11.4 C
Vancouver
Saturday, May 9, 2026

ਲੈਂਗਲੀ ਦੇ ਆਰ.ਈ. ਮਾਊਂਟੇਨ ਸੈਕੰਡਰੀ ਸਕੂਲ ਵਿੱਚ 300 ਨਵੀਆਂ ਸੀਟਾਂ ਦਾ ਹੋਵੇਗਾ ਵਾਧਾ

ਸਰੀ, (ਏਕਜੋਤ ਸਿੰਘ): ਲੈਂਗਲੀ ਦੇ ਵਿਲੋਬੀ ਇਲਾਕੇ ਵਿੱਚ ਤੇਜ਼ੀ ਨਾਲ ਵਧ ਰਹੀ ਵਿਦਿਆਰਥੀਆਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਸੂਬਾ ਸਰਕਾਰ ਨੇ ਆਰ.ਈ. ਮਾਊਂਟੇਨ ਸੈਕੰਡਰੀ ਸਕੂਲ ਦੇ ਵਿਸਤਾਰ ਲਈ ਇੱਕ ਵੱਡੇ ਪ੍ਰੋਜੈਕਟ ਦਾ ਐਲਾਨ ਕੀਤਾ ਹੈ। ਇਸ ਯੋਜਨਾ ਤਹਿਤ ਸਕੂਲ ਵਿੱਚ 300 ਨਵੀਆਂ ਸੀਟਾਂ ਦਾ ਵਾਧਾ ਕੀਤਾ ਜਾਵੇਗਾ ਤਾਂ ਜੋ ਇਲਾਕੇ ਦੇ ਪਰਿਵਾਰਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਬਿਹਤਰ ਵਿਦਿਅਕ ਸਹੂਲਤਾਂ ਮਿਲ ਸਕਣ। ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਇਨਫਰਾਸਟਰਕਚਰ ਮੰਤਰੀ ਬੋਵਿਨ ਮਾ ਨੇ ਕਿਹਾ ਕਿ ਲੈਂਗਲੀ ਵਿੱਚ ਨਵੇਂ ਸਕੂਲੀ ਸਥਾਨਾਂ ਵਿੱਚ ਨਿਵੇਸ਼ ਕਰਨ ਦਾ ਮਤਲਬ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਕੋਲ ਪੜ੍ਹਾਈ ਲਈ ਆਧੁਨਿਕ ਕਲਾਸਰੂਮ ਮੌਜੂਦ ਹੋਣਗੇ। ਉਹਨਾਂ ਅਨੁਸਾਰ ਇਹ ਵਿਸਤਾਰ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਈਚਾਰੇ ਦੀਆਂ ਲੋੜਾਂ ਨੂੰ ਪੂਰਾ ਕਰਨ ਵੱਲ ਇੱਕ ਅਹਿਮ ਕਦਮ ਹੈ।
ਇਸ ਪ੍ਰੋਜੈਕਟ ਉੱਤੇ ਸੂਬਾ ਸਰਕਾਰ ਲਗਭਗ 42 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਸਿੱਖਿਆ ਅਤੇ ਬਾਲ ਦੇਖਭਾਲ ਮੰਤਰੀ ਲੀਜ਼ਾ ਬੀਅਰ ਨੇ ਦੱਸਿਆ ਕਿ ਇਹ ਤਿੰਨ ਮੰਜ਼ਿਲਾ ਨਵੀਂ ਇਮਾਰਤ ਨਾ ਸਿਰਫ਼ ਸੀਟਾਂ ਦੀ ਘਾਟ ਨੂੰ ਪੂਰਾ ਕਰੇਗੀ ਸਗੋਂ ਵਿਦਿਆਰਥੀਆਂ ਨੂੰ ਵਿਕਾਸ ਦੇ ਨਵੇਂ ਮੌਕੇ ਵੀ ਪ੍ਰਦਾਨ ਕਰੇਗੀ। ਇਸ ਵਿੱਚ 7 ਸਧਾਰਨ ਕਲਾਸਰੂਮਾਂ ਦੇ ਨਾਲ-ਨਾਲ ਵਿਸ਼ੇਸ਼ ਸਿੱਖਿਆ ਲਈ ਅਲੱਗ ਥਾਂ ਤਿਆਰ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੀਡੀਆ ਅਤੇ ਤਕਨਾਲੋਜੀ ਰੂਮ, ਆਰਟ ਰੂਮ, ਕੁਲਿਨਰੀ ਲੈਬ ਅਤੇ ਕੰਪਿਊਟਰ ਰੂਮ ਵਰਗੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਤਾਂ ਜੋ ਵਿਦਿਆਰਥੀ ਆਪਣੀ ਪਸੰਦ ਦੇ ਵਿਸ਼ਿਆਂ ਜਿਵੇਂ ਕਿ ਖਾਣਾ ਬਣਾਉਣ ਅਤੇ ਕਲਾ ਵਿੱਚ ਮਹਾਰਤ ਹਾਸਲ ਕਰ ਸਕਣ।
ਵਾਤਾਵਰਣ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਇਸ ਨਵੀਂ ਇਮਾਰਤ ਨੂੰ ਅਜਿਹੇ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨਾਲ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ 82 ਫੀਸਦੀ ਤੱਕ ਦੀ ਕਮੀ ਆਵੇਗੀ। ਸਕੂਲ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਚਾਰਜਿੰਗ ਲਈ ਵਿਸ਼ੇਸ਼ ਪਾਰਕਿੰਗ ਸਪਾਟ ਅਤੇ ਬੱਚਿਆਂ ਨੂੰ ਛੱਡਣ ਤੇ ਲੈ ਕੇ ਜਾਣ ਲਈ ਇੱਕ ਅਲੱਗ ਖੇਤਰ ਵੀ ਬਣਾਇਆ ਜਾਵੇਗਾ। ਲੈਂਗਲੀ ਬੋਰਡ ਆਫ ਐਜੂਕੇਸ਼ਨ ਦੀ ਚੇਅਰ ਕੈਂਡੀ ਐਸ਼ਡਾਊਨ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਦਾਖਲੇ ਦੇ ਵਧ ਰਹੇ ਦਬਾਅ ਨੂੰ ਘੱਟ ਕਰਨ ਵਿੱਚ ਮਦਦ ਮਿਲੇਗੀ ਅਤੇ ਬੱਚਿਆਂ ਨੂੰ ਇੱਕ ਸੁਰੱਖਿਅਤ ਤੇ ਸਕਾਰਾਤਮਕ ਮਾਹੌਲ ਮਿਲੇਗਾ।
ਇਸ ਵਿਸਤਾਰ ਦਾ ਕੰਮ ਗਰਮੀਆਂ 2027 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਹ 2028 ਦੇ ਅੰਤ ਤੱਕ ਵਿਦਿਆਰਥੀਆਂ ਲਈ ਤਿਆਰ ਹੋ ਜਾਵੇਗਾ। ਜ਼ਿਕਰਯੋਗ ਹੈ ਕਿ ਸਾਲ 2017 ਤੋਂ ਹੁਣ ਤੱਕ ਸਰਕਾਰ ਲੈਂਗਲੀ ਵਿੱਚ ਸਿੱਖਿਆ ਦੇ ਖੇਤਰ ਵਿੱਚ 640 ਮਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਚੁੱਕੀ ਹੈ। ਇਸ ਤਹਿਤ ਸਮਿਥ ਸੈਕੰਡਰੀ ਅਤੇ ਸਮਿਥ ਮਿਡਲ ਸਕੂਲ ਵਰਗੇ ਵੱਡੇ ਪ੍ਰੋਜੈਕਟ ਵੀ ਸ਼ਾਮਲ ਹਨ ਜੋ 2027 ਵਿੱਚ ਖੁੱਲ੍ਹਣਗੇ। ਪਿਛਲੇ ਸਾਲ ਸਤੰਬਰ 2025 ਵਿੱਚ ਵੀ ਜੋਸੈਟ ਡੈਂਡੂਰੰਡ ਐਲੀਮੈਂਟਰੀ ਸਮੇਤ ਕਈ ਹੋਰ ਸਕੂਲਾਂ ਵਿੱਚ ਸੀਟਾਂ ਦਾ ਵਾਧਾ ਕੀਤਾ ਗਿਆ ਸੀ ਤਾਂ ਜੋ ਲੈਂਗਲੀ ਦੇ ਵਧ ਰਹੇ ਵਿਦਿਅਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਸਕੇ।

ਰੁਝਾਨ ਖਬਰਾਂ