ਅੰਮ੍ਰਿਤਸਰ: ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵੱਲੋਂ ਇੱਕ ਅਹਿਮ ਫੈਸਲਾ ਲੈਂਦਿਆਂ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੂੰ ਜਥੇ ਵਿੱਚੋਂ ਅਣਮਿੱਥੇ ਸਮੇਂ ਲਈ ਤੁਰੰਤ ਪ੍ਰਭਾਵ ਨਾਲ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਪੰਜ ਸਿੰਘਾਂ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਅਤੇ ਜਥੇ ਦੀ ਪੁਰਾਤਨ ਮਰਯਾਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ਾਂ ਤਹਿਤ ਕੀਤੀ ਗਈ ਹੈ। ਜਥੇ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਸਿੱਖ ਪੰਥ ਵਿੱਚ ਪੰਜ ਸਿੰਘਾਂ ਦੇ ਆਦੇਸ਼ਾਂ ਨੂੰ ਸਿਰ ਮੱਥੇ ਰੱਖ ਕੇ ਮੰਨਿਆ ਜਾਂਦਾ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਪੰਥਕ ਮਰਯਾਦਾ ਅਨੁਸਾਰ ਸਖ਼ਤ ਕਾਰਵਾਈ ਕਰਨਾ ਲਾਜ਼ਮੀ ਹੈ।
ਇਹ ਸਾਰਾ ਵਿਵਾਦ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਮੌਕੇ ਤੋਂ ਸ਼ੁਰੂ ਹੋਇਆ ਸੀ। ਉੱਥੇ ਸਾਲਾਨਾ ਸਮਾਗਮ ਦੌਰਾਨ ਪੰਜ ਸਿੰਘਾਂ ਨੇ ਮਾਈਕ ਦੀ ਵਰਤੋਂ ਕਰਕੇ ਕੀਰਤਨ ਕਰਨ ਵਾਲੇ ਸਿੰਘਾਂ ਅਤੇ ਸਿੰਘਣੀਆਂ ‘ਤੇ ਸਖ਼ਤੀ ਕਰਦਿਆਂ ਉਹਨਾਂ ਦੀ ਕੀਰਤਨੀ ਹਾਜ਼ਰੀ ‘ਤੇ ਰੋਕ ਲਗਾ ਦਿੱਤੀ ਸੀ। ਇਸ ਆਦੇਸ਼ ਦੀ ਪਾਲਣਾ ਕਰਦਿਆਂ ਸ੍ਰੀ ਪਾਉਂਟਾ ਸਾਹਿਬ ਅਤੇ ਮੋਗਾ ਦੇ ਜਥਿਆਂ ਨੇ ਵੀ ਪੁਰਾਤਨ ਨਿਸ਼ਕਾਮ ਕੀਰਤਨ ਮਰਯਾਦਾ ਨੂੰ ਬਹਾਲ ਰੱਖਣ ਦਾ ਫੈਸਲਾ ਕੀਤਾ ਸੀ, ਜਿਸ ਦਾ ਸੰਗਤਾਂ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ ਸੀ। ਹਾਲਾਂਕਿ, ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ 1978 ਦੇ ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਗਏ ਸਾਲਾਨਾ ਸਮਾਗਮ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ।
ਦੋਸ਼ ਹੈ ਕਿ ਗੁਰਦੁਆਰਾ ਰਾਮਸਰ ਸਾਹਿਬ ਵਿਖੇ ਚੱਲ ਰਹੇ ਸ਼ਾਮ ਦੇ ਕੀਰਤਨੀ ਦੀਵਾਨ ਵਿੱਚ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਪੰਜ ਸਿੰਘਾਂ ਦੇ ਹੁਕਮਾਂ ਨੂੰ ਅਣਗੌਲਿਆਂ ਕਰਦਿਆਂ ਜ਼ਬਰਦਸਤੀ ਕੀਰਤਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉੱਥੇ ਮੌਜੂਦ ਸੰਗਤ ਨੇ ਇਸ ਦਾ ਭਾਰੀ ਵਿਰੋਧ ਕੀਤਾ, ਜਿਸ ਕਾਰਨ ਚੱਲ ਰਹੇ ਅਨੰਦਮਈ ਕੀਰਤਨ ਦਰਬਾਰ ਵਿੱਚ ਵਿਘਨ ਪੈ ਗਿਆ। ਜਥੇ ਦੀ ਕਮੇਟੀ ਅਨੁਸਾਰ ਇਸ ਘਟਨਾ ਨਾਲ ਅਖੰਡ ਕੀਰਤਨੀ ਜਥੇ ਦੀ ਸ਼ਾਖ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਕਮੇਟੀ ਨੇ ਸੰਗਤਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਉਹ ਭਾਈ ਕਾਨਪੁਰੀ ਨਾਲ ਕਿਸੇ ਕਿਸਮ ਦੀ ਸਾਂਝ ਨਾ ਰੱਖਣ।
ਇਸ ਤੋਂ ਇਲਾਵਾ ਜਥੇ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੋ ਸਿੰਘ ਭਾਈ ਮਨਪ੍ਰੀਤ ਸਿੰਘ ਦੇ ਨਾਲ ਆਏ ਸਨ ਜਾਂ ਉਹਨਾਂ ਦੇ ਸਮਰਥਨ ਵਿੱਚ ਉੱਥੇ ਬੈਠੇ ਸਨ, ਉਹਨਾਂ ਦੀ ਵੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਉਹਨਾਂ ਵਿਰੁੱਧ ਵੀ ਜਥੇ ਦੀ ਮਰਯਾਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਉਹਨਾਂ ਨੂੰ ਵੀ ਪੰਜ ਸਿੰਘਾਂ ਦੇ ਆਦੇਸ਼ਾਂ ਦੀ ਜਾਣਕਾਰੀ ਸੀ। ਕਮੇਟੀ ਦਾ ਮੰਨਣਾ ਹੈ ਕਿ ਇਹ ਉਲੰਘਣਾ ਜਾਣਬੁੱਝ ਕੇ ਕੀਤੀ ਗਈ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਅਖੰਡ ਕੀਰਤਨੀ ਜਥੇ ਵੱਲੋਂ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਅਣਮਿੱਥੇ ਸਮੇਂ ਲਈ ਬਰਖ਼ਾਸਤ

