ ਆਖ ਦਿੱਤਾ ਸੀ,
ਬਾਣੀ ਗੁਰੂ ਗੁਰੂ ਹੈ ਬਾਣੀ,
ਵਿਚਿ ਬਾਣੀ ਅੰਮ੍ਰਿਤ ਸਾਰੇ ॥
ਸੁਭਾਵਕ ਹੀ ਆਖਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਾਤ-ਪਾਤ ਪ੍ਰਥਾ ਖਤਮ ਕਰਕੇ ਪੰਜਾਂ ਪਿਆਰਿਆਂ ਦੀ ਚੋਣ ਛੋਟੀਆਂ ਜਾਤੀਆਂ ਵਿਚੋੱ ਕੀਤੀ । ਇਹ ਸਿਧਾਂਤ ਵੀ ਪੁਰਾਣਾ ਸੀ, ਜਦੋਂ ਪਹਿਲੇ ਗੁਰੂਆਂ ਨੇ ਸੰਗਤ ਤੇ ਪੰਗਤ ਦੁਆਰਾ ਊਚ-ਨੀਚ ਦੇ ਭੇਦ ਨੂੰ ਮਿਟਾ ਦਿੱਤਾ ਗਿਆ। ਸਰੋਵਰਾਂ ਦੇ ਸਾਂਝੇ ਪਾਣੀਆਂ ਵਿੱਚ ਸਭ ਜਾਤਾਂ ਦੇ ਲੋਕਾਂ ਨੂੰ ਇਸ਼ਨਾਨ ਕਰਨ ਦੀ ਖੁੱਲ੍ਹ ਦਿੱਤੀ ਤਾਂ ਜੋ ਆਪਸੀ ਭਿੱਟ ਖਤਮ ਹੋ ਜਾਵੇ । ਆਖ਼ਰ ਪੰਜਾਂ ਪਿਆਰਿਆਂ ਨੂੰ ਇਕੋ ਬਾਟੇ ਨੂੰ ਮੂੰਹ ਲਗਵਾ ਦਿੱਤਾ । ਖਾਲਸੇ ਨੂੰ ਗੁਰਿਆਈ ਦੇਕੇ, ਉਸਨੂੰ ਗੁਰੂ ਖਾਲਸਾ ਪਦ ਬਖਸ਼ ਦਿੱਤਾ । ਮੂਲ ਤੱਤ ਇਹ ਹੈ ਕਿ 1699 ਦੀ ਵੈਸਾਖੀ ਨੂੰ ਗੁਰੂ ਨਾਨਕ ਦੇਵ ਜੀ ਵਲੋੱ ਸ਼ੁਰੂ ਕੀਤੇ ਸਿੱਖ ਲਹਿਰ ਨੂੰ ਸੰਪੂਰਨਕਰ ਦਿੱਤਾ। ਸਮੂਹ ਕੋਮ ਦੀ ਅਗਵਾਈ ਕਰਨ ਲਈ ਪੰਜਾਂ ਪਿਆਰਿਆਂ ਦੀ ਚੋਣ ਕਰਕੇ ਸੰਸਾਰ ਅੰਦਰ ਨਵੀਂ ਤੇ ਵਿਲੱਖਣ ਲੋਕ-ਤੰਤਰੀ ਪ੍ਰਣਾਲੀ ਨੂੰ ਜਨਮ ਦਿੱਤਾ। ਪੰਜਾਬ ਅੰਦਰ ਵੈਸਾਖੀ ਦੀ ਮਹਾਨਤਾ ਖਾਲਸੇ ਦੀ ਸੰਪੂਰਨਤਾ ਕਰਕੇ ਹੋਈ ਹੈ । ਪਹਿਲੀ, ਵੈਸਾਖ, ਵਿਸ਼ੇਸ਼ ਕਰਕੇ ਬਿਕ੍ਰਮੀ ਸੰਮਤ ਦਾ ਨਵਾਂ ਸਾਲ ਚੜ੍ਹਣ ਦਾ ਪ੍ਰਤੀਕ ਸੀ। ਹੁਣ ਵੀ ਭਾਰਤ ਦੇ ਕਈ ਸੂਬਿਆਂ ਵਿਚ ਵੈਸਾਖ ਨੂੰ ਬਤੌਰ ਨਵਾਂ ਸਾਲ ਮੰਨਿਆ ਜਾਂਦਾ ਹੈ। ਕਿਤੇ ਇਹ ਨਾ ਕਿ ਇਹ ਫਸਲਾਂ ਪੱਕਣ ਦਾ ਮੋਸਮ ਹੈ ਅਤੇ ਪੰਜਾਬੀ ਲੋਕਾਂ ਵਲੋੱ ਭੰਗੜੇ ਪਾਉਣਾ ਅਤੇ ਗੀਤਾਂ ਨਾਲ ਮਨ ਪ੍ਰਚਾਉਣ ਨੂੰ ਆਪਣਾ ਮੁੱਖ ਮਨੋਰਥ ਸਮਝੀਏ ।
ਖਾਲਸਈ ਵਿਰਸੇ ਦੀ ਮਹਾਨਤਾ ਨੂੰ ਪ੍ਰਚਾਰਨਾ ਅਖਵਾ ਖਾਲਸਈ ਪ੍ਰੰਪਰਾਵਾਂ ਅਨੁਸਾਰ ਜੋੜ-ਮੇਲੇ ਹੀ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੋ ਸਕਦੇ ਹਨ ।

ਰੁਝਾਨ ਖਬਰਾਂ