11.4 C
Vancouver
Saturday, May 9, 2026

ਸਰੀ ਮੇਅਰ ਦੇ ਉਮੀਦਵਾਰ ਹੋਨਵੀਰ ਰੰਧਾਵਾ ਵਲੋਂ ਪਾਣੀ ਦੇ ਬਿੱਲ 50 ਫੀਸਦੀ ਤੱਕ ਘਟਾਉਣ ਦਾ ਵਾਅਦਾ

ਸਰੀ, (ਏਕਜੋਤ ਸਿੰਘ): ਸਰੀ ਦੇ ਮੇਅਰ ਦੀ ਚੋਣ ਲਈ ਕੰਜ਼ਰਵੇਟਿਵ ਉਮੀਦਵਾਰ ਹੋਨਵੀਰ ਰੰਧਾਵਾ ਨੇ ਸ਼ਹਿਰ ਦੇ ਵਸਨੀਕਾਂ ਲਈ ਇੱਕ ਵੱਡਾ ਚੋਣ ਵਾਅਦਾ ਕੀਤਾ ਹੈ। ਰੰਧਾਵਾ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਸਰੀ ਵਿੱਚ ਪਾਣੀ ਦੇ ਬਿੱਲਾਂ ਵਿੱਚ 50 ਫੀਸਦੀ ਤੱਕ ਦੀ ਕਟੌਤੀ ਕੀਤੀ ਜਾਵੇਗੀ। ਇਸ ਕਦਮ ਨਾਲ ਹਜ਼ਾਰਾਂ ਪਰਿਵਾਰਾਂ ਨੂੰ ਹਰ ਸਾਲ ਔਸਤਨ 1,427 ਡਾਲਰ ਦੀ ਬਚਤ ਹੋਵੇਗੀ। ਉਹਨਾਂ ਅਨੁਸਾਰ ਇਸ ਦਾ ਮੁੱਖ ਹੱਲ ਘਰਾਂ ਵਿੱਚ ਪਾਣੀ ਦੇ ਮੀਟਰ ਲਗਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਮੁਫ਼ਤ ਕਰਨਾ ਹੈ ਤਾਂ ਜੋ ਸਰੀ ਦੇ ਪਰਿਵਾਰ ਫਲੈਟ-ਰੇਟ ਵਾਲੇ ਮਹਿੰਗੇ ਬਿੱਲਾਂ ਤੋਂ ਛੁਟਕਾਰਾ ਪਾ ਕੇ ਮੀਟਰ ਵਾਲੀ ਘੱਟ ਦਰ ਉੱਤੇ ਜਾ ਸਕਣ।
ਹੋਨਵੀਰ ਰੰਧਾਵਾ ਨੇ ਕਿਹਾ ਕਿ ਪਰਿਵਾਰ ਆਪਣੇ ਪਾਣੀ ਦੇ ਬਿੱਲਾਂ ਵਿੱਚ ਹੋ ਰਹੇ ਲਗਾਤਾਰ ਵਾਧੇ ਤੋਂ ਪ੍ਰੇਸ਼ਾਨ ਹਨ ਅਤੇ ਉਹਨਾਂ ਨੂੰ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਮਿਲ ਰਿਹਾ। ਉਹਨਾਂ ਅਨੁਸਾਰ ਮੌਜੂਦਾ ਫਲੈਟ-ਰੇਟ ਪ੍ਰਣਾਲੀ ਉਹਨਾਂ ਲੋਕਾਂ ਨੂੰ ਸਜ਼ਾ ਦਿੰਦੀ ਹੈ ਜੋ ਘੱਟ ਪਾਣੀ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਨਵੇਂ ਮੀਟਰ ਲਗਾਉਣ ਦਾ ਭਾਰੀ ਖਰਚਾ ਬਰਦਾਸ਼ਤ ਨਹੀਂ ਕਰ ਸਕਦੇ। ਇਸ ਸਮੱਸਿਆ ਨੂੰ ਹੱਲ ਕਰਨ ਲਈ ਉਹ ਇੱਕ ਵਿਆਪਕ ਸ਼ਹਿਰ-ਪੱਧਰੀ ਪ੍ਰੋਗਰਾਮ ਸ਼ੁਰੂ ਕਰਨਗੇ, ਜਿਸ ਤਹਿਤ ਸਾਰੇ ਯੋਗ ਘਰਾਂ ਨੂੰ ਬਿਨਾਂ ਕਿਸੇ ਖਰਚੇ ਦੇ ਪਾਣੀ ਦੇ ਮੀਟਰ ਮੁਹੱਈਆ ਕਰਵਾਏ ਜਾਣਗੇ। ਜ਼ਿਕਰਯੋਗ ਹੈ ਕਿ ਇਸ ਸਮੇਂ ਮੀਟਰ ਲਗਾਉਣ ਲਈ ਸ਼ਹਿਰ ਵੱਲੋਂ ਸਿਰਫ਼ 400 ਡਾਲਰ ਦੀ ਰਿਬੇਟ ਦਿੱਤੀ ਜਾਂਦੀ ਹੈ, ਜੋ ਕਿ ਅਸਲ ਖਰਚੇ ਦੇ ਮੁਕਾਬਲੇ ਬਹੁਤ ਘੱਟ ਹੈ।
ਰੰਧਾਵਾ ਦੇ ਇਸ ਪਲਾਨ ਮੁਤਾਬਕ ਮੀਟਰ ਵਾਲੀ ਬਿਲਿੰਗ ਪ੍ਰਣਾਲੀ ਅਪਣਾਉਣ ਨਾਲ ਹਰ ਪਰਿਵਾਰ ਸਾਲਾਨਾ ਲਗਭਗ 1,467 ਡਾਲਰ ਬਚਾ ਸਕੇਗਾ। ਇਸ ਤੋਂ ਇਲਾਵਾ ਮੁਫ਼ਤ ਇੰਸਟਾਲੇਸ਼ਨ ਨਾਲ ਪਰਿਵਾਰਾਂ ਦੇ ਹਜ਼ਾਰਾਂ ਡਾਲਰ ਪਹਿਲਾਂ ਹੀ ਬਚ ਜਾਣਗੇ, ਜੋ ਉਹਨਾਂ ਨੂੰ ਮੌਜੂਦਾ ਨੀਤੀਆਂ ਤਹਿਤ ਖੁਦ ਖਰਚਣੇ ਪੈਂਦੇ ਹਨ। ਇਹ ਐਲਾਨ ਅਜਿਹੇ ਸਮੇਂ ਆਇਆ ਹੈ ਜਦੋਂ ਮੈਟਰੋ ਵੈਨਕੂਵਰ ਦੇ ਪ੍ਰੋਜੈਕਟਾਂ ਵਿੱਚ ਹੋ ਰਹੀ ਦੇਰੀ ਕਾਰਨ ਪਾਣੀ ਅਤੇ ਸੀਵਰ ਦਰਾਂ ਲਗਾਤਾਰ ਵਧ ਰਹੀਆਂ ਹਨ। ਰੰਧਾਵਾ ਨੇ ਨੋਰਥ ਸ਼ੋਰ ਵੇਸਟਵਾਟਰ ਟ੍ਰੀਟਮੈਂਟ ਪਲਾਂਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਿਸ ਪ੍ਰੋਜੈਕਟ ਦਾ ਬਜਟ 700 ਮਿਲੀਅਨ ਡਾਲਰ ਸੀ, ਉਹ ਹੁਣ ਵਧ ਕੇ 4 ਬਿਲੀਅਨ ਡਾਲਰ ਤੱਕ ਪਹੁੰਚ ਗਿਆ ਹੈ। ਉਹਨਾਂ ਅਨੁਸਾਰ ਇਹ ਲੀਡਰਸ਼ਿਪ ਦੀ ਵੱਡੀ ਅਸਫਲਤਾ ਹੈ ਜਿਸਦਾ ਬੋਝ ਸਰੀ ਦੇ ਵਸਨੀਕਾਂ ਉੱਤੇ ਪਾਇਆ ਜਾ ਰਿਹਾ ਹੈ।
ਕੰਜ਼ਰਵੇਟਿਵ ਉਮੀਦਵਾਰ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਮੈਟਰੋ ਵੈਨਕੂਵਰ ਤੋਂ ਵੱਧ ਰਹੇ ਖਰਚਿਆਂ ਬਾਰੇ ਪੂਰੀ ਪਾਰਦਰਸ਼ਤਾ ਦੀ ਮੰਗ ਕਰੇਗੀ ਅਤੇ ਬਿਲੀਅਨ ਡਾਲਰਾਂ ਦੇ ਬੁਨਿਆਦੀ ਢਾਂਚੇ ਦੀਆਂ ਅਸਫਲਤਾਵਾਂ ਦੀ ਸੁਤੰਤਰ ਆਡਿਟ ਕਰਵਾਈ ਜਾਵੇਗੀ। ਉਹਨਾਂ ਦਾ ਮੰਨਣਾ ਹੈ ਕਿ ਸਰੀ ਦੇ ਮੇਅਰਾਂ ਨੇ ਪਿਛਲੇ ਸਾਲਾਂ ਦੌਰਾਨ ਖੇਤਰੀ ਪੱਧਰ ‘ਤੇ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾਈ, ਜਿਸ ਕਾਰਨ ਹਾਲਾਤ ਸੁਧਰਨ ਦੀ ਬਜਾਏ ਹੋਰ ਵਿਗੜ ਗਏ ਹਨ। ਰੰਧਾਵਾ ਨੇ ਵਾਅਦਾ ਕੀਤਾ ਕਿ ਉਹ ਸਰੀ ਦੀ ਆਵਾਜ਼ ਨੂੰ ਖੇਤਰੀ ਮੇਜ਼ ‘ਤੇ ਮਜ਼ਬੂਤੀ ਨਾਲ ਰੱਖਣਗੇ ਤਾਂ ਜੋ ਪ੍ਰਬੰਧਕੀ ਗਲਤੀਆਂ ਦਾ ਖਰਚਾ ਆਮ ਨਾਗਰਿਕਾਂ ਦੀ ਜੇਬ ਵਿੱਚੋਂ ਨਾ ਕੱਢਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਰੀ ਦੇ ਵਸਨੀਕ ਕੋਈ ਵਿਸ਼ੇਸ਼ ਸਹੂਲਤ ਨਹੀਂ ਸਗੋਂ ਸਿਰਫ਼ ਇਨਸਾਫ਼, ਜਵਾਬਦੇਹੀ ਅਤੇ ਘੱਟ ਬਿੱਲਾਂ ਦੀ ਮੰਗ ਕਰ ਰਹੇ ਹਨ। ਉਹਨਾਂ ਅਨੁਸਾਰ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸ਼ਹਿਰ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਜੋ ਟੈਕਸਦਾਤਾਵਾਂ ਦੇ ਪੈਸੇ ਦੀ ਸਹੀ ਵਰਤੋਂ ਕਰ ਸਕੇ। ਇਸ ਚੋਣ ਵਾਅਦੇ ਨੇ ਸਰੀ ਦੀਆਂ ਮਿਉਂਸਪਲ ਚੋਣਾਂ ਵਿੱਚ ਆਰਥਿਕ ਰਾਹਤ ਦੇ ਮੁੱਦੇ ਨੂੰ ਸਭ ਤੋਂ ਉੱਪਰ ਲੈ ਆਂਦਾ ਹੈ ਅਤੇ ਹੁਣ ਦੇਖਣਾ ਹੋਵੇਗਾ ਕਿ ਵੋਟਰ ਇਸ ‘ਤੇ ਕਿਵੇਂ ਪ੍ਰਤੀਕਿਰਿਆ ਦਿੰਦੇ ਹਨ। ਪਾਰਦਰਸ਼ੀ ਬਿਲਿੰਗ ਅਤੇ ਮੁਫ਼ਤ ਮੀਟਰ ਸਰੀ ਦੇ ਹਰ ਘਰ ਲਈ ਇੱਕ ਵੱਡੀ ਰਾਹਤ ਸਾਬਤ ਹੋ ਸਕਦੇ ਹਨ। This report was written by Ekjot Singh as part of the Local Journalism Initiative.

ਰੁਝਾਨ ਖਬਰਾਂ